ਬਿਜਲੀ ਕੱਟਾਂ ਨੂੰ ਲੈ ਕੇ ਅਕਾਲੀ ਦਲ ਦੇ ਧਰਨੇ ਅਰਥਹੀਣ ਤੇ ਬੇਲੋੜੇ : ਔਲਖ
‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਜਿੱਥੇ 90 ਫ਼ੀਸਦੀ ਲੋਕਾਂ ਨੂੰ ਬਿਜਲੀ ਮੁਫ਼ਤ ਮਿਲ ਰਹੀ ਹੈ, ਉੱਥੇ ਕਿਸਾਨਾਂ ਨੂੰ ਵੀ ਬਿਜਲੀ ਨਿਰਵਿਘਨ ਮਿਲਦੀ ਰਹੀ ਹੈ
Publish Date: Sun, 03 May 2026 05:29 PM (IST)
Updated Date: Mon, 04 May 2026 04:09 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੇ ਆਪਣੇ ਕਾਰਜਕਾਲ ਦੌਰਾਨ ਕੋਈ ਅਜਿਹਾ ਮੁੱਦਾ ਨਹੀਂ ਛੱਡਿਆ ਜਿਸ ਨੂੰ ਲੈ ਕੇ ਵਿਰੋਧੀ ਦਲ ਕੁਝ ਬੋਲ ਸਕਣ। ਪਰ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਰਾਜ ਦੌਰਾਨ ਬਿਜਲੀ ਦੇ ਭਾਰੀ ਕੱਟ ਲੱਗਦੇ ਰਹੇ, ਵੱਲੋਂ ਬਿਜਲੀ ਕੱਟਾਂ ਖ਼ਿਲਾਫ਼ ਲਾਇਆ ਧਰਨਾ ਬੇਲੋੜਾ ਤੇ ਅਰਥਹੀਣ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸ਼ਨ ਦੇ ਡਾਇਰੈਕਟਰ ਗੁਰਸੇਵਕ ਸਿੰਘ ਔਲਖ ਨੇ ਕਰਦਿਆਂ ਕਿਹਾ, ਕਿ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਜਿੱਥੇ 90 ਫ਼ੀਸਦੀ ਲੋਕਾਂ ਨੂੰ ਬਿਜਲੀ ਮੁਫ਼ਤ ਮਿਲ ਰਹੀ ਹੈ, ਉੱਥੇ ਕਿਸਾਨਾਂ ਨੂੰ ਵੀ ਬਿਜਲੀ ਨਿਰਵਿਘਨ ਮਿਲਦੀ ਰਹੀ ਹੈ। ਜਦੋਂਕਿ ਇਸ ਦੇ ਨਾਲ-ਨਾਲ ਨਹਿਰੀ ਪਾਣੀ ਵੀ ਕਿਸਾਨਾਂ ਨੂੰ ਮਿਲਦਾ ਰਿਹਾ। ਔਲਖ ਨੇ ਕਿਹਾ ਕਿ ਕਣਕ ਦੀ ਫ਼ਸਲ ਪੱਕਣ ਤੋਂ ਬਾਅਦ ਕੇਵਲ 10-12 ਦਿਨ ਦੇ ਵਕਤ ਬਿਜਲੀ ਦੇ ਕੱਟ ਇਸ ਲਈ ਲੱਗੇ ਕਿ ਦਿਨ ਵੇਲੇ ਬਿਜਲੀ ਦੇ ਚੰਗਿਆੜੇ ਕਣਕ ’ਚ ਨਾ ਪੈਣ। ਪਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਇੱਕੋ ਗੱਲ ਨੂੰ ਲੈ ਕੇ ਹੱਲਾ ਮਚਾਉਣਾ ਸ਼ੁਰੂ ਕਰ ਦਿੱਤਾ। ‘ਆਪ’ ਆਗੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਹਰੇਕ ਵਰਗਾਂ ਨੂੰ ਬਣਦੀਆਂ ਸਹੂਲਤਾਂ ਦੇ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਹੈ, ਪਿਛਲੇ 40 ਸਾਲਾਂ ਤੋਂ ਨਹਿਰੀ ਪਾਣੀ ਬੰਦ ਪਿਆ ਸੀ। ਜਿਸ ਨੂੰ ਕਿਸਾਨਾਂ ਦੇ ਖੇਤਾਂ ਤਕ ਪਹੁੰਚਾਉਣ ਦਾ ਜਿੰਮਾ ਭਗਵੰਤ ਮਾਨ ਨੇ ਲਿਆ ਤੇ ਉਹ ਵੀ ਜ਼ਮੀਨ ਦੋਜ਼ ਪਾਈਪਾਂ ਰਾਹੀ, ਤਾਂ ਜੋ ਪਾਣੀ ਜਾਇਆ ਨਾ ਜਾਵੇ। ਔਲਖ ਨੇ ਕਿਹਾ ਕਿ ਕੌਣ ਨਹੀਂ ਜਾਣਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਸਮੇਂ ਸਰਕਾਰੀ ਜਾਇਦਾਦਾਂ ਨੂੰ ਪ੍ਰਾਈਵੇਟ ਹੱਥਾਂ ’ਚ ਕੌਡੀਆਂ ਦੇ ਭਾਅ ਵੇਚਿਆ ਗਿਆ। ਜਦਕਿ ‘ਆਪ’ ਸਰਕਾਰ ਨੇ ਸ੍ਰੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਨੂੰ ਨਿੱਜੀ ਹੱਥਾਂ ’ਚੋਂ ਕੱਢ ਕੇ ਸਰਕਾਰੀ ਜਾਇਦਾਦ ਬਣਾਇਆ। ਔਲਖ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੁਰਮਾਨ ਨੂੰ ਸਾਜ਼ਿਸ਼ ਕਰਾਰ ਦੇ ਰਿਹਾ ਹੈ, ਦਾ ਹੁਣ ਲੋਕਾਂ ’ਚ ਖੜ੍ਹਨਾ ਔਖਾ ਹੋ ਰਿਹਾ ਹੈ। ਪੰਜਾਬ ਦੀ ਜਨਤਾ ਮੁੱਖ ਮੰਤਰੀ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ। ਜਿਸ ਦਾ ਸਬੂਤ ਲੋਕ ਵਿਧਾਨ ਸਭਾ ਚੋਣਾਂ ’ਚ ਭਲੀ ਭਾਂਤ ਦੇ ਦੇਣਗੇ।