ਹੁਣ ਪੱਟੀ ਹਲਕੇ ’ਚ ਆਮ ਆਦਮੀ ਪਾਰਟੀ ਲਈ ਖੜ੍ਹਾ ਹੋਇਆ ਵੱਡਾ ਸੰਕਟ
ਉਕਤ ਆਗੂਆਂ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਅਤੇ ਸੋਮਵਾਰ ਨੂੰ ਇਕ ਤੋਂ ਬਾਅਦ ਇਕ ਕਈ ਆਗੂਆਂ ਦੀਆਂ ਪੋਸਟਾਂ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲੀਆਂ, ਜਿਸ ਨੇ ਸਿਆਸੀ ਫਿਜ਼ਾਵਾਂ ’ਚ ਨਵੀਂ ਬੇਚੈਨੀ ਪੈਦਾ ਕਰ ਦਿੱਤੀ ਹੈ।
Publish Date: Mon, 27 Apr 2026 07:31 PM (IST)
Updated Date: Tue, 28 Apr 2026 04:11 AM (IST)

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਸੱਤ ਰਾਜ ਸਭਾ ਮੈਂਬਰ ਗਵਾਉਣ ਵਾਲੀ ਆਮ ਆਦਮੀ ਪਾਰਟੀ ਪਹਿਲਾਂ ਹੀ ਮੁਸੀਬਤਾਂ ’ਚ ਚੱਲ ਰਹੀ ਹੈ। ਪਰ ਹੁਣ ਪੱਟੀ ਹਲਕੇ ’ਚ ਵੀ ਪਾਰਟੀ ਲਈ ਨਵੀਆਂਮੁਸੀਬਤਾਂ ਖੜ੍ਹੀਆਂ ਹੁੰਦੀਆਂ ਦਿਖਾਈ ਦੇਣ ਲੱਗੀਆਂ ਹਨ। ਹਲਕੇ ਨਾਲ ਸਬੰਧਤ ਦਰਜਨ ਦੇ ਕਰੀਬ ਸਰਪੰਚਾਂ, ਪੰਚਾਂ, ਚੇਅਰਮੈਨਾਂ ਤੇ ਪ੍ਰਮੁੱਖ ਅਹੁਦੇਦਾਰਾਂ ਨੇ ਡੀਐੱਮ ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਨਾਲ ਸੰਵੇਦਨਾ ਨਾ ਜਤਾਏ ਜਾਣ ’ਤੇ ਪਾਰਟੀ ਨਾਲ ਨਾਰਾਜ਼ਗੀ ਪ੍ਰਗਟ ਕਰਦਿਆਂ ਪੰਜ ਦਿਨਾਂ ਦਾ ਅਲਟੀਮੇਟਮ ਦੇ ਕੇ ਸਮੂਹਿਕ ਅਸਤੀਫਿਆਂ ਦੀ ਚੇਤਾਵਨੀ ਵੀ ਦੇ ਦਿੱਤੀ ਹੈ। ਇਹ ਚੇਤਾਵਨੀ ਉਕਤ ਆਗੂਆਂ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਅਤੇ ਸੋਮਵਾਰ ਨੂੰ ਇਕ ਤੋਂ ਬਾਅਦ ਇਕ ਕਈ ਆਗੂਆਂ ਦੀਆਂ ਪੋਸਟਾਂ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲੀਆਂ, ਜਿਸ ਨੇ ਸਿਆਸੀ ਫਿਜ਼ਾਵਾਂ ’ਚ ਨਵੀਂ ਬੇਚੈਨੀ ਪੈਦਾ ਕਰ ਦਿੱਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਹਾਲ ਹੀ ’ਚ ਅੰਮ੍ਰਿਤਸਰ ਦੌਰੇ ’ਤੇ ਆਏ ਸਨ, ਪਰ ਉਹ ਵੀ ਡੀਐੱਮ ਰੰਧਾਵਾ ਦੇ ਘਰ ਅਫ਼ਸੋਸ ਕਰਨ ਨਹੀਂ ਗਏ, ਜਿਸ ਕਾਰਨ ਪਾਰਟੀ ਵਰਕਰਾਂ ’ਚ ਨਾਰਾਜ਼ਗੀ ਹੋਰ ਵਧ ਗਈ ਹੈ। ਆਗੂਆਂ ਨੇ ਇਸ ਗੱਲ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜਦੋਂ ਹੋਰ ਸਾਰੀਆਂ ਪਾਰਟੀਆਂ ਦੇ ਆਗੂ ਦੁੱਖ ਸਾਂਝਾ ਕਰਨ ਪਹੁੰਚੇ, ਤਾਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਇਹ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਈ। ਇੱਥੇ ਜ਼ਿਕਰਯੋਗ ਹੈ ਕਿ ਡੀਐੱਮ ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ‘ਚ ਪੱਟੀ ਹਲਕੇ ਨਾਲ ਸਬੰਧਤ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਜੇਲ੍ਹ ’ਚ ਬੰਦ ਹਨ। ਆਪ ਆਗੂਆਂ ਨੇ ਆਪੋ-ਆਪਣੇ ਸੋਸ਼ਲ ਮੀਡੀਆਂ ਖਾਤਿਆਂ ’ਤੇ ਪੋਸਟਾਂ ਪਾ ਕੇ ਸਪੱਸ਼ਟ ਕੀਤਾ ਕਿ ਜੇਕਰ ਪੰਜ ਦਿਨਾਂ ’ਚ ਪਾਰਟੀ ਦੀ ਵੱਡੀ ਲੀਡਰਸ਼ਿਪ ਡੀਐੱਮ ਰੰਧਾਵਾ ਦੇ ਪਰਿਵਾਰ ਨਾਲ ਮਿਲ ਕੇ ਅਫ਼ਸੋਸ ਪ੍ਰਗਟ ਨਹੀਂ ਕਰਦੀ, ਤਾਂ ਇਸ ਦੇ ਗੰਭੀਰ ਨਤੀਜੇ ਸਾਹਮਣੇ ਆ ਸਕਦੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸਭ ਤੋਂ ਪਹਿਲਾਂ 10 ਪਿੰਡਾਂ ਦੀਆਂ ਪੰਚਾਇਤਾਂ ਇਕੱਠਿਆਂ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣਗੀਆਂ। ਇਨ੍ਹਾਂ ਪਿੰਡਾਂ ’ਚ ਸਭਰਾ, ਜੋੜਾ, ਕੈਰੋਂ, ਹਰੀਕੇ, ਮਰਹਾਣਾ, ਤੂਤ, ਸਰਹਾਲੀ ਕਾਲੇਕੇ ਉਤਾੜ, ਕੋਟ ਬੁੱਢਾ ਤੇ ਬੁਰਜ ਰਾਏ ਕੇ ਸ਼ਾਮਲ ਹਨ। ਆਗੂਆਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਹਰ ਰੋਜ਼ 10-10 ਪੰਚਾਇਤਾਂ ਵੱਲੋਂ ਅਸਤੀਫੇ ਦਿੱਤੇ ਜਾਣਗੇ, ਜਿਸ ਨਾਲ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਹਾਲਾਤ ਨਾ ਸੰਭਲੇ, ਤਾਂ ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਮਾਰਕੀਟ ਕਮੇਟੀ ਚੇਅਰਮੈਨ, ਤੇ ਸ਼ਹਿਰ ਦੀਆਂ ਵਾਰਡਾਂ ਦੇ ਪ੍ਰਧਾਨ ਤੇ ਐਮਸੀ ਵੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਸਕਦੇ ਹਨ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਡੀਐੱਮ ਰੰਧਾਵਾ ਦੇ ਪਰਿਵਾਰ ਨੂੰ ਸਰਕਾਰੀ ਨਿਯਮਾਂ ਅਨੁਸਾਰ ਸਾਰੇ ਹੱਕ ਤੇ ਲਾਭ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਪਰਿਵਾਰ ਦਾ ਨਹੀਂ, ਸਗੋਂ ਸਾਰੇ ਸਮਾਜ ਦਾ ਮਾਮਲਾ ਹੈ ਤੇ ਸਰਕਾਰ ਨੂੰ ਸੰਵੇਦਨਸ਼ੀਲਤਾ ਦਿਖਾਉਣੀ ਚਾਹੀਦੀ ਹੈ। ===== ਆਗੂਆਂ ਦੀ ਨਾਰਾਜ਼ਗੀ ਤੇ ਬਗਾਵਤ ਪਾਰਟੀ ਲਈ ਬਣ ਸਕਦੀ ਹੈ ਵੱਡੀ ਚੁਣੌਤੀ ਇਸ ਮਾਮਲੇ ਨੇ ਪੱਟੀ ਹਲਕੇ ’ਚ ਆਮ ਆਦਮੀ ਪਾਰਟੀ ਦੀ ਸਥਿਤੀ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਚੋਣਾਂ ਦੇ ਨਜ਼ਦੀਕ ਆਉਣ ਸਮੇਂ ਇਸ ਤਰ੍ਹਾਂ ਦੀ ਨਾਰਾਜ਼ਗੀ ਜਾਂ ਬਗਾਵਤ ਪਾਰਟੀ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੀ ਹੈ। ਹੁਣ ਸਭ ਦੀ ਨਜ਼ਰ ਪਾਰਟੀ ਦੀ ਉੱਚ ਲੀਡਰਸ਼ਿਪ ’ਤੇ ਟਿਕੀ ਹੋਈ ਹੈ ਕਿ ਉਹ ਇਸ ਮਾਮਲੇ ਨੂੰ ਕਿਵੇਂ ਸੰਭਾਲਦੀ ਹੈ ਤੇ ਆਗੂਆਂ ਦੀਆਂ ਚਿੰਤਾਵਾਂ ਦਾ ਕਿਵੇਂ ਜਵਾਬ ਦਿੰਦੀ ਹੈ। ਪੱਟੀ ਹਲਕੇ ’ਚ ਉੱਭਰ ਰਹੀ ਇਹ ਨਾਰਾਜ਼ਗੀ ਆਉਣ ਵਾਲੇ ਸਮੇਂ ’ਚ ਵੱਡੇ ਸਿਆਸੀ ਬਦਲਾਵਾਂ ਦਾ ਸੰਕੇਤ ਵੀ ਦੇ ਰਹੀ ਹੈ। ਜੇਕਰ ਪਾਰਟੀ ਨੇ ਸਮੇਂ ਸਿਰ ਕਦਮ ਨਾ ਚੁੱਕੇ, ਤਾਂ ਇਹ ਮਾਮਲਾ ਹੋਰ ਵੀ ਗੰਭੀਰ ਰੂਪ ਧਾਰਨ ਸਕਦਾ ਹੈ।