‘ਆਪ’ ਸਰਕਾਰ ਕਰ ਰਹੀ ਗੈਂਗਸਟਰਵਾਦ ਦੀ ਪੁਸ਼ਤ ਪਨਾਹੀ : ਰਾਜਬੀਰ ਭੁੱਲਰ
ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਗੈਂਗਸਟਰਵਾਦ ਦੀ ਪੁਸ਼ਤ ਪਨਾਹੀ - ਰਾਜਬੀਰ ਭੁੱਲਰ
Publish Date: Wed, 20 May 2026 05:43 PM (IST)
Updated Date: Thu, 21 May 2026 04:04 AM (IST)

ਕਿਹਾ- ਪੰਜਾਬ ਦਾ ਦੁਕਾਨਦਾਰ, ਵਪਾਰੀ, ਮੁਲਾਜ਼ਮ ਹਰੇਕ ਵਰਗ ਸਰਕਾਰ ਤੋਂ ਦੁਖੀ, ਜੇਕਰ ਅਜੇ ਵੀ ਨਾ ਸੰਭਲੇ ਤਾਂ ਪੰਜਾਬ ਫ਼ਿਰ ਤੋਂ ਭੋਗੇਗਾ ਅੱਤਵਾਦ ਵਾਂਗ ਸੰਤਾਪ ਪੱਤਰ ਪ੍ਰਰੇਕ•, ਪੰਜਾਬੀ ਜਾਗਰਣ, ਤਰਨਤਾਰਨ : ਇਨਕਲਾਬ ਦੇ ਨਾਅਰੇ ਲਗਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਸਵਾ ਚਾਰ ਸਾਲ ਦੇ ਕਾਰਜਕਾਲ ਵਿਚ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਉਣ ਦੀ ਬਜਾਏ ਪੰਜਾਬ ਵਿਚ ਜੰਗਲ ਰਾਜ ਬਣਾ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਤਰਨਤਾਰਨ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਇਕ ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਹਾਲਾਤ ਲਗਾਤਾਰ ਬਦ ਤੋਂ ਬਦਤਰ ਬਣ ਰਹੇ ਹਨ ਕਿਉਂਕਿ ਸੂਬੇ ਵਿਚ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਹੈ ਅਤੇ ਸ਼ਰੇਆਮ ਲੋਕਾਂ ਨੂੰ ਧਮਕਾਇਆ ਜਾ ਰਿਹਾ ਹੈ। ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਵੱਲੋਂ ਆਏ ਦਿਨ ਦੁਕਾਨਦਾਰਾਂ, ਵਪਾਰੀਆਂ ਅਤੇ ਕਾਰੋਬਾਰੀਆਂ ਕੋਲੋਂ ਫ਼ਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿਚ ਗੈਂਗਸਟਰਵਾਦ ਦਾ ਬੇਤਹਾਸ਼ਾ ਵਾਧਾ ਹੋਇਆ ਹੈ ਅਤੇ ਆਪ ਸਰਕਾਰ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਅੱਤਵਾਦ ਦਾ ਕਾਲਾ ਦੌਰ ਆਪਣੇ ਪਿੰਡੇ ਉੱਤੇ ਹੰਢਾ ਚੁੱਕਾ ਹੈ ਪ੍ਰੰਤੂ ਹੁਣ ਗੈਂਗਸਟਰਵਾਦ ਦੀ ਹਨੇਰੀ ਬੜੀ ਬੁਰੀ ਤਰ੍ਹਾਂ ਪੰਜਾਬ ਦਾ ਨੁਕਸਾਨ ਕਰ ਰਹੀ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੈਂਗਸਟਰਵਾਦ ਦੇ ਵਿਰੁੱਧ ਇਕਜੁੱਟ ਹੋਣ ਕਿਉਂਕਿ ਜੇਕਰ ਅਜੇ ਵੀ ਮੌਕਾ ਨਾ ਸੰਭਾਲਿਆ ਤਾਂ ਪੰਜਾਬ ਨੂੰ ਇਕ ਵਾਰ ਫਿਰ ਤੋਂ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ। ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਰੇਆਮ ਗੈਂਗਸਟਰਾਂ ਦੀ ਪਿੱਠ ਥਾਪੜ ਰਹੀ ਹੈ, ਤਾਂ ਜੋ ਅਗਾਮੀ ਚੋਣਾਂ ਵਿਚ ਗੈਂਗਸਟਰਾਂ ਦੀ ਮਦਦ ਨਾਲ ਲੋਕਾਂ ਨੂੰ ਧਮਕਾ ਕੇ ਵੋਟਾਂ ਪਵਾਈਆਂ ਜਾ ਸਕਣ ਪਰ ਪੰਜਾਬ ਦੇ ਜੁਝਾਰੂ ਲੋਕ ਆਮ ਆਦਮੀ ਪਾਰਟੀ ਨੂੰ ਇਸ ਧੱਕੇਸ਼ਾਹੀ ਦਾ ਜਵਾਬ ਜ਼ਰੂਰ ਦੇਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਕਾਂਗਰਸ ਕਮੇਟੀ ਤਰਨਤਾਰਨ ਦੇ ਪ੍ਰਧਾਨ ਪ੍ਰਦੀਪ ਸਿੰਘ ਕੋਟ ਦਸੰਧੀ ਮੱਲ, ਹੈਪੀ ਬਾਲੇ ਚੱਕ ਸਾਬਕਾ ਸਰਪੰਚ, ਗੁਰਜੀਤ ਸਿੰਘ ਸਾਬਕਾ ਸਰਪੰਚ ਮੁਰਾਦਪੁਰਾ, ਸਾਹਿਬ ਸਿੰਘ ਸਾਬਕਾ ਸਰਪੰਚ ਮੁਰਾਦਪੁਰਾ, ਸੁਖਜੀਤ ਸਿੰਘ ਸਪੋਕਸਪ੍ਰਸਨ, ਅੰਗਰੇਜ਼ ਸਿੰਘ ਖੱਬੇ ਏਬੀਟੀਸੀ ਟਰਾਂਸਪੋਰਟ ਵਾਲੇ, ਹੀਰਾ ਸਿੰਘ ਮੱਲ੍ਹੀ, ਪ੍ਰਗਟ ਸਿੰਘ ਜਨਰਲ ਸਕੱਤਰ, ਗੁਰਵਿੰਦਰ ਸਿੰਘ ਬੌਬੀ ਤਖਤੂਚੱਕ ਆਦਿ ਹਾਜ਼ਰ ਸਨ।