ਹੜਤਾਲ ਦੇ ਛੇਵੇਂ ਦਿਨ ਫੁੱਟਿਆ ਸਫਾਈ ਤੇ ਸੀਵਰ ਕਾਮਿਆਂ ਦਾ ਗੁੱਸਾ, ਸ਼ਹਿਰ ’ਚ ਕੀਤਾ ਰੋਸ ਮਾਰਚ
ਦੁਕਾਨਦਾਰ ਯੂਨੀਅਨਾਂ ਦੇ ਪ੍ਰਧਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਲਵਾਰ ਤਕ ਕਰਮਚਾਰੀਆਂ ਦਾ ਮਸਲਾ ਹੱਲ ਨਹੀਂ ਹੁੰਦਾ ਤਾਂ ਸ਼ਹਿਰ ਦੀਆਂ ਦੁਕਾਨਾਂ ਬੰਦ ਕਰ ਕੇ ਕੂੜਾ ਨਗਰ ਕੌਂਸਲ ਦਫ਼ਤਰ ’ਚ ਸੁੱਟ ਦਿੱਤਾ ਜਾਵੇਗਾ।
Publish Date: Mon, 11 May 2026 08:25 PM (IST)
Updated Date: Tue, 12 May 2026 04:13 AM (IST)

ਜਸਪਾਲ ਸਿੰਘ ਜੱਸੀ•,ਪੰਜਾਬੀ ਜਾਗਰਣ, ਤਰਨਤਾਰਨ : ਸੂਬਾ ਪੱਧਰ ’ਤੇ ਚੱਲ ਰਹੀ ਸਫਾਈ ਅਤੇ ਸੀਵਰ ਕਰਮਚਾਰੀਆਂ ਦੀ ਹੜਤਾਲ ਦੌਰਾਨ ਸੋਮਵਾਰ ਨੂੰ ਛੇਵੇਂ ਦਿਨ ਹੜਤਾਲੀਆਂ ਦਾ ਗੁੱਸਾ ਫੁੱਟ ਪਿਆ ਤੇ ਉਨ੍ਹਾਂ ਨੇ ਤਰਨਤਾਰਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚ ਰੋਸ ਮਾਰਚ ਕਰ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਦੂਜੇ ਪਾਸੇ ਸ਼ਹਿਰ ’ਚ ਥਾਂ-ਥਾਂ ਲੱਗ ਰਹੇ ਕੂੜੇ ਦੇ ਢੇਰਾਂ ਤੋਂ ਅੱਕੇ ਦੁਕਾਨਦਾਰਾਂ ਨੇ ਵੀ ਮਸਲਾ ਹੱਲ ਕਰਨ ਦੀ ਮੰਗ ਕੀਤੀ ਹੈ, ਕਿਉਂਕਿ ਉਨ੍ਹਾਂ ਦੀਆਂ ਦੁਕਾਨਾਂ ਅੱਗੇ ਕੂੜਾ ਕਰਕਟ ਇਕੱਠਾ ਹੋਣ ਕਾਰਨ ਦੁਕਾਨਦਾਰੀ ਠੱਪ ਹੋ ਕੇ ਰਹਿ ਗਈ ਹੈ। ਦੁਕਾਨਦਾਰ ਯੂਨੀਅਨਾਂ ਦੇ ਪ੍ਰਧਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗਲਵਾਰ ਤਕ ਕਰਮਚਾਰੀਆਂ ਦਾ ਮਸਲਾ ਹੱਲ ਨਹੀਂ ਹੁੰਦਾ ਤਾਂ ਸ਼ਹਿਰ ਦੀਆਂ ਦੁਕਾਨਾਂ ਬੰਦ ਕਰ ਕੇ ਕੂੜਾ ਨਗਰ ਕੌਂਸਲ ਦਫ਼ਤਰ ’ਚ ਸੁੱਟ ਦਿੱਤਾ ਜਾਵੇਗਾ। ===== 6 ਮਈ ਤੋਂ ਚੱਲ ਰਹੀ ਹੈ ਸਫ਼ਾਈ ਕਾਮਿਆਂ ਦੀ ਮੰਗਾਂ ਮਨਵਾਉਣ ਲਈ ਹੜਤਾਲ ਦੱਸ ਦਈਏ ਕਿ 6 ਮਈ ਤੋਂ ਸਫ਼ਾਈ ਅਤੇ ਸੀਵਰ ਕਰਮਚਾਰੀ ਨਗਰ ਕੌਂਸਲ ਦਫ਼ਤਰ ਦੇ ਗੇਟ ਅੱਗੇ ਬੈਠ ਕੇ ਆਪਣੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਵਿਰੁੱਧ ਰੋਸ ਜਾਹਿਰ ਕਰ ਰਹੇ ਹਨ। ਜਿਸ ਦੇ ਚੱਲਦਿਆਂ ਛੇ ਦਿਨਾਂ ਤੋਂ ਸਫ਼ਾਈ ਦਾ ਕੰਮ ਠੱਪ ਪਿਆ ਹੈ ਤੇ ਕਈ ਥਾਵਾਂ ਤੇ ਸੀਵਰੇਜ ਦੀ ਸਮੱਸਿਆ ਵੀ ਬਣ ਗਈ ਹੈ। ਸਫ਼ਾਈ ਰੁਕਣ ਅਤੇ ਡੋਰ ਟੂ ਡੋਰ ਕੂੜੇ ਦੀ ਕੁਲੈਕਸ਼ਨ ਬੰਦ ਹੋਣ ਕਰ ਕੇ ਸ਼ਹਿਰ ’ਚ ਕੂੜੇ ਦੇ ਢੇਰ ਲੱਗ ਚੁੱਕੇ ਹਨ। ਸ਼ਹਿਰ ਦੀਆਂ ਸਮੁੱਚੀਆਂ ਸੜਕਾਂ ਦੇ ਚੱਪੇ-ਚੱਪੇ ’ਤੇ ਕੂੜੇ ਦੇ ਢੇਰ ਬਣ ਗਏ ਹਨ। ਲੋਕ ਆਪਣੇ ਘਰਾਂ ਦਾ ਕੂੜਾ ਜਿੱਥੇ ਮਰਜ਼ੀ ਨਾਲ ਸੁੱਟ ਰਹੇ ਹਨ ਤੇ ਫਿਰ ਉਸੇ ਜਗ੍ਹਾ ’ਤੇ ਨਵਾਂ ਢੇਰ ਬਣ ਜਾਂਦਾ ਹੈ। ਰਾਤ ਦੇ ਹਨੇਰੇ ’ਚ ਘਰਾਂ ਦਾ ਕੂੜਾ ਬਾਜ਼ਾਰਾਂ ’ਚ ਵੀ ਸੁੱਟਿਆ ਜਾ ਰਿਹਾ ਹੈ, ਜਿਸ ਕਰ ਕੇ ਸ੍ਰੀ ਦਰਬਾਰ ਸਾਹਿਬ ਵੱਲ ਜਾਂਦੇ ਮੁੱਖ ਬਾਜ਼ਾਰ ’ਚ ਦੁਕਾਨਾਂ ਅੱਗੇ ਕਈ ਢੇਰ ਕੂੜੇ ਦੇ ਲੱਗ ਚੁੱਕੇ ਹਨ। ਜਿਨ੍ਹਾਂ ’ਚੋਂ ਉੱਠ ਰਹੀ ਬਦਬੂ ਕਾਰਨ ਦੁਕਾਨਦਾਰੀ ਠੱਪ ਹੋ ਚੁੱਕੀ ਹੈ। ਗਰਮੀ ਦੇ ਚੱਲਦਿਆਂ ਹਲਾਤ ਹੋਰ ਬਦਤਰ ਹੁੰਦੇ ਜਾ ਰਹੇ ਹਨ, ਕਿਉਂਕਿ ਕੂੜੇ ਦੀ ਬਦਬੂ ਹੁਣ ਦੂਰ ਤਕ ਜਾਣ ਲੱਗੀ ਹੈ ਤੇ ਲੋਕਾਂ ਦੇ ਘਰਾਂ ਤਕ ਵੀ ਪਹੁੰਚ ਰਹੀ ਹੈ। ਨਗਰ ਕੌਂਸਲ ਦਫਤਰ ਤਰਨਤਾਰਨ ਅੱਗੇ ਦਿੱਤੇ ਗਏ ਧਰਨੇ ਦੌਰਾਨ ਸੰਬੋਧਨ ਕਰਦਿਆਂ ਸਫਾਈ ਕਰਮਚਾਰੀਆਂ ਦੇ ਪ੍ਰਧਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਫ਼ਾਈ ਤੇ ਸੀਵਰ ਕਰਮਚਾਰੀ ਸੂਬਾ ਪੱਧਰੀ ਸੱਦੇ ਦੇ ਚੱਲਦਿਆਂ ਹੜਤਾਲ ’ਤੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਜਿੱਥੇ ਸ਼ਹਿਰ ’ਚ ਸਫ਼ਾਈ ਵਿਵਸਥਾ ਠੱਪ ਕੀਤੀ ਗਈ ਹੈ ਅਤੇ ਡੋਰ ਟੂ ਡੋਰ ਕੂੜੇ ਦੀ ਕੁਲੈਕਸ਼ਨ ਵੀ ਨਹੀਂ ਕੀਤੀ ਜਾ ਰਹੀ। ਜਿੰਨਾ ਚਿਰ ਮਸਲੇ ਦਾ ਹੱਲ ਨਹੀਂ ਹੁੰਦਾ, ਉਨੀਂ ਦੇਰ ਹੜਤਾਲ ਖ਼ਤਮ ਨਹੀਂ ਹੋਵੇਗੀ। ਯੂਨੀਅਨ ਪ੍ਰਧਾਨ ਨੇ ਅੱਗੇ ਕਿਹਾ ਕਿ ਛੇ ਦਿਨਾਂ ਤੋਂ ਉਨ੍ਹਾਂ ਦੀ ਕਿਸੇ ਨੇ ਸਾਰ ਨਹੀਂ ਲਈ, ਜਿਸ ਕਰ ਕੇ ਅੱਜ ਸ਼ਹਿਰ ਦੇ ਬਾਜ਼ਾਰਾਂ ’ਚ ਰੋਸ ਮਾਰਚ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਠੇਕੇਦਾਰ ਪ੍ਰਥਾ ਖਤਮ ਕਰਨ, ਸਫਾਈ ਸੇਵਕ ਤੇ ਸੀਵਰਮੈਨ ਦੀ ਭਰਤੀ ਰੈਗੂਲਰ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਤਰਸ ਦੇ ਆਧਾਰ ’ਤੇ ਜੋ ਨੌਕਰੀਆਂ ਅਜੇ ਤਕ ਨਹੀਂ ਦਿੱਤੀਆਂ ਗਈਆਂ, ਉਹ ਤੁਰੰਤ ਦਿੱਤੀਆਂ ਜਾਣ, ਡੀਏ ਲਾਗੂ ਕਰਨ, ਡੀਏ ਦਾ ਬਕਾਇਆ ਜਾਰੀ ਕਰਨ, ਪੇ ਕਮਿਸ਼ਨ ਦਾ ਬਣਦਾ ਬਕਾਇਆ ਜਾਰੀ ਕਰਨ ਆਦਿ ਵਰਗੀਆਂ ਮੰਗਾਂ ਨੂੰ ਲੈ ਕੇ ਇਹ ਹੜਤਾਲ ਕੀਤੀ ਗਈ ਹੈ। ਇਸ ਮੌਕੇ ਰਾਮ ਪ੍ਰਕਾਸ਼ ਮੀਤ ਪ੍ਰਧਾਨ, ਜੱਜਪਾਲ, ਨਿੰਦੀ, ਸੁਰਜੀਤ ਕੁਮਾਰ, ਤਿਲਕ ਰਾਜ, ਰਾਜ ਕੁਮਾਰ, ਕਾਲਾ, ਰਕੇਸ਼ ਕੁਮਾਰ, ਆਸ਼ੂ ਕੁਮਾਰ, ਕ੍ਰਿਸ਼ਨ, ਮਨਦੀਪ , ਜਗਮੋਹਨ, ਰਜਿੰਦਰ ਕੁਮਾਰ, ਲਛਮਣ, ਕੁਲਵੰਤ, ਸੰਤੋਸ਼, ਸਲਮਾਂ, ਬਬਲੀ, ਰਾਣੀ, ਸੁਨੀਲ ਕੁਮਾਰ, ਸਾਹਿਬ ਸਿੰਘ, ਦਲੀਪ, ਸੁਨੀਲ, ਭੋਲੀ, ਸੋਨੀਆ, ਹੈਪੀ, ਧੀਰਾ ਆਦਿ ਸਮੇਤ ਵੱਡੀ ਗਿਣਤੀ ਵਿਚ ਸਫਾਈ ਤੇ ਸੀਵਰੇਜ ਕਰਮਚਾਰੀ ਹਾਜਰ ਸਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਹੜਤਾਲੀਆਂ ਕੋਲ ਪੁੱਜੇ ਛੇ ਦਿਨਾਂ ਤੋਂ ਹੜਤਾਲ ’ਤੇ ਬੈਠੇ ਸਫ਼ਾਈ ਸੇਵਕਾਂ ਕੋਲ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਆਪਣੇ ਸਾਥੀਆਂ ਸਮੇਤ ਪੁੱਜੇ। ਉਨ੍ਹਾਂ ਨੇ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਸਰਕਾਰ ਵੱਲੋਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਰਮਚਾਰੀਆਂ ਦੀ ਗੱਲ ਸੁਣਨ ਦਾ ਵੀ ਸਮਾਂ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਲਾਂ ਤੋਂ ਕੱਚੇ ਕਰਮਚਾਰੀ ਦਿਨ ਰਾਤ ਬਹੁਤ ਨਿਗੂਣੇ ਮਿਹਨਤਾਨੇ ’ਤੇ ਸੇਵਾਵਾਂ ਦੇ ਰਹੇ ਹਨ। ਇਸ ਲਈ ਸਰਕਾਰ ਇੰਨਾਂ ਦੀਆਂ ਮੰਗਾਂ ਮੰਨੇ ਤਾਂ ਜੋ ਸ਼ਹਿਰ ਦੀ ਸਫ਼ਾਈ ਵਿਵਸਥਾ ਤੇ ਕਰਮਚਾਰੀਆਂ ਦੀ ਮੰਗ ਪੂਰੀ ਹੋ ਸਕੇ। ਇਸ ਮੌਕੇ ਭਾਜਪਾ ਆਗੂ ਹਰਪ੍ਰੀਤ ਸਿੰਘ ਸਿੰਦਬਾਦ, ਦਿਨੇਸ਼ ਜੋਸ਼ੀ, ਅਵਤਾਰ ਸਿੰਘ ਬੰਟੀ ਸਣੇ ਹੋਰ ਆਗੂ ਵੀ ਮੌਜੂਦ ਸਨ। ==== ਦੁਕਾਨਦਾਰ ਕਰਨਗੇ ਸ਼ਹਿਰ ਬੰਦ : ਗੁਰਿੰਦਰ ਸਿੰਘ ਲਾਡੀ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੁਰਿੰਦਰ ਸਿੰਘ ਲਾਡੀ ਨੇ ਅੱਡਾ ਬਾਜ਼ਾਰ ਦੇ ਦੁਕਾਨਦਾਰਾਂ ਸਮੇਤ ਗੱਲਬਾਤ ਕਰਦਿਆਂ ਕਿਹਾ ਕਿ ਇਹ ਬਾਜ਼ਾਰ ਸ੍ਰੀ ਦਰਬਾਰ ਸਾਹਿਬ ਜਾਣ ਵਾਲਾ ਮੁੱਖ ਰਸਤਾ ਹੈ। ਜਿਸ ’ਚ ਥਾਂ-ਥਾਂ ’ਤੇ ਕੂੜੇ ਦੇ ਢੇਰ ਲੱਗ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋ ਗਿਆ ਹੈ, ਕਿਉਂਕਿ ਗਾਹਕ ਬਦਬੂ ਦੇ ਚੱਲਦਿਆਂ ਦੁਕਾਨਾਂ ’ਚ ਬੈਠ ਹੀ ਨਹੀਂ ਪਾਉਂਦਾ। ਸਰਕਾਰ ਕਰਮਚਾਰੀਆਂ ਨਾਲ ਗੱਲਬਾਤ ਕਰ ਕੇ ਹੜਤਾਲ ਦਾ ਹੱਲ ਕੱਢੇ ਕਿਉਂਕਿ ਕੂੜੇ ਦੇ ਢੇਰ ਹੁਣ ਬਿਮਾਰੀਆਂ ਦਾ ਕਾਰਨ ਬਣਨ ਲੱਗ ਜਾਣਗੇ। ਦੁਕਾਨਦਾਰਾਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਮੰਗਲਵਾਰ ਸ਼ਾਮ ਤਕ ਸ਼ਹਿਰ ’ਚ ਫੈਲੀ ਗੰਦਗੀ ਦਾ ਕੋਈ ਹੱਲ ਨਹੀਂ ਨਿਕਲਦਾ ਤਾਂ ਦੁਕਾਨਦਾਰ ਇਹ ਕੂੜਾ ਚੁੱਕ ਕੇ ਨਗਰ ਕੌਂਸਲ ਦਫ਼ਤਰ ’ਚ ਸੁੱਟ ਆਉਣਗੇ। ਇਸ ਮੌਕੇ ਹਰਪ੍ਰੀਤ ਸਿੰਘ ਹੈਪੀ, ਤਲਬੀਰ ਸਿੰਘ, ਜਗਮੋਹਨ ਸਿੰਘ, ਵਿੱਕੀ, ਹਰਜਿੰਦਰ ਸਿੰਘ, ਜਗਦੀਪ ਸਿੰਘ ਆਦਿ ਵੀ ਮੌਜੂਦ ਸਨ।