ਜਨਗਣਨਾ 2027 ਤਹਿਤ ਜ਼ਿਲ੍ਹੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਕੀਤੀ ਸਵੈ-ਗਣਨਾ
ਹਰੇਕ ਨਾਗਰਿਕ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਜਨਗਣਨਾ ਪੋਰਟਲ ’ਤੇ ਆਪਣੀ ਗਣਨਾ ਆਪ ਕਰ ਸਕਦਾ ਹੈ।
Publish Date: Sun, 03 May 2026 04:58 PM (IST)
Updated Date: Mon, 04 May 2026 04:08 AM (IST)

ਸਟਾਫ਼ ਰਿਪੋਰਟਰ•,ਪੰਜਾਬੀ ਜਾਗਰਣ, ਤਰਨਤਾਰਨ : ਜਨਗਣਨਾ-2027 ਤਹਿਤ ਤਰਨਤਾਰਨ ਜ਼ਿਲ੍ਹੇ ’ਚ ਸਵੈ-ਗਣਨਾ ਪ੍ਰਕਿਰਿਆ ਜ਼ੋਰਾਂ ਤੇ ਚੱਲ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਉਪ ਅਰਥ ਤੇ ਅੰਕੜਾ ਸਲਾਹਕਾਰ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਜਨਗਣਨਾ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਕਿ ਇਹ ਜਨਗਣਨਾ ਡਿਜ਼ੀਟਲ ਤਰੀਕੇ ਨਾਲ ਕੀਤੀ ਜਾ ਰਹੀ ਹੈ ਤੇ ਹਰੇਕ ਨਾਗਰਿਕ ਨੂੰ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਜਨਗਣਨਾ ਪੋਰਟਲ ’ਤੇ ਆਪਣੀ ਗਣਨਾ ਆਪ ਕਰ ਸਕਦਾ ਹੈ। ਜਨਗਣਨਾ ਵਿਭਾਗ ਵੱਲੋਂ ਇਸ ਸਬੰਧੀ 14 ਮਈ ਤਕ ਪੋਰਟਲ ਖੋਲ੍ਹਿਆ ਗਿਆ ਹੈ। ਕੋਈ ਵੀ ਨਾਗਰਿਕ ਇਸ ਪੋਰਟਲ ਤੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦੇ ਹੋਏ ਆਪਣੇ ਤੇ ਆਪਣੇ ਪਰਿਵਾਰ ਸਮੇਤ ਹੋਰ ਸਹੂਲਤਾਂ ਆਦਿ ਦੀ ਜਾਣਕਾਰੀ ਸਬਮਿਟ ਕਰ ਸਕਦਾ ਹੈ, ਜਿਸ ਦਾ ਇਕ ਕੋਡ ਮੈਸੇਜ ਰਾਹੀਂ ਪ੍ਰਾਪਤ ਹੋਵੇਗਾ। ਇਹ ਕੋਡ 15 ਮਈ ਤੋਂ ਡੋਰ-ਟੂ-ਡੋਰ ਸ਼ੁਰੂ ਹੋਣ ਵਾਲੀ ਜਨਗਣਨਾ ਮੌਕੇ ਗਿਣਤੀਕਾਰ ਨੂੰ ਦੇਣਾ ਹੋਵੇਗਾ, ਤਾਂ ਜੋ ਉਹ ਕੀਤੀ ਗਈ ਸਵੈ-ਗਣਨਾ ਚੈੱਕ ਕਰ ਸਕੇ। ਇਸ ਸਬੰਧੀ ਸੈਂਸਜ਼ ਚਾਰਜ ਅਫ਼ਸਰ-ਕਮ-ਕਾਰਜ ਸਾਧਕ ਅਫ਼ਸਰ, ਨਗਰ ਕੌਂਸਲ ਪੱਟੀ ਧਰਮਪਾਲ ਸਿੰਘ ਅਤੇ ਵਧੀਕ ਸੈਂਸਜ਼ ਚਾਰਜ ਅਫ਼ਸਰ, ਨਗਰ ਕੌਂਸਲ ਪੱਟੀ ਜੁਗਰਾਜ ਸਿੰਘ ਨੇ ਦੱਸਿਆ ਕਿ ਇਸ ਤਹਿਤ ਜ਼ਿਲ੍ਹੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਵੱਲੋਂ ਆਪਣੀ ਸਵੈ-ਗਣਨਾ ਕੀਤੀ ਗਈ, ਜਿਨ੍ਹਾਂ ’ਚ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਹਿਲਵਾੜ, ਚੇਅਰਮੈਨ ਖਾਦੀ ਬੋਰਡ ਪੰਜਾਬ ਬਲਜੀਤ ਸਿੰਘ ਖੇੜਾ, ਚੇਅਰਮੈਨ ਪੰਜਾਬ ਰਾਜ ਗੋਦਾਮ ਨਿਗਮ ਗੁਰਦੇਵ ਸਿੰਘ ਲਾਖਣਾ, ਸੇਵਾ ਮੁਕਤ ਏਡੀਸੀ ਰਣਜੀਤ ਸਿੰਘ ਪੀਸੀਐੱਸ, ਸਿਵਲ ਸਰਜਨ ਤਰਨਤਾਰਨ ਗੁਰਪ੍ਰੀਤ ਸਿੰਘ ਰਾਏ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਸ਼ਾਮਿਲ ਸਨ। ਇਨ੍ਹਾਂ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਵਾਸੀਆਂ ਨੂੰ ਆਪਣੀ ਸਵੈ-ਗਣਨਾ ਕਰਨ ਦੀ ਅਪੀਲ ਕੀਤੀ ਗਈ।