ਦਰੱਖਤਾਂ ਦੀ ਇਸ ਤਰ੍ਹਾਂ ਕੀਤੀ ਗਈ ਕਟਾਈ ਨੇ ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ’ਚ ਵੀ ਗੁੱਸਾ ਭਰ ਦਿੱਤਾ ਹੈ।

ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਇਕ ਪਾਸੇ ਪੰਜਾਬ ਸਰਕਾਰ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਵੱਡੇ ਪੱਧਰ ’ਤੇ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ’ਚ ਪੌਦੇ ਲਗਾਉਣ, ਹਰਿਆਲੀ ਵਧਾਉਣ ਤੇ ਲੋਕਾਂ ਨੂੰ ਪ੍ਰਕਿਰਤੀ ਪ੍ਰਤੀ ਜਾਗਰੂਕ ਕਰਨ ਵਾਸਤੇ ਉਪਰਾਲੇ ਕੀਤੇ ਜਾ ਰਹੇ ਹਨ। ਦੂਜੇ ਪਾਸੇ ਪੱਟੀ ਸ਼ਹਿਰ ’ਚ ਵਾਤਾਵਰਨ ਸੰਭਾਲ ਦੇ ਦਾਅਵਿਆਂ ਨੂੰ ਠੇਸ ਪਹੁੰਚਾਉਂਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਥਾਨਕ ਲੋਕਾਂ ’ਚ ਚਿੰਤਾ ਅਤੇ ਗੁੱਸਾ ਪੈਦਾ ਕਰ ਦਿੱਤਾ ਹੈ।
ਪੱਟੀ ਦੇ ਲਾਹੌਰ ਰੋਡ ਸਥਿਤ ਸਰਕਾਰੀ ਪਸ਼ੂ ਹਸਪਤਾਲ ਵਿਖੇ ਕੁਝ ਲੋਕਾਂ ਵੱਲੋਂ ਚਾਰ ਵੱਡੇ ਦਰੱਖਤਾਂ ਨੂੰ ਬੇਰਹਿਮੀ ਨਾਲ ਛਾਂਗ ਦਿੱਤਾ ਗਿਆ। ਇਹ ਦਰੱਖਤ ਕਈ ਸਾਲਾਂ ਤੋਂ ਇੱਥੇ ਖੜ੍ਹੇ ਹਨ ਤੇ ਗਰਮੀ ਦੇ ਮੌਸਮ ’ਚ ਲੋਕਾਂ ਨੂੰ ਛਾਂ ਪ੍ਰਦਾਨ ਕਰਦੇ ਸਨ। ਦਰੱਖਤਾਂ ਦੀ ਇਸ ਤਰ੍ਹਾਂ ਕੀਤੀ ਗਈ ਕਟਾਈ ਨੇ ਇਲਾਕੇ ਦੇ ਵਾਤਾਵਰਨ ਪ੍ਰੇਮੀਆਂ ’ਚ ਵੀ ਗੁੱਸਾ ਭਰ ਦਿੱਤਾ ਹੈ।
ਇਸ ਮਾਮਲੇ ਦਾ ਵਿਰੋਧ ਨੇੜਲੇ ਦੁਕਾਨਦਾਰ ਜੰਗ ਸਿੰਘ ਫਰਨੀਚਰ ਵਾਲੇ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਦਰੱਖਤਾਂ ਦੀ ਕਟਾਈ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਉਨ੍ਹਾਂ ਨੇ ਲੋਕਾਂ ਨੂੰ ਦਰੱਖਤਾਂ ਨੂੰ ਛਾਂਗਦੇ ਦੇਖਿਆ, ਤਾਂ ਤੁਰੰਤ ਉਨ੍ਹਾਂ ਨੂੰ ਰੋਕਣ ਲਈ ਆਵਾਜ਼ ਚੁੱਕੀ, ਪਰ ਕੱਟਣ ਵਾਲੇ ਲੋਕਾਂ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ ਤੇ ਆਪਣਾ ਕੰਮ ਜਾਰੀ ਰੱਖਿਆ। ਜੰਗ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪਸ਼ੂ ਹਸਪਤਾਲ ਦੇ ਡਾਕਟਰਾਂ ਨੂੰ ਵੀ ਜਾਣਕਾਰੀ ਦਿੱਤੀ ਗਈ ਸੀ, ਪਰ ਉਨ੍ਹਾਂ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ। ਉਹ ਦਫ਼ਤਰ ’ਚ ਹੀ ਬੈਠੇ ਰਹੇ ਜਦਕਿ ਬਾਹਰ ਦਰੱਖਤਾਂ ਨੂੰ ਕੱਟਣ ਦਾ ਕੰਮ ਚੱਲਦਾ ਰਿਹਾ। ਇਸ ਗੱਲ ਨੇ ਸਥਾਨਕ ਲੋਕਾਂ ਵਿਚ ਹੋਰ ਵੀ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ ਕਿ ਜਿਨ੍ਹਾਂ ’ਤੇ ਜ਼ਿੰਮੇਵਾਰੀ ਸੀ, ਉਨ੍ਹਾਂ ਨੇ ਆਪਣਾ ਫਰਜ਼ ਨਹੀਂ ਨਿਭਾਇਆ।
========
ਹਸਪਤਾਲ ਵਿਚਲੇ ਸੇਵਾ ਕੇਂਦਰ ’ਚ ਆਉਣ ਵਾਲੇ ਲੋਕ ਵੀ ਲੈਂਦੇ ਹਨ ਛਾਂ
ਜੰਗ ਸਿੰਘ ਨੇ ਕਿਹਾ ਕਿ ਇਸ ਹਸਪਤਾਲ ’ਚ ਸੇਵਾ ਕੇਂਦਰ ਵੀ ਬਣਿਆ ਹੋਇਆ ਹੈ, ਜਿੱਥੇ ਹਰ ਰੋਜ਼ ਸੈਂਕੜੇ ਲੋਕ ਆਪਣਾ ਕੰਮ ਕਰਵਾਉਣ ਲਈ ਆਉਂਦੇ ਹਨ। ਖਾਸ ਕਰਕੇ ਗਰਮੀ ਦੇ ਦਿਨਾਂ ’ਚ ਲੋਕ ਇੱਥੇ ਆਪਣੇ ਵਾਹਨ ਖੜ੍ਹੇ ਕਰਦੇ ਹਨ ਤੇ ਦਰੱਖਤਾਂ ਦੀ ਛਾਂ ਹੇਠਾਂ ਬੈਠ ਕੇ ਆਰਾਮ ਕਰਦੇ ਹਨ। ਹੁਣ ਦਰੱਖਤਾਂ ਦੀ ਛਾਂ ਘਟਣ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਮਾਮਲੇ ’ਚ ਇਕ ਹੋਰ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ ਕਿ ਦਰੱਖਤਾਂ ਦੀ ਕਟਾਈ ਦੌਰਾਨ ਕੁਝ ਬਿਜਲੀ ਵਿਭਾਗ ਦੇ ਕਰਮਚਾਰੀ ਵੀ ਮੌਕੇ ’ਤੇ ਮੌਜੂਦ ਦੱਸੇ ਜਾ ਰਹੇ ਹਨ। ਜਦੋਂ ਇਸ ਸਬੰਧੀ ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਸਾਫ਼ ਕਿਹਾ ਕਿ ਵਿਭਾਗ ਵੱਲੋਂ ਕਿਸੇ ਨੂੰ ਵੀ ਦਰੱਖਤ ਕੱਟਣ ਲਈ ਨਹੀਂ ਭੇਜਿਆ ਗਿਆ।
=====
ਬੋਹੜ ਵਰਗੇ ਲਾਭਦਾਇਕ ਰੁੱਖ ਦੀ ਵੀ ਕੀਤੀ ਕਾਂਟ-ਛਾਂਟ
ਜੰਗ ਸਿੰਘ ਨੇ ਕਿਹਾ ਹੈ ਕਿ ਜੇਕਰ ਦਰੱਖਤਾਂ ਨੂੰ ਛਾਂਗਣਾ ਜਾਂ ਕਟਣਾ ਸੀ ਤਾਂ ਇਸ ਲਈ ਸਬੰਧਤ ਵਿਭਾਗਾਂ ਤੋਂ ਮਨਜ਼ੂਰੀ ਲੈਣੀ ਚਾਹੀਦੀ ਸੀ ਤੇ ਨਿਯਮਾਂ ਅਨੁਸਾਰ ਹੀ ਕੰਮ ਕੀਤਾ ਜਾਣਾ ਚਾਹੀਦਾ ਸੀ। ਇਸ ਤਰ੍ਹਾਂ ਬੇਤਹਾਸ਼ਾ ਤੇ ਬੇਰੋਕ-ਟੋਕ ਕਟਾਈ ਕਰਨਾ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇੱਥੇ ਧਰੇਕਾਂ ਤੇ ਬੋਹੜ ਦੇ ਦਰੱਖਤ ਵੱਡੇ ਪੱਧਰ ’ਤੇ ਛਾਂਗੇ ਗਏ ਹਨ, ਜੋ ਕਿ ਵਾਤਾਵਰਨ ਤੇ ਸਿਹਤ ਲਈ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ। ਬੋਹੜ ਦਾ ਦਰੱਖਤ ਖਾਸ ਕਰ ਕੇ ਆਕਸੀਜਨ ਦੇ ਉਤਪਾਦਨ ਲਈ ਮਸ਼ਹੂਰ ਹੈ ਤੇ ਇਸ ਦੀ ਧਾਰਮਿਕ ਮਹੱਤਤਾ ਵੀ ਹੈ।
======
ਬਿਨਾਂ ਪੁੱਛੇ ਦੁਕਾਨਦਾਰਾਂ ਨੇ ਕੀਤੀ ਰੁੱਖਾਂ ਦੀ ਛਾਂਟੀ : ਡਾ. ਦਵਿੰਦਰ ਸਿੰਘ
ਇਸ ਸਬੰਧੀ ਸਿਵਲ ਪਸ਼ੂ ਹਸਪਤਾਲ ਦੇ ਡਾਕਟਰ ਦਵਿੰਦਰ ਸਿੰਘ ਨਾਲ ਜਦੋਂ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਿਸ ਸਮੇਂ ਦਰੱਖਤਾਂ ਨੂੰ ਛਾਂਗਿਆ ਜਾ ਰਿਹਾ ਸੀ, ਉਸ ਵੇਲੇ ਉਹ ਵੈਕਸੀਨੇਸ਼ਨ ਲਈ ਬਾਹਰ ਗਏ ਹੋਏ ਸਨ। ਉਨ੍ਹਾਂ ਦੱਸਿਆ ਕਿ ਨੇੜਲੇ ਕੁਝ ਦੁਕਾਨਦਾਰਾਂ ਦੀਆਂ ਬਿਜਲੀ ਵਾਲੀਆਂ ਤਾਰਾਂ ਨਾਲ ਦਰੱਖਤਾਂ ਦੀਆਂ ਟਾਹਣੀਆਂ ਨਾਲ ਟਕਰਾ ਰਹੀਆਂ ਸਨ, ਜਿਸ ਕਾਰਨ ਦੁਕਾਨਦਾਰਾਂ ਨੇ ਆਪਣੇ ਪੱਧਰ ’ਤੇ ਹੀ ਦਰੱਖਤਾਂ ਨੂੰ ਛਾਂਗ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹਸਪਤਾਲ ਪ੍ਰਬੰਧਨ ਤੋਂ ਕੋਈ ਵੀ ਮਨਜ਼ੂਰੀ ਨਹੀਂ ਲਈ ਗਈ। ਉਨ੍ਹਾਂ ਇਹ ਵੀ ਮੰਨਿਆ ਕਿ ਦਰੱਖਤਾਂ ਨੂੰ ਜ਼ਰੂਰਤ ਤੋਂ ਵੱਧ ਛਾਂਗਿਆ ਗਿਆ ਹੈ, ਜੋ ਠੀਕ ਨਹੀਂ ਹੈ। ਡਾ. ਦਵਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਪਣੇ ਸੀਨੀਅਰ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ ਹੈ, ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ।