ਬਾਬਾ ਬੀਰ ਸਿੰਘ ਸ਼ਹੀਦ ਜੀ ਦੀ ਯਾਦ ਨੂੰ ਸਮਰਪਿਤ ਪਿੰਡ ਸੂਰਵਿੰਡ ’ਚ ਕਰਵਾਏ ਧਾਰਮਿਕ ਮੁਕਾਬਲੇ
ਦਸਤਾਰ ਦੁਮਾਲਾ ਮੁਕਾਬਲੇ ਦੇ ਦੋ ਗਰੁੱਪ ਤੇ ਸੁੰਦਰ ਲਿਖਾਈ ਮੁਕਾਬਲੇ ਦੇ ਦੋ ਗਰੁੱਪ ਬਣਾ ਕੇ ਇਹ ਮੁਕਾਬਲੇ ਕਰਵਾਏ ਗਏ
Publish Date: Sat, 09 May 2026 04:15 PM (IST)
Updated Date: Sun, 10 May 2026 04:03 AM (IST)

ਰਾਜਨ ਚੋਪੜਾ•,ਪੰਜਾਬੀ ਜਾਗਰਣ, ਭਿੱਖੀਵਿੰਡ : ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈੱਲਫੇਅਰ ਸੁਸਾਇਟੀ ਰਜਿਸਟਰ ਵੱਲੋਂ 18ਵੀਂ ਸਦੀ ਦੇ ਸੰਤ ਸਿਪਾਹੀ ਬਾਬਾ ਬੀਰ ਸਿੰਘ ਜੀ ਸ਼ਹੀਦ ਦੀ ਸਾਲਾਨਾ ਯਾਦ ਨੂੰ ਸਮਰਪਿਤ ਗੁਰਦੁਆਰਾ ਬਾਬਾ ਬੀਰ ਸਿੰਘ ਜੀ ਪਿੰਡ ਸੂਰਵਿੰਡ ਵਿਖੇ ਸ਼ਾਮ ਨੂੰ ਬੱਚਿਆਂ ਦੇ ਦਸਤਾਰ ਦੁਮਾਲਾ ਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਜਿਸ ’ਚ ਇਲਾਕੇ ਦੇ ਆਸ-ਪਾਸ ਦੀਆਂ ਸੰਗਤਾਂ ਤੇ ਬੱਚਿਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਦਸਤਾਰ ਦੁਮਾਲਾ ਮੁਕਾਬਲੇ ਦੇ ਦੋ ਗਰੁੱਪ ਤੇ ਸੁੰਦਰ ਲਿਖਾਈ ਮੁਕਾਬਲੇ ਦੇ ਦੋ ਗਰੁੱਪ ਬਣਾ ਕੇ ਇਹ ਮੁਕਾਬਲੇ ਕਰਵਾਏ ਗਏ। ਹਰੇਕ ਗਰੁੱਪ ਵਿੱਚੋਂ ਪਹਿਲੇ, ਦੂਸਰੇ ਤੇ ਤੀਸਰੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਬਾਬਾ ਸੂਰਾ ਜੀ ਸੇਵਾ ਸੁਸਾਇਟੀ ਸੂਰਵਿੰਡ ਵੱਲੋਂ ਸ਼ੀਲਡਾਂ ਅਤੇ ਬਾਕੀ ਸਭਨਾਂ ਬੱਚਿਆਂ ਨੂੰ ਹੌਸਲਾ ਵਧਾਊ ਮੈਡਲ ਤੇ ਧਾਰਮਿਕ ਸਾਹਿਤ ਦੇ ਕੇ ਸਨਮਾਨਿਤ ਕੀਤਾ ਗਿਆ। ਮੁਕਾਬਲੇ ਵਿਚ ਸੁਸਾਇਟੀ ਵੱਲੋਂ ਉਚੇਚੇ ਤੌਰ ’ਤੇ ਪਹੁੰਚੇ ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਮੀਤ ਸਕੱਤਰ ਭਾਈ ਹਰਚਰਨ ਸਿੰਘ ਉਬੋਕੇ ਤੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਬੱਚਿਆਂ ਦੇ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਾਬਾ ਬੀਰ ਸਿੰਘ ਜੀ ਇਕ ਐਸੀ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਬੜਾ ਲੰਮਾ ਸਮਾਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ’ਚ ਮੁੱਖ ਜਰਨੈਲਾਂ ਦੇ ਰੂਪ ’ਚ ਭੂਮਿਕਾ ਨਿਭਾਈ। ਸਿੱਖ ਰਾਜ ਬਣਦਾ ਵੀ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਜਦੋਂ ਆਪਣੇ ਸਾਹਮਣੇ ਉਸ ਰਾਜ ਦਾ ਸੂਰਜ ਡੁੱਬਦਾ ਹੋਇਆ ਡਿੱਠਾ ਤਾਂ ਵਧੇਰੇ ਚਿੰਤਤ ਹੋ ਗਏ। ਸਿੱਖ ਵਿਰੋਧੀ ਫੌਜਾਂ ਨੇ ਉਨ੍ਹਾਂ ਦੇ ਡੇਰੇ ’ਤੇ ਹਮਲਾ ਕਰ ਦਿੱਤਾ, ਪਰ ਉਨ੍ਹਾਂ ਨੇ ਸ਼ਾਂਤਮਈ ਤਰੀਕੇ ਨਾਲ ਰਹਿੰਦਿਆਂ ਹੋਇਆਂ ਇਸ ਸਾਰੇ ਜ਼ੁਲਮ ਨੂੰ ਆਪਣੇ ਪਿੰਡੇ ’ਤੇ ਹੰਡਾਇਆ ਤੇ ਆਪਣੀ ਜ਼ਿੰਦਗੀ ਕੌਮ ਦੇ ਲੇਖੇ ਲਾ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਾਬਾ ਜੀ ਦੇ ਜੀਵਨ ਤੋਂ ਅਜੋਕੇ ਸਿੱਖ ਸਮਾਜ, ਪਰਿਵਾਰਾਂ ਨੂੰ ਸੇਧ ਲੈਣ ਦੀ ਲੋੜ ਹੈ। ਉਨ੍ਹਾਂ ਨੇ ਭਰਾ ਮਾਰੂ ਜੰਗ ’ਚ ਪੈਣ ਦੀ ਜਗ੍ਹਾ ਆਪਣਾ ਆਪ ਕੌਮ ਦੇ ਲੇਖੇ ਲਾ ਦਿੱਤਾ। ਦਸਤਾਰ ਦੁਮਾਲਾ ਮੁਕਾਬਲੇ ’ਚ ਜੱਜਮੈਂਟ ਦੀ ਭੂਮਿਕਾ ਹਰਮਨਦੀਪ ਸਿੰਘ ਤੇ ਗਗਨਦੀਪ ਸਿੰਘ ਭਿੱਖੀਵਿੰਡ ਦਸਤਾਰ ਕੋਚਾਂ ਨੇ ਨਿਭਾਈ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਣਜੀਤ ਸਿੰਘ ਅਤੇ ਬਾਬਾ ਸੂਰਾ ਜੀ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਕਸ਼ਮੀਰ ਸਿੰਘ ਨੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਭਵਿੱਖ ’ਚ ਇਹੋ ਜਿਹੇ ਕਾਰਜਾਂ ਲਈ ਹਰੇਕ ਪੱਖ ਤੋਂ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਉਨ੍ਹਾਂ ਵੱਲੋਂ ਸੁਸਾਇਟੀ ਦੇ ਮੈਂਬਰਾਂ ਦਾ ਗੁਰੂ ਦੀ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ। ਸੁਸਾਇਟੀ ਦੇ ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਪ੍ਰਧਾਨ ਭਾਈ ਸੰਤੋਖ ਸਿੰਘ ਪੱਟੀ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਖ਼ਜ਼ਾਨਚੀ ਭਾਈ ਗੁਰਜੰਟ ਸਿੰਘ ਭਿੱਖੀਵਿੰਡ, ਦਸਤਾਰ ਕੁਆਡੀਨੇਟਰ ਹਰਜੀਤ ਸਿੰਘ ਲਹਿਰੀ ਤੇ ਹਰਪ੍ਰੀਤ ਸਿੰਘ ਪੱਟੀ ਵੱਲੋਂ ਕਿਹਾ ਗਿਆ ਕਿ ਇਹੋ ਜਿਹੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਧਾਈ ਦੀਆਂ ਪਾਤਰ ਹਨ। ਜਿਹੜੀਆਂ ਬੱਚਿਆਂ ਨੂੰ ਜੋੜਨ ਦੇ ਲਈ ਕੀਤੇ ਜਾ ਰਹੇ ਕਾਰਜਾਂ ’ਚ ਸਹਿਯੋਗ ਕਰਦੀਆਂ ਹਨ ਤੇ ਇਹੋ ਜਿਹੇ ਪ੍ਰੋਗਰਾਮਾਂ ਨੂੰ ਸਫ਼ਲ ਬਣਾਉਣ ’ਚ ਭੂਮਿਕਾ ਨਿਭਾਉਂਦੀਆਂ ਹਨ। ਸੁਸਾਇਟੀ ਵੱਲੋਂ ਪਿਛਲੇ ਸਾਲ ਤੇ ਸਹਿਜ ਪਾਠ ਸੇਵਾ ਸੁਸਾਇਟੀ ਵੱਲੋਂ ਕਰਵਾਏ ਗਏ ਅੰਮ੍ਰਿਤ ਸੰਚਾਰ ਸਮਾਗਮਾਂ ’ਚ ਨਗਰ ਦੇ ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਨ ਵਾਲੇ ਪ੍ਰਾਣੀਆਂ ਦਾ ਸੁਸਾਇਟੀ ਵੱਲੋਂ ਗੁਰੂ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ ਤੇ ਨਾਲ ਹੀ ਸਹਿਯੋਗ ਦੇਣ ਵਾਲੀਆਂ ਸ਼ਖ਼ਸੀਅਤਾਂ ਨੂੰ ਸ਼ੀਲਡਾਂ ਤੇ ਧਾਰਮਿਕ ਸਾਹਿਤ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਆਕਾਸ਼ਦੀਪ ਸਿੰਘ, ਵਜੀਰ ਸਿੰਘ ਆਸਲ, ਸੁਖਵਿੰਦਰ ਸਿੰਘ ਖਾਲੜਾ, ਹੁਸਨਦੀਪ ਸਿੰਘ, ਸੁਖਮਨਦੀਪ ਸਿੰਘ, ਰਣਬੀਰ ਸਿੰਘ ਵੀਰਮ ਅਤੇ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ ’ਚ ਹਾਜ਼ਰ ਸਨ।