ਤਰਨਤਾਰਨ 'ਚ ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਆਤਮਹੱਤਿਆ, ਯੂਨੀਵਰਸਿਟੀ ਪ੍ਰਬੰਧਕਾਂ 'ਤੇ ਲੱਗੇ ਦੋਸ਼; ਪੁਲਿਸ ਨੇ ਫੋਨ ਚੈਟ ਕਬਜ਼ੇ 'ਚ ਲਈ
ਅਮਰੀਕ ਸਿੰਘ ਨੇ ਆਪਣੀ ਪਤਨੀ ਬਲਜੀਤ ਕੌਰ ਦੀ ਮੌਜੂਦਗੀ 'ਚ ਦੱਸਿਆ ਕਿ ਉਨ੍ਹਾਂ ਦੀ 21 ਸਾਲਾ ਬੇਟੀ ਖੁਸ਼ਪ੍ਰੀਤ ਕੌਰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਸ੍ਰੀ ਗੋਇੰਦਵਾਲ ਸਾਹਿਬ 'ਚ ਬੀਐੱਸਸੀ ਨਰਸਿੰਗ (ਤੀਜੇ ਸਮੈਸਟਰ) ਦੀ ਪੜ੍ਹਾਈ ਕਰ ਰਹੀ ਸੀ। ਕੁਝ ਮਹੀਨਿਆਂ ਤੋਂ ਯੂਨੀਵਰਸਿਟੀ ਦੇ ਕੁਝ ਪ੍ਰਬੰਧਕ ਉਸ ਨੂੰ ਪਰੇਸ਼ਾਨ ਕਰ ਰਹੇ ਸਨ।
Publish Date: Fri, 20 Feb 2026 12:47 PM (IST)
Updated Date: Fri, 20 Feb 2026 01:49 PM (IST)
ਜਾਗਰਣ ਸੰਵਾਦਦਾਤਾ, ਤਰਨਤਾਰਨ : ਬਾਬਾ ਫ਼ਰੀਦ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੀਐੱਸਸੀ ਨਰਸਿੰਗ ਕਰ ਰਹੀ ਵਿਦਿਆਰਥਣ ਖੁਸ਼ਪ੍ਰੀਤ ਕੌਰ (21) ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਧੂਰਕੋਟ ਦੇ ਰਹਿਣ ਵਾਲੇ ਅਮਰੀਕ ਸਿੰਘ ਦੀ ਬੇਟੀ ਖੁਸ਼ਪ੍ਰੀਤ ਕੌਰ ਨੇ ਕੁਝ ਦਿਨ ਪਹਿਲਾਂ ਆਪਣੇ ਪਰਿਵਾਰ ਵਾਲਿਆਂ ਨੂੰ ਦੱਸਿਆ ਸੀ ਕਿ ਯੂਨੀਵਰਸਿਟੀ ਦੇ ਪ੍ਰਬੰਧਕ ਉਸ ਨੂੰ ਕੁਝ ਸਮੇਂ ਤੋਂ ਪਰੇਸ਼ਾਨ ਕਰ ਰਹੇ ਹਨ। ਇਸ ਸਬੰਧੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਖੁਸ਼ਪ੍ਰੀਤ ਕੌਰ ਦੇ ਮੋਬਾਈਲ ਦੀ ਚੈਟਿੰਗ (Chating) ਵੀ ਕਬਜ਼ੇ ਵਿੱਚ ਲੈ ਲਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।
ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਦੇ ਮੁਰਦਾਘਰ ਦੇ ਬਾਹਰ ਅਮਰੀਕ ਸਿੰਘ ਨੇ ਆਪਣੀ ਪਤਨੀ ਬਲਜੀਤ ਕੌਰ ਦੀ ਮੌਜੂਦਗੀ 'ਚ ਦੱਸਿਆ ਕਿ ਉਨ੍ਹਾਂ ਦੀ 21 ਸਾਲਾ ਬੇਟੀ ਖੁਸ਼ਪ੍ਰੀਤ ਕੌਰ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਸ੍ਰੀ ਗੋਇੰਦਵਾਲ ਸਾਹਿਬ 'ਚ ਬੀਐੱਸਸੀ ਨਰਸਿੰਗ (ਤੀਜੇ ਸਮੈਸਟਰ) ਦੀ ਪੜ੍ਹਾਈ ਕਰ ਰਹੀ ਸੀ। ਕੁਝ ਮਹੀਨਿਆਂ ਤੋਂ ਯੂਨੀਵਰਸਿਟੀ ਦੇ ਕੁਝ ਪ੍ਰਬੰਧਕ ਉਸ ਨੂੰ ਪਰੇਸ਼ਾਨ ਕਰ ਰਹੇ ਸਨ।
ਖੁਸ਼ਪ੍ਰੀਤ ਕੌਰ ਨੇ ਇਸ ਪਰੇਸ਼ਾਨੀ ਬਾਰੇ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਜਾਣੂ ਕਰਵਾਇਆ ਸੀ। ਉਸ ਨੇ ਬਾਕਾਇਦਾ ਪ੍ਰਿੰਸੀਪਲ ਨੂੰ ਵੀ ਸ਼ਿਕਾਇਤ ਕੀਤੀ ਸੀ, ਪਰ ਸਬੰਧਤ ਅਧਿਆਪਕ ਤੇ ਹੋਰ ਵਿਦਿਆਰਥੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਵੀਰਵਾਰ ਨੂੰ ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਆਪਣੇ ਕਮਰੇ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ। ਅਮਰੀਕ ਸਿੰਘ ਅਤੇ ਬਲਜੀਤ ਕੌਰ ਨੇ ਦੋਸ਼ ਲਾਇਆ ਕਿ ਖੁਸ਼ਪ੍ਰੀਤ ਕੌਰ ਨੇ ਉਨ੍ਹਾਂ ਨੂੰ ਮੋਬਾਈਲ 'ਤੇ ਚੈਟ ਕਰ ਕੇ ਪਰੇਸ਼ਾਨੀ ਬਾਰੇ ਸਾਰੀ ਜਾਣਕਾਰੀ ਦਿੱਤੀ ਸੀ। ਉਕਤ ਚੈਟ ਪੁਲਿਸ ਨੂੰ ਸੌਂਪ ਦਿੱਤੀ ਗਈ ਹੈ। ਸਬ ਡਵੀਜ਼ਨ ਗੋਇੰਦਵਾਲ ਸਾਹਿਬ ਦੇ ਡੀਐੱਸਪੀ ਅਤੁਲ ਸੋਨੀ ਨੇ ਦੱਸਿਆ ਕਿ ਡਿਊਟੀ ਅਫ਼ਸਰ ਨਿਸ਼ਾਨ ਸਿੰਘ ਨੇ ਵਾਰਸਾਂ ਦੇ ਬਿਆਨ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ।