ਛੋਟਾ ਹਾਥੀ ਟੈਂਪੂ ਤੇ ਇਨੋਵਾ ਕਾਰ ’ਚ ਭਿਆਨ ਟੱਕਰ, ਦੋ ਜਣੇ ਗੰਭੀਰ ਜਖਮੀ
ਮੌਕੇ ’ਤੇ ਇੱਕਤਰ ਹੋਏ ਲੋਕਾਂ ਨੇ ਜ਼ਖ਼ਮੀ ਵਿਅਕਤੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾ ਦਿੱਤਾ।
Publish Date: Mon, 11 May 2026 07:44 PM (IST)
Updated Date: Tue, 12 May 2026 04:12 AM (IST)

ਧਾਰਮਿਕ ਡੇਰੇ ਨਾਲ ਸਬੰਧਤ ਦੱਸੀ ਜਾ ਰਹੀ ਹੈ ਇਨੋਵਾ ਕਾਰ, ਚਾਲਕ ਹਿਰਾਸਤ ’ਚ ਤੇਜਿੰਦਰ ਸਿੰਘ ਬੱਬੂ•,ਪੰਜਾਬੀ ਜਾਗਰਣ, ਝਬਾਲ : ਪਿੰਡ ਮੰਨਣ- ਲਾਲੂਘੁੰਮਣ ਮਾਰਗ ’ਤੇ ਸੋਮਵਾਰ ਨੂੰ ਛੋਟਾ ਹਾਥੀ ਟੈਂਪੂ ਤੇ ਧਾਰਮਿਕ ਡੇਰੇ ਨਾਲ ਸਬੰਧਤ ਦੱਸੀ ਜਾਂਦੀ ਇਨੋਵਾ ਕਾਰ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਛੋਟਾ ਹਾਥੀ ਚਾਲਕ ਤੇ ਉਸ ਦਾ ਇਕ ਹੋਰ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ । ਮੌਕੇ ’ਤੇ ਇੱਕਤਰ ਹੋਏ ਲੋਕਾਂ ਨੇ ਜ਼ਖ਼ਮੀ ਵਿਅਕਤੀਆਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾ ਦਿੱਤਾ। ਘਟਨਾ ਸਥਾਨ ’ਤੇ ਮੌਜੂਦ ਜਤਿੰਦਰ ਸਿੰਘ ਮੰਨਣ, ਕੁਲਦੀਪ ਸਿੰਘ ਜੌਹਲ ਅਤੇ ਚਮਕੌਰ ਸਿੰਘ ਲਾਲੂਘੁੰਮਣ ਨੇ ਦੱਸਿਆ ਕਿ ਅੰਮ੍ਰਿਤਸਰ ਵਿਖੇ ਸਥਿਤ ਸੰਧੂ ਡੇਅਰੀ ਵਾਲਿਆਂ ਦੇ ਕਰਮਚਾਰੀ ਗੁਰਮਨ ਸਿੰਘ ਅਤੇ ਪ੍ਰਭਦੀਪ ਸਿੰਘ ਰੋਜ਼ ਦੀ ਤਰ੍ਹਾਂ ਛੋਟਾ ਹਾਥੀ ਟੈਂਪੂ ਉੱਪਰ ਪਿੰਡ ਲਾਲੂਘੁੰਮਣ ਤੋਂ ਦੁੱਧ ਲੈਣ ਵਾਸਤੇ ਜਾ ਰਹੇ ਸੀ। ਜਦੋਂ ਉਹ ਪਿੰਡ ਮੰਨਣ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੀ ਇਨੋਵਾ ਗੱਡੀ ਬੇਕਾਬੂ ਹੋ ਕੇ ਛੋਟੇ ਹਾਥੀ ’ਚ ਆਣ ਵੱਜੀ। ਜਿਸ ਨਾਲ ਟੈਂਪੂ ਸਵਾਰ ਗੁਰਮਨ ਸਿੰਘ ਅਤੇ ਪ੍ਰਭਦੀਪ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਇਨੋਵਾ ਗੱਡੀ ’ਤੇ ਨੀਲੇ ਰੰਗ ਦਾ ਝੰਡਾ ਲੱਗਾ ਹੋਇਆ ਸੀ ਅਤੇ ਸ਼ੀਸ਼ਿਆਂ ਉੱਪਰ ਕਾਰ ਸੇਵਾ ਵੀ ਲਿਖਿਆ ਹੈ। ਜਦੋਂਕਿ ਗੱਡੀ ’ਚ ਉਗਰਾਹੀ ਵਾਲੀਆਂ ਪਰਚੀਆਂ ਪਈਆਂ ਹੋਈਆਂ ਸਨ। ਇਕੱਤਰ ਲੋਕਾਂ ਨੇ ਇਹ ਵੀ ਦੱਸਿਆ ਕਿ ਇਨੋਵਾ ’ਚੋਂ ਕਥਿਤ ਤੌਰ ’ਤੇ ਨਸ਼ੇ ਲਈ ਵਰਤੀ ਜਾਣ ਪੰਨੀ ਵੀ ਮਿਲੀ ਹੈ, ਜੋ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰ ਰਹੀ ਹੈ। ਹਾਲਾਂਕਿ ਮੌਕੇ ’ਤੇ ਪੁੱਜੀ ਥਾਣਾ ਝਬਾਲ ਦੀ ਪੁਲਿਸ ਨੇ ਪੰਨੀ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ। ਜਦੋਂਕਿ ਇਨੋਵਾ ਚਾਲਕ ਗੁਰਜੰਟ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਕਾਜ਼ੀਕੋਟ ਨੂੰ ਹਿਰਾਸਤ ’ਚ ਲੈ ਲਿਆ, ਜਿਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਉਹ ਦਿਹਾੜੀ ’ਤੇ ਧਾਰਮਿਕ ਡੇਰੇ ਦੀ ਗੱਡੀ ਚਲਾਉਂਦਾ ਹੈ।