ਅਪ੍ਰੈਲ ਮਹੀਨੇ ਦੀ ਪੈਨਸ਼ਨ ਅਜੇ ਤਕ ਨਾ ਦੇਣਾ ਨਿਖੇਧੀਯੋਗ : ਮਾਣੋਚਾਹਲ, ਲਾਲਪੁਰਾ
ਮੀਟਿੰਗ ’ਚ ਪੈਨਸ਼ਨਰਾਂ ਦੀਆਂ ਮੰਗਾਂ ’ਤੇ ਵਿਚਾਰ ਕੀਤਾ ਗਿਆ
Publish Date: Wed, 06 May 2026 04:27 PM (IST)
Updated Date: Thu, 07 May 2026 04:03 AM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਗੌਰਮਿੰਟ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਤਰਨਤਾਰਨ ਦੀ ਮਹੀਨਾਵਾਰ ਮੀਟਿੰਗ ਕਰਮ ਸਿੰਘ ਦੀ ਪ੍ਰਧਾਨਗੀ ਹੇਠ ਗਾਂਧੀ ਪਾਰਕ ਤਰਨਤਾਰਨ ਵਿਖੇ ਕੀਤੀ ਗਈ। ਮੀਟਿੰਗ ’ਚ ਪੈਨਸ਼ਨਰਾਂ ਦੀਆਂ ਮੰਗਾਂ ’ਤੇ ਵਿਚਾਰ ਕੀਤਾ ਗਿਆ। ਜਦੋਂਕਿ ਸਰਬ ਸੰਮਤੀ ਨਾਲ ਜਗਵਿੰਦਰ ਸਿੰਘ ਲਹਿਰੀ ਨੂੰ ਯੂਨੀਅਨ ਦਾ ਮੀਤ ਪ੍ਰਧਾਨ ਤੇ ਇੰਦਰ ਸਿੰਘ ਲੋਹੁਕਾ ਨੂੰ ਜਥੇਬੰਦਕ ਸਕੱਤਰ ਚੁਣਿਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਸਿੰਘ ਮਾਣੋਚਾਹਲ, ਡਾ.ਅਜਮੇਰ ਸਿੰਘ, ਬਲਬੀਰ ਸਿੰਘ ਮੱਲ੍ਹੀ ਤੇ ਕਰਮ ਸਿੰਘ ਲਾਲਪੁਰਾ ਨੇ ਪੰਜਾਬ ਸਰਕਾਰ ਵੱਲੋਂ ਐੱਸਬੀਆਈ ਤੋਂ ਪੈਨਸ਼ਨ ਪ੍ਰਾਪਤ ਕਰਨ ਵਾਲੇ ਸਾਰੇ ਪੈਨਸ਼ਨਰਾਂ ਦੇ ਖਾਤੇ ’ਚ ਅਪ੍ਰੈਲ ਮਹੀਨੇ ਦੀ ਪੈਨਸ਼ਨ ਅਜੇ ਤਕ ਕ੍ਰੈਡਿਟ ਨਾ ਕਰਾਉਣ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਅੱਗੇ ਦੱਸਿਆ ਕਿ ਬਹੁਤ ਸਾਰੇ ਪੈਨਸ਼ਨਰਾਂ ਦੀ ਰੋਜ਼ੀ ਰੋਟੀ ਦਾ ਇਕ ਮਾਤਰ ਸਹਾਰਾ ਕੇਵਲ ਪੈਨਸ਼ਨ ਹੈ, ਜਿੱਥੇ ਪੈਨਸ਼ਨ ਤੋਂ ਉਨ੍ਹਾਂ ਨੇ ਖਾਣਾ ਦਾਣਾ ਖਰੀਦਣਾ ਹੁੰਦਾ ਹੈ, ਉੱਥੇ ਵਧਦੀ ਉਮਰ ਕਾਰਨ ਦਵਾਈਆਂ ਵੀ ਲੈਣੀਆਂ ਪੈਂਦੀਆਂ ਹਨ। ਕੁਝ ਪੈਨਸ਼ਨਰਾਂ ਨੂੰ ਘਰੇਲੂ ਲੋੜਾਂ ਲਈ ਬੈਂਕਾਂ ਤੋਂ ਲਏ ਲੋਨ ਤੇ ਬੀਮੇ ਆਦਿ ਦੀਆਂ ਕਿਸ਼ਤਾਂ ਅਦਾ ਕਰਨ ਦੀ ਲੋੜ ਹੁੰਦੀ ਹੈ, ਜੋ ਸਮੇਂ ਸਿਰ ਨਾ ਦੇਣ ਕਾਰਨ ਡਿਫਾਲਟਰ ਹੋਣ ਦਾ ਡਰ ਹੈ। ਹੈਰਾਨੀ ਦੀ ਗੱਲ ਹੈ ਸਰਕਾਰ ਆਪਣੇ ਹੋਰ ਫਾਲਤੂ ਖਰਚੇ ਰੋਕਣ ਦੀ ਥਾਂ ਬੁਢਾਪੇ ਨਾਲ ਘੁਲਦੇ ਲੋਕਾਂ ਦੀਆਂ ਪੈਨਸ਼ਨਾਂ ਬੰਦ ਕਰ ਕੇ ਉਨ੍ਹਾਂ ਨੂੰ ਖੱਜਲ ਖੁਆਰ ਕਰ ਰਹੀ ਹੈ। ਮੀਟਿੰਗ ’ਚ ਮਤਾ ਪਾਸ ਕਰ ਕੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੇ ਹੱਕ ’ਚ ਹਾਈਕੋਰਟ ਦੇ ਡੀਏ ਦੀ ਅਦਾਇਗੀ ਕਰਨ ਦੇ ਫ਼ੈਸਲੇ ਵਿਰੁੱਧ ਐੱਲਪੀਏ ਦਾਇਰ ਕਰਵਾਉਣ ਦੀ ਸਖ਼ਤ ਨਿੰਦਾ ਕੀਤੀ ਗਈ ਤੇ ਅਦਾਲਤ ਦੇ ਫ਼ੈਸਲੇ ਵਿਰੁੱਧ ਸਟੇਅ ਜਾਰੀ ਨਾ ਕਰਨ ਦਾ ਧੰਨਵਾਦ ਕੀਤਾ। ਉਨ੍ਹਾਂ ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਸਰਕਾਰ ਨੂੰ ਯਾਦ ਕਰਵਾਇਆ ਕਿ ਐੱਨਪੀਐੱਸ ਦੀ ਥਾਂ ਓਪੀਐੱਸ ਲਾਗੂ ਕਰਨ, ਕੇਂਦਰ ਦੇ ਬਰਾਬਰ ਡੀਏ ਨਕਦ ਦੇਣ, ਪੈਨਸ਼ਨ ਸੋਧ ਲਈ 2.59 ਦਾ ਫਾਰਮੂਲਾ ਲਾਗੂ ਕਰਨ, ਹਰ ਪੈਨਸ਼ਨਰ ਦਾ ਹਰ ਤਰ੍ਹਾਂ ਦਾ ਮੁਫ਼ਤ ਇਲਾਜ ਕਰਵਾਉਣ ਲਈ ਪੰਜ ਲੱਖ ਤਕ ਦਾ ਬੀਮਾ ਆਦਿ ਮੰਗਾਂ ਨਾ ਮੰਨੀਆਂ ਤਾਂ ਪੰਜਾਬ ਦੇ ਪੈਨਸ਼ਨਰ ਲਾਜ਼ਮੀ ਤੌਰ ’ਤੇ ਇਸ ਦਾ ਜਵਾਬ ਬੰਗਾਲ ਦੇ ਮੁਲਾਜ਼ਮਾਂ ਵਾਂਗ 2027 ’ਚ ਦੇਣਗੇ। ਮੀਟਿੰਗ ਨੂੰ ਨਛੱਤਰ ਸਿੰਘ ਮੁਗਲਚੱਕ, ਇੰਦਰ ਸਿੰਘ ਲੋਹੁਕਾ ਅਤੇ ਤਰਸੇਮ ਸਿੰਘ ਲਾਲੂਘੁੰਮਣ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕੁਲਵੰਤ ਸਿੰਘ ਗਿੱਲ, ਮਨਜੀਤ ਸਿੰਘ ਨੂਰਪੁਰ, ਪ੍ਰਗਟ ਸਿੰਘ ਝਾਮਕਾ, ਹੀਰਾ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਵਿਜੇ ਕੁਮਾਰ ਜੋਸ਼ੀ, ਵਿਜੇ ਕੁਮਾਰ ਪੁੰਜ, ਕਸ਼ਮੀਰ ਸਿੰਘ ਢਿੱਲੋਂ, ਰਾਜਬੀਰ ਕੁਮਾਰ, ਹਰਜੀਤ ਸਿੰਘ ਜੱਸਲ, ਤਰਸੇਮ ਸਿੰਘ, ਰਮਾਕਾਂਤ, ਚੰਚਲ ਸਿੰਘ ਅਤੇ ਗੁਰਦੀਪ ਸਿੰਘ ਤਰਨਤਾਰਨ ਆਦਿ ਸਾਥੀ ਸ਼ਾਮਿਲ ਸਨ।