ਮਿਊਂਸੀਪਲ ਕਾਮਿਆਂ ਨੇ ਬਾਜ਼ਾਰ ’ਚ ਕੀਤਾ ਰੋਸ ਪ੍ਰਦਰਸ਼ਨ
ਜੇਕਰ ਸਰਕਾਰ ਵੱਲੋਂ ਹੋਈਆਂ ਸਹਿਮਤੀਆਂ ਨੂੰ ਅਮਲੀ ਰੂਪ ਨਾ ਦਿੱਤਾ ਗਿਆ ਤਾਂ ਜਥੇਬੰਦੀ ਵੱਲੋਂ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ
Publish Date: Mon, 11 May 2026 06:03 PM (IST)
Updated Date: Tue, 12 May 2026 04:06 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਲੈ ਕੇ ਮਿਊਂਸੀਪਲ ਮੁਲਾਜ਼ਮਾਂ ਵੱਲੋਂ ਸੋਮਵਾਰ ਨੂੰ ਪੱਟੀ ਦੇ ਬਾਜ਼ਾਰਾਂ ’ਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਲੋਅਰ ਗਰੇਡ ਮਿਊਂਸੀਪਲ ਇੰਪਲਾਈਜ਼ ਯੂਨੀਅਨ ਦੀ ਅਗਵਾਈ ਹੇਠ ਮੁਲਾਜ਼ਮਾਂ ਨੇ ਦਫ਼ਤਰੀ ਤੇ ਸਫ਼ਾਈ ਦਾ ਕੰਮਕਾਜ ਠੱਪ ਕਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਦੌਰਾਨ ਮੁਲਾਜ਼ਮਾਂ ਨੇ ਆਪਣੇ ਹੱਥਾਂ ’ਚ ਮੰਗਾਂ ਸਬੰਧੀ ਤਖ਼ਤੀਆਂ ਫੜੀਆਂ ਹੋਈਆਂ ਸਨ। ਯੂਨੀਅਨ ਦੇ ਪ੍ਰਧਾਨ ਬਲਵੰਤ ਰਾਏ ਦੀ ਪ੍ਰਧਾਨਗੀ ਹੇਠ ਇਹ ਰੋਸ ਪ੍ਰਦਰਸ਼ਨ 6 ਮਈ ਤੋਂ ਚੱਲ ਰਹੇ ਸੰਘਰਸ਼ ਦੇ ਛੇਵੇਂ ਦਿਨ ਕੀਤਾ ਗਿਆ। ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ’ਚ ਕੰਟਰੈਕਟ, ਆਊਟਸੋਰਸਿੰਗ ਤੇ ਠੇਕਾ ਆਧਾਰਿਤ ਕੰਮ ਕਰਦੇ ਸਮੂਹ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨਾ, ‘ਬਰਾਬਰ ਕੰਮ-ਬਰਾਬਰ ਤਨਖਾਹ’ ਸਬੰਧੀ ਕੋਰਟ ਦੇ ਫ਼ੈਸਲੇ ਨੂੰ ਲਾਗੂ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ ਤੇ ਖਾਲੀ ਪਈਆਂ ਅਸਾਮੀਆਂ ’ਤੇ ਸਿੱਧੀ ਪੱਕੀ ਭਰਤੀ ਕਰਨਾ ਸ਼ਾਮਲ ਹਨ। ਬਸ ਸਟੈਂਡ ਪੱਟੀ ਵਿਖੇ ਹੋਈ ਰੋਸ ਰੈਲੀ ਨੂੰ ਜਨਰਲ ਸਕੱਤਰ ਗੁਰਨਾਮ ਸਿੰਘ ਪੱਟੀ, ਦਫ਼ਤਰ ਸਕੱਤਰ ਲਖਬੀਰ ਸਿੰਘ ਸ਼ਹੀਦ, ਮੀਤ ਪ੍ਰਧਾਨ ਚਾਂਦ, ਸੰਦੀਪ ਸਿੰਘ, ਸਾਬਕਾ ਪ੍ਰਧਾਨ ਲੇਖ ਰਾਜ ਤੇ ਗੌਰਵ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਲੰਬੇ ਸਮੇਂ ਤੋਂ ਅਣਡਿੱਠ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਪੀਐੱਸਪੀਸੀਐੱਲ ਸਰਕਲ ਤਰਨਤਾਰਨ ਦੇ ਵਿੱਤ ਸਕੱਤਰ ਹਰਭਜਨ ਸਿੰਘ ਪੱਟੀ, ਪੈਨਸ਼ਨਰ ਆਗੂ ਮਾਸਟਰ ਜਗਤਾਰ ਸਿੰਘ ਆਸਲ ਤੇ ਨਿਰਮਾਣ ਯੂਨੀਅਨ ਦੇ ਆਗੂ ਕਾਮਰੇਡ ਧਰਮ ਸਿੰਘ ਨੇ ਵੀ ਮੁਲਾਜ਼ਮਾਂ ਦੇ ਸੰਘਰਸ਼ ਦਾ ਸਮਰਥਨ ਕਰਦਿਆਂ ਸਰਕਾਰ ਤੋਂ ਮੰਗਾਂ ਤੁਰੰਤ ਪ੍ਰਵਾਨ ਕਰਨ ਦੀ ਮੰਗ ਕੀਤੀ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਹੋਈਆਂ ਸਹਿਮਤੀਆਂ ਨੂੰ ਅਮਲੀ ਰੂਪ ਨਾ ਦਿੱਤਾ ਗਿਆ ਤਾਂ ਜਥੇਬੰਦੀ ਵੱਲੋਂ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਸ ਮੌਕੇ ਸਾਬਕਾ ਪ੍ਰਧਾਨ ਗੌਰਵ, ਲੇਖ ਰਾਜ, ਰਾਮ ਲਾਲ, ਰੋਹਿਨ, ਹਰਵਿੰਦਰ ਸਿੰਘ, ਮਾਸਟਰ ਸੁਖਦੇਵ ਰਾਜ, ਜਸਬੀਰ ਸਿੰਘ, ਬਲਕਾਰ ਸਿੰਘ, ਦਿਲਬਾਗ ਸਿੰਘ, ਰਵੀ, ਮਲਕੀਤ ਸਿੰਘ, ਬਲਜਿੰਦਰ ਸਿੰਘ ਪਹਿਲਵਾਨ, ਸੁੱਚਾ ਸਿੰਘ, ਸੋਨਾ ਸਿੰਘ, ਗਗਨਦੀਪ ਸਿੰਘ, ਬਿੰਨੀ, ਅੰਮ੍ਰਿਤਪਾਲ ਸਿੰਘ, ਜਗਦੀਪ ਸਿੰਘ, ਚੰਨਬੀਰ ਸਿੰਘ, ਨਿਰਮਲ ਸਿੰਘ, ਆਕਾਸ਼, ਵਿੱਕੀ, ਰਣਜੀਤ ਕੌਰ, ਕਿਰਨ, ਰਜਨੀਤ ਕੌਰ, ਰਾਜ ਕੌਰ, ਦਰਸ਼ਨ ਕੌਰ, ਹਰਜੀਤ ਕੌਰ ਅਤੇ ਮਨਜੀਤ ਕੌਰ ਸਮੇਤ ਵੱਡੀ ਗਿਣਤੀ ’ਚ ਮੁਲਾਜ਼ਮ ਹਾਜ਼ਰ ਸਨ।