ਪਾਵਰਕਾਮ ਦੇ ਕਰਮਚਾਰੀਆਂ ਸਾਂਝੇ ਤੌਰ ’ਤੇ ਕੀਤੀ ਰੋਸ ਰੈਲੀ
ਜੇਈ ਵੱਲੋਂ ਵਰਕ ਟੂ ਰੂਲ ਦਾ ਹਵਾਲਾ ਦੇ ਕੇ ਡਿਊਟੀ ਕਰਨ ਤੋਂ ਇਨਕਾਰ ਕਰਨ ’ਤੇ ਉਸ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ
Publish Date: Wed, 29 Apr 2026 06:10 PM (IST)
Updated Date: Thu, 30 Apr 2026 04:11 AM (IST)
ਸਰਬਜੀਤ ਸਿੰਘ ਛੀਨਾ, •ਪੰਜਾਬੀ ਜਾਗਰਣ, ਖਾਲੜਾ : ਉਪ ਮੰਡਲ ਖਾਲੜਾ ਦੇ 66 ਕੇਵੀ ਸਬ-ਸਟੇਸ਼ਨ ਨਾਰਲੀ ਵਿਖੇ ਸਾਂਝੇ ਫੋਰਮ ਦੇ ਸੱਦੇ ’ਤੇ ਵਰਕ ਟੂ ਰੂਲ ਤਹਿਤ ਕੰਮ ਕਰ ਰਹੇ ਪਾਵਰਕਾਮ ਕਰਮਚਾਰੀਆਂ ਵੱਲੋਂ ਰੋਸ ਰੈਲੀ ਕੀਤੀ ਗਈ। ਇਹ ਰੋਸ ਜ਼ਿਆਦਾ ਉਸ ਵੇਲੇ ਭੜਕਿਆ ਜਦੋਂ ਲੁਧਿਆਣਾ ਵਿਖੇ ਇਕ ਐੱਸਐੱਸਈ ਵੱਲੋਂ ਡਿਊਟੀ ਕਰ ਕੇ ਵਾਪਸ ਆਏ ਸਬ-ਸਟੇਸ਼ਨ ਜੇਈ ਨੂੰ ਐਤਵਾਰ ਦੇ ਰੈਸਟ ਦਿਨ ਵੀ ਡਿਊਟੀ ਕਰਨ ਲਈ ਹੁਕਮ ਦਿੱਤਾ ਗਿਆ। ਜੇਈ ਵੱਲੋਂ ਵਰਕ ਟੂ ਰੂਲ ਦਾ ਹਵਾਲਾ ਦੇ ਕੇ ਡਿਊਟੀ ਕਰਨ ਤੋਂ ਇਨਕਾਰ ਕਰਨ ’ਤੇ ਉਸ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ।
ਕਰਮਚਾਰੀਆਂ ਨੇ ਇਸ ਕਾਰਵਾਈ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਕਿਹਾ ਕਿ ਇਹ ਮਜ਼ਦੂਰ ਹੱਕਾਂ ਦੀ ਸਿੱਧੀ ਉਲੰਘਣਾ ਹੈ। ਸਾਂਝੇ ਫੋਰਮ ਦੀ ਕਾਲ ‘ਤੇ ਪਾਵਰਕਾਮ ਦੇ ਵੱਖ-ਵੱਖ ਉਪ ਮੰਡਲਾਂ ਵਿਚ ਰੋਸ ਪ੍ਰਦਰਸ਼ਨ ਕੀਤੇ ਗਏ, ਜਿਨ੍ਹਾਂ ਦੇ ਤਹਿਤ ਨਾਰਲੀ ਸਬ ਸਟੇਸ਼ਨ ’ਤੇ ਵੀ ਵੱਡੀ ਗਿਣਤੀ ’ਚ ਕਰਮਚਾਰੀ ਇਕੱਠੇ ਹੋਏ।
ਰੈਲੀ ’ਚ ਗਰਿੱਡ ਸਬ-ਸਟੇਸ਼ਨ ਇੰਪਲਾਈਜ਼ ਯੂਨੀਅਨ, ਮਿਨਿਸਟਰੀਅਲ ਸਰਵਿਸ ਯੂਨੀਅਨ, ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ ਤੇ ਬਿਜਲੀ ਏਕਤਾ ਮੰਚ ਦੇ ਮੈਂਬਰਾਂ ਨੇ ਭਾਗ ਲਿਆ। ਇਸ ਮੌਕੇ ਸਬ-ਡਵੀਜ਼ਨ ਖਾਲੜਾ ਦੇ ਪ੍ਰਧਾਨ ਸਰਬ ਸੁਖਰਾਜ ਦੇ ਨਾਲ ਦਿਲਬਾਗ ਸਿੰਘ, ਪਰਮਜੀਤ ਸਿੰਘ, ਗੁਰਵਿੰਦਰ ਸਿੰਘ, ਦਵਿੰਦਰ ਸਿੰਘ, ਸੁਰਿੰਦਰ ਸਿੰਘ, ਬੋਬੀ ਸਿੰਘ, ਲਵਪ੍ਰੀਤ ਸਿੰਘ, ਭਗਵੰਤ ਸਿੰਘ ਅਤੇ ਜੁਗਰਾਜ ਸਿੰਘ ਆਦਿ ਹਾਜ਼ਰ ਸਨ।
ਇਸ ਤੋਂ ਇਲਾਵਾ ਨਛੱਤਰ ਸਿੰਘ ਰਿਟਾਇਰ ਜੇਈ, ਮਨਦੀਪ ਸਿੰਘ, ਗੁਰਜੰਟ ਸਿੰਘ ਛੀਨਾ, ਸਕੱਤਰ ਸਿੰਘ, ਸੁਖਬਿੰਦਰ ਸਿੰਘ ਤੇ ਸਤਿਨਾਮ ਸਿੰਘ ਸਮੇਤ ਹੋਰ ਕਰਮਚਾਰੀ ਵੀ ਮੌਜੂਦ ਰਹੇ। ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਸਸਪੈਂਡ ਕੀਤੇ ਜੇਈ ਨੂੰ ਤੁਰੰਤ ਬਹਾਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।