ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਇਨ੍ਹਾਂ ਪਰਿਵਾਰਾਂ ਨੂੰ ਬਿਪਤਾ ’ਚ ਪਾ ਦਿੱਤਾ ਹੈ। ਕਿਉਂਕਿ ਬਾਲਿਆਂ ਵਾਲੀਆਂ ਛੱਤਾਂ ਦਾ ਤਾਂ ਬੁਰਾ ਹਾਲ ਹੋ ਚੁੱਕਾ ਹੈ
ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ, ਝਬਾਲ : ਇਕ ਪਾਸੇ ਦਰਿਆਵਾਂ ’ਚ ਆਏ ਹੜ੍ਹਾਂ ਦੇ ਪਾਣੀ ਨਾਲ ਲੋਕਾਂ ਦੇ ਘਰ ਤੇ ਮਾਲ ਡੰਗਰ ਰੁੜ੍ਹ ਜਾਣ ਕਰ ਕੇ ਪੰਜਾਬ ’ਚ ਹਾਹਾਕਾਰ ਮਚੀ ਹੋਈ ਹੈ, ਉੱਥੇ ਹੀ ਪਾਣੀ ਦੇ ਵਹਾਅ ਨਾਲ ਵੱਡੇ ਪੱਧਰ ’ਤੇ ਲੋਕਾਂ ਦੇ ਰੁੜ੍ਹ ਜਾਣ ਨਾਲ ਜਾਨੀ ਨੁਕਸਾਨ ਵੀ ਹੋ ਚੁੱਕਾ ਹੈ। ਉੱਥੇ ਹੀ ਦੂਸਰੇ ਪਾਸੇ ਜਿਨ੍ਹਾਂ ਥਾਵਾਂ ’ਤੇ ਦਰਿਆਵਾਂ ਦੇ ਪਾਣੀ ਦੀ ਮਾਰ ਨਹੀਂ ਪਈ ਤੇ ਲੋਕ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚੇ ਹਨ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਜਾ ਕੇ ਪੀੜਤਾਂ ਦੀ ਮਦਦ ਕਰ ਰਹੇ ਹਨ। ਪਰ ਨਾਲ ਹੀ ਇਨ੍ਹਾਂ ਇਲਾਕਿਆਂ ’ਚ ਰਹਿੰਦੇ ਉਹ ਲੋਕ ਵੀ ਹਨ, ਜਿਨ੍ਹਾਂ ਦੇ ਕੱਚੇ ਘਰਾਂ ’ਤੇ ਲਗਾਤਾਰ ਮੀਂਹ ਆਫਤ ਬਣ ਕੇ ਵਰ੍ਹ ਰਿਹਾ ਹੈ। ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਨੇ ਇਨ੍ਹਾਂ ਪਰਿਵਾਰਾਂ ਨੂੰ ਬਿਪਤਾ ’ਚ ਪਾ ਦਿੱਤਾ ਹੈ। ਕਿਉਂਕਿ ਬਾਲਿਆਂ ਵਾਲੀਆਂ ਛੱਤਾਂ ਦਾ ਤਾਂ ਬੁਰਾ ਹਾਲ ਹੋ ਚੁੱਕਾ ਹੈ ਤੇ ਲੋਕ ਲਾਚਾਰ ਹੋਏ ਛੱਤਾਂ ’ਤੇ ਤਰਪਾਲਾਂ ਪਾ ਕੇ ਸਾਰੀ-ਸਾਰੀ ਰਾਤ ਜਾਗ ਕੇ ਲੰਘਾ ਰਹੇ ਹਨ। ਜਦੋਂਕਿ ਛੱਤਾਂ ਦੇ ਚੋਣ ਕਰ ਕੇ ਲੋਕਾਂ ਦਾ ਸਾਮਾਨ ਵੀ ਖ਼ਰਾਬ ਹੋ ਰਿਹਾ ਹੈ। ਇੰਨਾ ਹੀ ਨਹੀਂ ਬਾਲਿਆਂ ਵਾਲੇ ਕੋਠੇ ਡਿੱਗਣੇ ਵੀ ਸ਼ੁਰੂ ਹੋ ਗਏ ਹਨ। ਹਲਾਤ ਤਾਂ ਇਹ ਬਣੇ ਹੋਏ ਹਨ ਕਿ ਹੁਣ ਲਗਾਤਾਰ ਮੀਂਹ ਦੇ ਕਾਰਨ ਲੋਕਾਂ ਦੇ ਲੈਂਟਰ ਤੱਕ ਵੀ ਚੋਣ ਲੱਗੇ ਹਨ। ਜਿਸ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਜੇਕਰ ਕੁਝ ਦਿਨ ਹੋਰ ਇਸੇ ਤਰ੍ਹਾਂ ਦੀ ਬਾਰਿਸ਼ ਹੁੰਦੀ ਰਹੀ ਤਾਂ ਲੋਕਾਂ ਦੇ ਪੱਕੇ ਮਕਾਨ ਵੀ ਚੋਣ ਲੱਗ ਪੈਣਗੇ। ਇਸ ਤੋਂ ਇਲਾਵਾ ਲਗਾਤਾਰ ਬਾਰਿਸ਼ ਨੇ ਪਿੰਡਾਂ ਤੇ ਸ਼ਹਿਰਾਂ ਦੀਆਂ ਸੜਕਾਂ ’ਤੇ ਵੀ ਪਾਣੀ ਹੀ ਪਾਣੀ ਕਰ ਦਿੱਤਾ ਹੈ। ਜਿਸ ਨਾਲ ਸੜਕਾਂ ਵੀ ਟੁੱਟਣ ਲੱਗ ਪਈਆਂ ਹਨ। ਲੋਕ ਪਾਣੀ ’ਚੋਂ ਲੰਘਣ ਲਈ ਮਜਬੂਰ ਹੋਏ ਪਏ ਹਨ। ਕੁਝ ਵੀ ਹੋਵੇ ਹੁਣ ਤਾਂ ਲਗਾਤਾਰ ਹੋ ਰਹੀ ਬਰਸਾਤ ਨੇ ਉੱਚੇ ਥਾਵਾਂ ’ਤੇ ਰਹਿੰਦੇ ਲੋਕਾਂ ਦੀਆਂ ਚਿੰਤਾਵਾਂ ਵੀ ਵਧਾ ਦਿੱਤੀਆਂ ਹਨ।