ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਸਰਪੰਚ ਹਰਬਰਿੰਦਰ ਸਿੰਘ ਕਤਲ ਮਾਮਲੇ 'ਚ ਦੋ ਹੋਰ ਦੋਸ਼ੀ ਪੁਲਿਸ ਮੁਕਾਬਲੇ 'ਚ ਜ਼ਖ਼ਮੀ
ਪੁਲਿਸ ਵੱਲੋਂ ਬਚਾਅ ਲਈ ਚਲਾਈ ਗੋਲੀ ਦੇ ਚੱਲਦਿਆਂ ਇਕ ਬਾਈਕ ’ਤੇ ਸਵਾਰ ਦੋ ਜਣੇ ਜ਼ਖਮੀ ਹੋ ਗਏ। ਜਦੋਂ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਜ਼ਖ਼ਮੀਆਂ ਵਿਚ ਇਕ ਦੀ ਪਛਾਣ ਗੁਰਦੇਵ ਸਿੰਘ ਬਾਵਾ ਤੇ ਦੂਜੇ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ।
Publish Date: Wed, 04 Mar 2026 01:17 PM (IST)
Updated Date: Wed, 04 Mar 2026 01:20 PM (IST)
ਪੰਜਾਬੀ ਜਾਗਰਣ ਟੀਮ, ਤਰਨਤਾਰਨ, ਪੱਟੀ : ਤਰਨਤਾਰਨ ਦੇ ਸਿੱਧੂ ਫਾਰਮ ਵਿਚ ਵਿਆਹ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਠੱਠੀਆਂ ਮਹੰਤਾਂ ਤੋਂ ਸਰਪੰਚ ਹਰਬਰਿੰਦਰ ਸਿੰਘ ਨੂੰ ਕਤਲ ਕਰਨ ਵਾਲੇ ਲੋੜੀਂਦੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਉਕਤ ਦੋਵੇਂ ਜਣੇ ਦੁਵੱਲੀ ਗੋਲੀਬਾਰੀ ਦੌਰਾਨ ਜ਼ਖ਼ਮੀ ਹੋ ਗਏ।
ਮੌਕੇ ’ਤੇ ਪੁੱਜੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ 18 ਫਰਵਰੀ ਨੂੰ ਤਰਨਤਾਰਨ ਦੇ ਸਿੱਧੂ ਫਾਰਮ ਵਿਚ ਚੱਲਦੇ ਵਿਆਹ ਸਮਾਗਮ ਦੌਰਾਨ ਸਰਪੰਚ ਹਰਬਰਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਕਾਤਲਾਂ ਨੂੰ ਫੜ੍ਹਨ ਲਈ ਪੂਰੀ ਸਰਗਰਮੀ ਨਾਲ ਜੁਟੀ ਹੋਈ ਸੀ। ਇਸੇ ਦੌਰਾਨ ਥਾਣਾ ਸਦਰ ਪੱਟੀ ਦੀ ਪੁਲਿਸ ਸੂਚਨਾ ਦੇ ਅਧਾਰ ’ਤੇ ਦੋ ਸ਼ੱਕੀਆਂ ਨੂੰ ਵੇਖਿਆ। ਜਦੋਂ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਉਨ੍ਹਾਂ ਨੇ ਪੁਲਿਸ ਉੱਪਰ ਫਾਇਰਿੰਗ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ।
ਪੁਲਿਸ ਵੱਲੋਂ ਬਚਾਅ ਲਈ ਚਲਾਈ ਗੋਲੀ ਦੇ ਚੱਲਦਿਆਂ ਇਕ ਬਾਈਕ ’ਤੇ ਸਵਾਰ ਦੋ ਜਣੇ ਜ਼ਖਮੀ ਹੋ ਗਏ। ਜਦੋਂ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਸਾਹਮਣੇ ਆਇਆ ਕਿ ਜ਼ਖ਼ਮੀਆਂ ਵਿਚ ਇਕ ਦੀ ਪਛਾਣ ਗੁਰਦੇਵ ਸਿੰਘ ਬਾਵਾ ਤੇ ਦੂਜੇ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਉਨ੍ਹਾਂ ਕੋਲੋਂ ਇਕ ਏਕੇ 47 ਤੇ ਇਕ ਪਿਸਟਲ ਦੇ ਨਾਲ ਜ਼ਿੰਦਾ ਕਾਰਤੂਸ ਮੌਕੇ ਤੋਂ ਬਰਾਮਦ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਕਤਲ ਮਾਮਲੇ ਵਿਚ 4 ਮੁੱਖ ਸ਼ੂਟਰ ਤੇ ਹੋਰ ਦੋਸ਼ੀਆਂ ਸਮੇਤ ਕੁੱਲ 11 ਦੋਸ਼ੀ ਗ੍ਰਿਫਤਾਰ ਕਰ ਲਏ ਗਏ ਹਨ। ਇਨ੍ਹਾਂ ਦੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।