ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਵੱਲੋਂ ਪ੍ਰਦਰਸ਼ਨ
ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਨੇ ਕੀਤਾ ਪ੍ਰਦਰਸ਼ਨ
Publish Date: Wed, 20 May 2026 04:54 PM (IST)
Updated Date: Thu, 21 May 2026 04:02 AM (IST)

ਵਿਧਾਇਕ ਹਰਮੀਤ ਸਿੰਘ ਸੰਧੂ ਦੀ ਰਿਹਾਇਸ਼ ’ਤੇ ਪੁੱਜ ਕੇ ਸੌਂਪਿਆ ਮੰਗ ਪੱਤਰ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਰੋਡਵੇਜ਼, ਪਨਬੱਸ, ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਨੇ ਸੂਬਾ ਕਮੇਟੀ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ ਤੋਂ ਬਾਅਦ ਸੂਬੇ ਦੇ ਡਿਪੂਆਂ ਵਿਚ ਰੋਸ ਪ੍ਰਦਰਸ਼ਨ ਕਰਨ ਦੇ ਦਿੱਤੇ ਸੱਦੇ ਦੇ ਤਹਿਤ ਤਰਨਤਾਰਨ ਡਿਪੂ ਕਮੇਟੀ ਨੇ ਸਥਾਨਕ ਬੱਸ ਅੱਡੇ ’ਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਜਦੋਂਕਿ ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਦੀ ਰਿਹਾਇਸ਼ ’ਤੇ ਪਹੁੰਚ ਮੰਗ ਪੱਤਰ ਵੀ ਸੌਂਪਿਆ। ਜੋ ਸੰਧੂ ਦੇ ਨੁਮਾਇੰਦੇ ਵਜੋਂ ਨਗਰ ਕੌਂਸਲ ਤਰਨਤਾਰਨ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਖੇੜਾ ਨੇ ਪ੍ਰਾਪਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਡਿਪੂ ਪ੍ਰਧਾਨ ਰਣਜੀਤ ਸਿੰਘ, ਸੈਕਟਰੀ ਅਵਤਾਰ ਸਿੰਘ, ਸੀਨੀਅਰ ਮੀਤ ਪ੍ਰਧਾਨ ਬਲਜੀਤ ਸਿੰਘ, ਕੈਸ਼ੀਅਰ ਲਵਪ੍ਰੀਤ ਸਿੰਘ, ਅੰਗਰੇਜ਼ ਸਿੰਘ, ਬਲਜਿੰਦਰ ਸਿੰਘ, ਕੁਲਵਿੰਦਰ ਸਿੰਘ, ਗੁਰਮੇਲ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਦੀ ਕੋਈ ਮੰਗ ਸਰਕਾਰ ਨੇ ਹੱਲ ਨਹੀਂ ਕੀਤੀ, ਜਿਸਦੇ ਚੱਲਦਿਆਂ ਉਨ੍ਹਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਨੇ ਕਿਹਾ ਕਿ ਆਸ ਕਰਦੇ ਹਾਂ ਕਿ ਸਰਕਾਰ ਸਮਾਂ ਰਹਿੰਦੀਆਂ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕਰੇਗੀ, ਤਾਂ ਜੋ 25, 26 ਤੇ 27 ਦੀ ਹੜਤਾਲ ਨਾਲ ਹੋਣ ਵਾਲੀ ਖੱਜਲ ਖੁਆਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਕਰਨ, ਜੇਲ੍ਹ ਭੇਜੇ ਸਾਥੀਆਂ ਨੂੰ ਰਿਹਾਅ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ ਅਤੇ ਕਿਲੋਮੀਟਰ ਸਕੀਮ ਵਾਲੀਆਂ ਬੱਸਾਂ ਬੰਦ ਕਰਨ ਵਾਲੀਆਂ ਮੰਗਾਂ ਸਮੇਤ ਹੋਰ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਆਗੂਆਂ ਨੇ ਇਹ ਵੀ ਕਿਹਾ ਕਿ ਸਰਕਾਰੀ ਬੱਸਾਂ ਵਿਚ ਹਰ ਰੋਜ਼ 6 ਲੱਖ ਲੋਕ ਸਫ਼ਰ ਕਰਦੇ ਹਨ ਅਤੇ ਵਿਭਾਗ ਵਿਚ ਪ੍ਰਾਈਵੇਟ ਬੱਸਾਂ ਕਿਲੋਮੀਟਰ ਸਕੀਮ ਵਿਚ ਪਾ ਕੇ ਵਿਭਾਗ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਜਿਸਦਾ ਵਿਰੋਧ ਕਰਦੇ ਮੁਲਾਜ਼ਮਾਂ ’ਤੇ ਪਰਚਾ ਦਰਜ ਕਰਕੇ ਪੰਜ ਮਹੀਨਿਆਂ ਤੋਂ ਸੰਗਰੂਰ ਜੇਲ੍ਹ ਵਿਚ ਬੰਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੰਟਰੈਕਟ ਮੁਲਾਜ਼ਮਾਂ ਨੂੰ ਪੱਕੇ ਕਰਨ ਵਿਚ ਕੋਈ ਕਾਨੂੰਨੀ ਅੜਚਨ ਨਹੀਂ ਕਿਉਂਕਿ ਵਿਭਾਗ ਵਿਚ ਸੈਂਕਸ਼ਨ ਪੋਸਟਾਂ ਖਾਲ੍ਹੀ ਪਈਆਂ ਹਨ। ਪੱਕੇ ਕਰਨ ਨਾਲ ਸਰਕਾਰ ਨੂੰ ਮੁਨਾਫਾ ਹੀ ਹੋਵੇਗਾ ਨਾ ਕੇ ਨੁਕਸਾਨ। ਮੁਲਾਜ਼ਮਾਂ ਨੇ ਪੁਰਾਣੀਆਂ ਬੱਸਾਂ ਨਾਲ ਸਰਕਾਰੀ ਅੰਕੜਿਆਂ ਅਨੁਸਾਰ 2022 ਤੋਂ 25 ਤਕ ਪਿਛਲੇ ਚਾਰ ਸਾਲਾਂ ਦੇ ਮੁਕਾਬਲੇ 991.18 ਕਰੋੜ ਰੁਪਏ ਅਤੇ ਪੀਆਰਟੀਸੀ 1172.63 ਕਰੋੜ ਰੁਪਏ ਮੁਨਾਫੇ ਵਿਚ ਲਿਆਂਦੀ ਹੈ।