ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ : ਚਾਨਣ ਸਿੰਘ
ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ - ਚਾਨਣ ਸਿੰਘ
Publish Date: Tue, 28 Apr 2026 04:33 PM (IST)
Updated Date: Wed, 29 Apr 2026 04:02 AM (IST)
ਸਤਨਾਮ ਸਿੰਘ ਚੀਮਾ,•ਪੰਜਾਬੀ ਜਾਗਰਣ, ਘਰਿਆਲਾ : ਅੱਤ ਦੀ ਪੈ ਰਹੀ ਗਰਮੀ ’ਚ ਬਿਜਲੀ ਦੇ ਲੰਬੇ ਕੱਟਾਂ ਕਾਰਨ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਇਹ ਪ੍ਰਗਟਾਵਾ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਮੁੱਖ ਆਗੂ ਪ੍ਰਧਾਨ ਚਾਨਣ ਸਿੰਘ ਬੰਗਲਾ ਰਾਏ ਨੇ ਕਿਹਾ ਕਿ ਇਕ ਤਾਂ ਅੱਤ ਦੀ ਗਰਮੀ ਪੈ ਰਹੀ ਹੈ ਤੇ ਉੱਤੋਂ ਸਰਕਾਰ ਢੁਕਵੇਂ ਪ੍ਰਬੰਧ ਕਰਨ ਦੀ ਬਜਾਏ ਲੰਬੇ ਕੱਟ ਲਾ ਰਹੀ ਹੈ। ਜਿਸ ਕਾਰਨ ਹਰੇਕ ਵਰਗ ਪ੍ਰਭਾਵਿਤ ਹੋ ਰਿਹਾ ਹੈ ਤੇ ਖਾਸਕਰ ਮਿਡਲ ਕਲਾਸ ਵਿਅਕਤੀ ਤੇ ਮਜ਼ਦੂਰ ਵਰਗ ਜੋ ਇਨਵਰਟਰ, ਜਨਰੇਟਰ ਲਾਉਣ ਤੋਂ ਅਸਮੱਰਥ ਹੈ, ਨੂੰ ਸਭ ਤੋਂ ਵੱਧ ਭੁਗਤਣਾ ਪੈ ਰਿਹਾ ਹੈ।
ਉਹ ਸਾਰਾ ਦਿਨ ਕੰਮ ਕਾਰ ਕਰ ਕੇ ਰਾਤ ਨੂੰ ਕੁਝ ਘੰਟੇ ਥਕਾਣ ਦੂਰ ਕਰਨ ਲਈ ਅਰਾਮ ਕਰਦੇ ਹਨ। ਪਰ ਬਿਜਲੀ ਦੇ ਇਹ ਲੰਬੇ ਕੱਟਾਂ ਕਾਰਨ ਉਨ੍ਹਾਂ ਦਾ ਜਨ ਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ ਤੇ ਅੱਤ ਦੀ ਪੈ ਰਹੀ ਗਰਮੀ ਕਾਰਨ ਬੱਚੇ ਤੇ ਬਜ਼ੁਰਗ ਬਿਮਾਰ ਵੀ ਹੋ ਰਹੇ ਹਨ। ਪ੍ਰਧਾਨ ਚਾਨਣ ਸਿੰਘ ਬੰਗਲਾ ਰਾਏ ਨੇ ਕਿਹਾ ਸਰਕਾਰ ਦਾਅਵੇ ਕਰਦੀ ਹੈ ਕਿ ਪੰਜਾਬ ਸੂਬਾ ਬਿਜਲੀ ਦਾ ਸਰਪਲੱਸ ਸੂਬਾ ਹੈ, ਪਰ ਹਕੀਕਤ ’ਚ ਲੰਬੇ ਕੱਟ ਲਾ ਕੇ ਸੂਬੇ ਦੇ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ।
ਪ੍ਰਧਾਨ ਚਾਨਣ ਸਿੰਘ ਬੰਗਲਾ ਰਾਏ ਨੇ ਸਰਕਾਰ ਨੂੰ ਤਿੱਖੇ ਸ਼ਬਦਾਂ ’ਚ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਬਿਜਲੀ ਦੇ ਕੱਟਾਂ ਨੂੰ ਬੰਦ ਕਰੇ ਨਹੀਂ ਤਾਂ ਜਥੇਬੰਦੀਆਂ ਨੂੰ ਮਜਬੂਰਨ ਸੰਘਰਸ਼ ਵਿੱਢਣਾ ਪਵੇਗਾ, ਜਿਸ ਦੀ ਸਿੱਧੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।