ਬਿੱਜਲੀ ਕੱਟਾਂ ਕਰ ਕੇ ਗਰਿੱਡਾਂ ’ਚ ਤਾਇਨਾਤ ਮੁਲਾਜ਼ਮਾਂ ਦੀ ਸੁਰੱਖਿਆ ਲਈ ਪੁਲਿਸ ਤਾਇਨਾਤ ਕਰਨ ਦੀ ਮੰਗ ਰੱਖੀ।

ਜਸਪਾਲ ਸਿੰਘ ਜੱਸੀ•,ਪੰਜਾਬੀ ਜਾਗਰਣ, ਤਰਨਤਾਰਨ : ਬਿਜਲੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਪ੍ਰੱਮੁਖ ਜਥੇਬੰਦੀਆਂ ਦੇ ਆਧਾਰਤ ਬਣੇ ਸਾਂਝੇ ਮੰਚ ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ, ਪੈਨਸ਼ਨਰਜ਼ ਵੈੱਲਫੇਅਰ ਫੈੱਡਰੇਸ਼ਨ ਪਹਿਲਵਾਨ ਨੇ ਸੰਯੁਕਤ ਰੂਪ ’ਚ ਮੀਟਿੰਗ ਕੀਤੀ। ਜਿਸ ਦੌਰਾਨ ਉਨ੍ਹਾਂ ਨੇ ਬਿੱਜਲੀ ਕੱਟਾਂ ਕਰ ਕੇ ਗਰਿੱਡਾਂ ’ਚ ਤਾਇਨਾਤ ਮੁਲਾਜ਼ਮਾਂ ਦੀ ਸੁਰੱਖਿਆ ਲਈ ਪੁਲਿਸ ਤਾਇਨਾਤ ਕਰਨ ਦੀ ਮੰਗ ਰੱਖੀ।
ਉਕਤ ਮੰਚ ਨਾਲ ਸਬੰਧਤ ਸੂਬਾ ਆਗੂਆਂ ਕੁਲਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਗੁਰਭੇਜ ਸਿੰਘ ਢਿੱਲੋਂ, ਰਵੇਲ ਸਿੰਘ ਸਹਾਏਪੁਰ, ਦਵਿੰਦਰ ਸਿੰਘ ਪਿਸ਼ੌਰ, ਰਾਧੇਸ਼ਿਆਮ, ਕੌਰ ਸਿੰਘ ਸੋਹੀ, ਬਲਜੀਤ ਸਿੰਘ ਮੋਦਲਾ, ਜਸਵੀਰ ਸਿੰਘ ਆਂਡਲੂ, ਰਣਜੀਤ ਸਿੰਘ ਢਿੱਲੋਂ, ਬਾਬਾ ਅਮਰਜੀਤ ਸਿੰਘ, ਦਲੀਪ ਕੁਮਾਰ, ਪਵਨਪ੍ਰੀਤ ਸਿੰਘ, ਗੁਰਪਿਆਰ ਸਿੰਘ ਆਦਿ ਨੇ ਮੁੱਖ ਮੰਤਰੀ ਪੰਜਾਬ, ਬਿਜਲੀ ਮੰਤਰੀ ਤੇ ਅਦਾਰੇ ਦੇ ਸੀਐੱਮਡੀ ਕੋਲੋਂ ਗਰਮੀ ਦੇ ਮੌਸਮ ਦੌਰਾਨ ਤਾਪਮਾਨ ਦੇ ਵਧਣ ਕਰ ਕੇ ਬਿਜਲੀ ਦੀ ਖਪਤ ’ਚ ਬੇਤਹਾਸ਼ਾ ਵਾਧਾ ਹੋ ਗਿਆ ਹੈ। ਜਿਸ ਦੇ ਚੱਲਦਿਆਂ ਦਿਨ ਤੇ ਰਾਤ ਦੇ ਸਮੇਂ ਲੱਗ ਰਹੇ ਵੱਡੇ ਬਿਜਲੀ ਕੱਟਾਂ ਦਾ ਵਿਰੋਧ ਕਰਨ ਲਈ ਗਰਿੱਡਾਂ ਦੇ ਨੇੜਲੇ ਇਲਾਕਿਆਂ ਨਾਲ ਸਬੰਧਤ ਖਪਤਕਾਰਾਂ ਵੱਲੋਂ ਭੀੜ ਦੇ ਰੂਪ ’ਚ ਇਕੱਤਰ ਹੋ ਕੇ ਗਰਿੱਡਾਂ ’ਚ ਤਾਇਨਾਤ ਰਾਤ ਦੇ ਸਮੇਂ ਕੇਵਕ ਇਕ-ਇਕ ਕਰਮਚਾਰੀ ਨਾਲ ਕਥਿਤ ਤੌਰ ’ਤੇ ਦੁਰਵਿਹਾਰ ਕਰਦੇ ਹੋਏ ਮਹਿਕਮੇ ਦੇ ਆਦੇਸ਼ਾਂ ’ਤੇ ਬੰਦ ਕੀਤੀ ਬਿਜਲੀ ਸਪਲਾਈ ਨੂੰ ਜਬਰਦਸਤੀ ਚਾਲੂ ਕਰਨ ਅਤੇ ਗੁੱਸੇ ’ਚ ਭੜਕੀ ਭੀੜ ਦੀ ਅਗਵਾਈ ਕਰਨ ਵਾਲੇ ਕੁਝ ਲੋਕਾਂ ਵੱਲੋਂ ਕੀਮਤੀ ਸਾਜੋ-ਸਾਮਾਨ ਦੀ ਕੀਤੀ ਜਾ ਰਹੀ ਭੰਨ ਤੋੜ ਦੀਆਂ ਰੋਜ਼ਾਨਾ ਘਟਨਾਵਾਂ ਵਾਪਰ ਰਹੀਆਂ ਹਨ। ਜਿਸ ’ਤੇ ਕਾਬੂ ਪਾਉਣ ਅਤੇ ਗਰਿੱਡਾਂ ’ਤੇ ਤਾਇਨਾਤ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਕਾਰਵਾਈ ਕਰਦੇ ਹੋਏ ਬਿਜਲੀ ਘਰਾਂ ’ਚ ਰਾਤ ਦੇ ਵਕਤ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਜਾਣ ਦੀ ਮੰਗ ਉਨ੍ਹਾਂ ਨੇ ਕੀਤੀ ਹੈ, ਤਾਂ ਜੋ ਭਵਿੱਖ ’ਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ ਤੇ ਕਰਮਚਾਰੀ ਬੇਖੌਫ਼ ਹੋ ਕੇ ਆਪਣੀ ਡਿਊਟੀ ਨਿਭਾ ਸਕਣ।
=========
7778 ਅਸਾਮੀਆਂ ’ਚੋਂ 4630 ਅਸਾਮੀਆਂ ਖਾਲੀ, ਕੀ ਕਰਨ ਮੁਲਾਜ਼ਮ
ਉਕਤ ਆਗੂਆਂ ਨੇ ਦੱਸਿਆ ਕਿ ਬਿਜਲੀ ਘਰਾਂ ਦੀਆਂ ਮਨਜ਼ੂਰ 7778 ਅਸਾਮੀਆਂ ਵਿੱਚੋਂ 4630 ਅਸਾਮੀਆਂ ਖਾਲੀ ਹੋਣ ਕਰ ਕੇ ਸਿਰਫ 3148 ਕਰਮਚਾਰੀ ਡਿਊਟੀ ਨਿਭਾ ਰਹੇ ਹਨ। ਜਿਸ ਕਰ ਕੇ ਕਰਮਚਾਰੀਆਂ ਨੂੰ ਰਾਤ ਸਮੇਂ ਹੈਲਪਰ ਤੋਂ ਬਗੈਰ ਬਹੁਤ ਰਿਸਕ ਭਰੀ ਡਿਊਟੀ ਮੁਸ਼ਕਿਲ ਹਾਲਤਾਂ ’ਚ ਜਿੱਥੇ ਇਕੱਲਿਆ ਨਿਭਾਉਣੀ ਪੈਂਦੀ ਹੈ, ਉੱਥੇ ਬੰਦ ਬਿਜਲੀ ਸਪਲਾਈ ਤੋਂ ਭੜਕੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਪਰ ਸਰਕਾਰ ਤੇ ਅਦਾਰੇ ਦੀ ਮੈਨੇਜਮੈਂਟ ਸਾਰੇ ਮਾਹੌਲ ਤੋਂ ਬੇਖਬਰ ਕੋਈ ਵੀ ਲੁੜੀਂਦੇ ਕਦਮ ਨਹੀਂ ਉਠਾ ਰਹੀ। ਆਗੂਆਂ ਵੱਲੋਂ ਮੇਨੇਜਮੈਂਟ ਤੋਂ ਮੰਗ ਕਰਦਿਆਂ ਕਿਹਾ ਕੇ ਜੇਕਰ ਗਰਿੱਡਾਂ ’ਤੇ ਤਾਇਨਾਤ ਕਿਸੇ ਕਰਮਚਾਰੀ ਨਾਲ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਮੈਨੇਜਮੈਂਟ ਦੀ ਹੋਵੇਗੀ।
======
66 ਕੇਵੀ ਦੇ 840 ਗਰਿੱਡ ਬਿਨਾਂ ਸੁਰੱਖਿਆ ਕਾਰਜਸ਼ੀਲ
ਸੰਯੁਕਤ ਮੰਚ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ’ਚ 66 ਕੇਵੀ ਦੇ 840 ਗਰਿੱਡ ਹਨ। ਇਸੇ ਤਰ੍ਹਾਂ 132 ਕੇਵੀ ਤੇ 220 ਕੇਵੀ ਗਰਿੱਡ ਵੀ ਅਨੇਕਾਂ ਹਨ, ਜੋ ਟ੍ਰਾਂਸਕੋ ਕਾਰਪੋਰੇਸ਼ਨ ਅਧੀਨ ਹਨ। ਉਨ੍ਹਾਂ ਗਰਿੱਡਾਂ ’ਤੇ ਪ੍ਰਾਈਵੇਟ ਸਕਿਓਰਿਟੀ ਦਾ ਪ੍ਰਬੰਧ ਕੀਤਾ ਗਿਆ ਹੈ। ਅਦਾਰੇ ਨੇ ਪੈਸਕੋ ਕੰਪਨੀ ਰਾਹੀਂ ਪਰ ਪਾਵਰਕਾਮ ਅਦਾਰੇ ਨੇ 66 ਕੇਵੀ ਗਰਿੱਡਾਂ ’ਤੇ ਹੁਣ ਤਕ ਸਕਿਓਰਿਟੀ ਦਾ ਕੋਈ ਪ੍ਰਬੰਧ ਨਹੀਂ ਕੀਤਾ, ਜਿਸ ਕਰ ਕੇ ਹਾਲਾਤ ਕੰਟਰੋਲ ਤੋਂ ਬਾਹਰ ਹੋ ਰਹੇ ਹਨ।