ਸਰਹੱਦ ਪਾਰੋਂ ਹਥਿਆਰ ਮੰਗਵਾਉਣ ਵਾਲੇ ਨੈੱਟਵਰਕ ਦਾ ਪਰਦਾਫਾਸ਼; ਦੋ ਨੌਜਵਾਨ ਹਥਿਆਰਾਂ ਸਮੇਤ ਕਾਬੂ
ਸੀਆਈਏ ਸਟਾਫ਼ ਤਰਨਤਾਰਨ ਦੀ ਪੁਲਿਸ ਨੇ ਪਾਕਿਸਤਾਨੀ ਤਸਕਰਾਂ ਨੂੰ ਲੁਕੇਸ਼ਨ ਭੇਜ ਕੇ ਡ੍ਰੋਨ ਰਾਂਹੀ ਅਸਲਾ ਮੰਗਵਾਉਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਦੇ ਕਬਜੇ ਵਿੱਚੋਂ 9 ਐੱਮਐੱਮ ਦਾ ਪਿਸਤੌਲ ਬਰਾਮਦ ਹੋਇਆ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਸੀਆਈਏ ਸਟਾਫ ਦੇ ਏਐੱਸਆਈ ਮਹਿਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਗਸ਼ਤ ਦੌਰਾਨ ਨਾਰਲੀ ਮੋੜ ਖਾਲੜਾ ਵਿਖੇ ਮੌਜੂਦ ਸੀ।
Publish Date: Sat, 18 Apr 2026 01:07 PM (IST)
Updated Date: Sat, 18 Apr 2026 01:11 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਤਰਨਤਾਰਨ। ਸੀਆਈਏ ਸਟਾਫ਼ ਤਰਨਤਾਰਨ ਦੀ ਪੁਲਿਸ ਨੇ ਪਾਕਿਸਤਾਨੀ ਤਸਕਰਾਂ ਨੂੰ ਲੁਕੇਸ਼ਨ ਭੇਜ ਕੇ ਡ੍ਰੋਨ ਰਾਂਹੀ ਅਸਲਾ ਮੰਗਵਾਉਣ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਦੇ ਕਬਜੇ ਵਿੱਚੋਂ 9 ਐੱਮਐੱਮ ਦਾ ਪਿਸਤੌਲ ਬਰਾਮਦ ਹੋਇਆ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਸੀਆਈਏ ਸਟਾਫ ਦੇ ਏਐੱਸਆਈ ਮਹਿਲ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਗਸ਼ਤ ਦੌਰਾਨ ਨਾਰਲੀ ਮੋੜ ਖਾਲੜਾ ਵਿਖੇ ਮੌਜੂਦ ਸੀ।
ਇਸੇ ਦੌਰਾਨ ਸੂਚਨਾ ਮਿਲੀ ਕਿ ਅਕਾਸ਼ਦੀਪ ਸਿੰਘ ਅਕਾਸ਼ ਪੁੱਤਰ ਗੁਰਸੇਵਕ ਸਿੰਘ ਵਾਸੀ ਮਾੜੀਮੇਘਾ ਅਤੇ ਕਰਨਦੀਪ ਸਿੰਘ ਗੌਰੀ ਪੁੱਤਰ ਬਲਦੇਵ ਸਿੰਘ ਵਾਸੀ ਚੂਸਲੇਵੜ੍ਹ ਜੋ ਹੁਣ ਭਿੱਖੀਵਿੰਡ ਰਹਿੰਦਾ ਹੈ, ਪਾਕਿਸਤਾਨੀ ਸਮੱਗਲਰਾਂ ਨੂੰ ਮੋਬਾਈਲ ਫੋਨ ’ਤੇ ਲੁਕੇਸ਼ਨ ਭੇਜ ਕੇ ਡ੍ਰੋਨ ਰਾਂਹੀ ਪਿਸਤੌਲ ਮੰਗਵਾਉਂਦੇ ਹਨ। ਜਦੋਂਕਿ ਦੋਵਾਂ ਦੇ ਸਰਹੱਦ ਨਾਲ ਲੱਗਦੇ ਪਿੰਡਾਂ ਵਿਚ ਹੋਣ ਦੀ ਸੂਚਨਾ ਵੀ ਹੱਥ ਲੱਗੀ ਸੀ। ਜਿਸਦੇ ਚੱਲਦਿਆਂ ਦੋਵਾਂ ਨੂੰ ਪੁਲਿਸ ਨੇ 9ਐੱਮਐੱਮ ਦੇ ਪਿਸਤੌਲ ਸਣੇ ਗ੍ਰਿਫ਼ਤਾਰ ਕਰ ਲਿਆ।
ਉਨ੍ਹਾਂ ਦੱਸਿਆ ਕਿ ਅਕਾਸ਼ਦੀਪ ਸਿੰਘ ਅਤੇ ਕਰਨਦੀਪ ਸਿੰਘ ਵਿਰੁੱਧ ਥਾਣਾ ਖਾਲੜਾ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਦੋਂਕਿ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ ਅਤੇ ਪੁੱਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।