2014 ਤੋਂ ਪਾਰਟੀ ਲਈ ਮਿਹਨਤ ਕਰਨ ਵਾਲੇ ਰਣਜੀਤ ਸਿੰਘ ਚੀਮਾ ਨੂੰ ਮਿਲੇ ਬਣਦਾ ਸਨਮਾਨ : ਸਰਬਦੀਪ ਢਿੱਲੋਂ

ਕੇਪੀ ਗਿੱਲ•,ਪੰਜਾਬੀ ਜਾਗਰਣ, ਕੈਰੋਂ : ਪੱਟੀ ਹਲਕੇ ’ਚ ਆਮ ਆਦਮੀ ਪਾਰਟੀ ਦੀ ਨੀਂਹ ਮਜ਼ਬੂਤ ਕਰਨ ਵਾਲਿਆਂ ’ਚ ਰਣਜੀਤ ਸਿੰਘ ਚੀਮਾ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। 2014 ’ਚ ਜਦੋਂ ਪਾਰਟੀ ਦਾ ਪੰਜਾਬ ’ਚ ਕੋਈ ਵੱਡਾ ਆਧਾਰ ਨਹੀਂ ਸੀ ਤੇ ਪੱਟੀ ਹਲਕੇ ’ਚ ਆਮ ਆਦਮੀ ਪਾਰਟੀ ਦਾ ਨਾਮ ਲੈਣ ਵਾਲੇ ਵੀ ਗਿਣਤੀ ਦੇ ਲੋਕ ਹੁੰਦੇ ਸਨ, ਉਸ ਸਮੇਂ ਰਣਜੀਤ ਸਿੰਘ ਚੀਮਾ ਨੇ ਪਾਰਟੀ ਦਾ ਝੰਡਾ ਚੁੱਕ ਕੇ ਪਿੰਡ-ਪਿੰਡ ਤੇ ਘਰ-ਘਰ ਜਾ ਕੇ ਲੋਕਾਂ ਨੂੰ ਪਾਰਟੀ ਦੀ ਵਿਚਾਰਧਾਰਾ ਨਾਲ ਜੋੜਨ ਲਈ ਦਿਨ-ਰਾਤ ਮਿਹਨਤ ਕੀਤੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਬਦੀਪ ਸਿੰਘ ਢਿੱਲੋਂ ਕੈਰੋਂ ਨੇ ਰਣਜੀਤ ਸਿੰਘ ਚੀਮਾ ਦੇ ਹੱਕ ’ਚ ਆਵਾਜ਼ ਬੁਲੰਦ ਕਰਦਿਆਂ ਕੀਤਾ । ਢਿੱਲੋਂ ਨੇ ਕਿਹਾ ਕਿ 2014 ਵੇਲੇ ਚੀਮਾ ਦਾ ਕੈਟਲ ਫੀਡ ਦਾ ਚੰਗਾ ਕਾਰੋਬਾਰ ਸੀ, ਪਰ ਪਾਰਟੀ ਨੂੰ ਮਜ਼ਬੂਤ ਕਰਨ ਦੀ ਲਗਨ ’ਚ ਉਨ੍ਹਾਂ ਨੇ ਆਪਣੇ ਕਾਰੋਬਾਰ ਦੀ ਵੀ ਪਰਵਾਹ ਨਹੀਂ ਕੀਤੀ। ਪਾਰਟੀ ਲਈ ਲਗਾਤਾਰ ਸਮਾਂ ਦੇਣ ਕਾਰਨ ਉਨ੍ਹਾਂ ਨੂੰ ਕਾਰੋਬਾਰ ’ਚ ਵੱਡਾ ਨੁਕਸਾਨ ਝੱਲਣਾ ਪਿਆ ਪਰ ਇਸ ਦੇ ਬਾਵਜੂਦ ਉਹ ਪਾਰਟੀ ਨਾਲ ਡਟ ਕੇ ਖੜ੍ਹੇ ਰਹੇ। 2017 ਦੀਆਂ ਵਿਧਾਨ ਸਭਾ ਚੋਣਾਂ ’ਚ ਚੀਮਾ ਨੇ ਪੱਟੀ ਹਲਕੇ ਤੋਂ ਚੋਣ ਲੜੀ ਤੇ ਸ਼ੁਰੂਆਤੀ ਦੌਰ ’ਚ ਹੀ ਕਰੀਬ 18 ਹਜ਼ਾਰ 500 ਵੋਟਾਂ ਹਾਸਿਲ ਕਰ ਕੇ ਪਾਰਟੀ ਦੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ। ਇਹ ਵੋਟਾਂ ਲੋਕਾਂ ਦੇ ਚੀਮਾ ਪ੍ਰਤੀ ਭਰੋਸੇ ਤੇ ਉਨ੍ਹਾਂ ਦੀ ਸਾਫ-ਸੁਥਰੀ ਛਵੀਂ ਦਾ ਨਤੀਜਾ ਸਨ।