ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਰਵਾਨਾ ਕੀਤੀ ਤੀਰਥ ਯਾਤਰਾ ਬੱਸ
ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਤੇ ਅਜਿਹੀਆਂ ਯੋਜਨਾਵਾਂ ਰਾਹੀਂ ਸਮਾਜ ਦੇ ਹਰ ਵਰਗ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ
Publish Date: Mon, 27 Apr 2026 04:41 PM (IST)
Updated Date: Tue, 28 Apr 2026 04:05 AM (IST)

ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਰਵਾਨਾ ਕੀਤੀ ਤੀਰਥ ਯਾਤਰਾ ਬੱਸ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸੋਮਵਾਰ ਨੂੰ ਪਿੰਡ ਜੀਓਬਾਲਾ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਅਧੀਨ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸਥਾਨਕ ਵਾਸੀ, ਪਾਰਟੀ ਵਰਕਰ ਤੇ ਧਾਰਮਿਕ ਸੰਗਤ ਮੌਜੂਦ ਰਹੀ। ਵਿਧਾਇਕ ਲਾਲਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਹ ਤੀਰਥ ਯਾਤਰਾ ਸਕੀਮ ਆਮ ਲੋਕਾਂ ਲਈ ਬਹੁਤ ਹੀ ਲਾਭਕਾਰੀ ਸਾਬਿਤ ਹੋ ਰਹੀ ਹੈ, ਜਿਸ ਰਾਹੀਂ ਲੋਕ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਬਿਨਾ ਕਿਸੇ ਆਰਥਿਕ ਬੋਝ ਤੋਂ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਤੇ ਅਜਿਹੀਆਂ ਯੋਜਨਾਵਾਂ ਰਾਹੀਂ ਸਮਾਜ ਦੇ ਹਰ ਵਰਗ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਯਾਤਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਆਪਣੀ ਯਾਤਰਾ ਸ਼ਰਧਾ ਤੇ ਭਗਤੀ ਨਾਲ ਪੂਰੀ ਕਰਨ ਤੇ ਸੁੱਖ-ਸਲਾਮਤ ਵਾਪਸ ਆਪਣੇ ਘਰ ਪਰਤਣ। ਇਸ ਮੌਕੇ ਮੌਜੂਦ ਆਗੂਆਂ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਚੇਅਰਮੈਨ ਮੰਡੀ ਬੋਰਡ ਅਮਰਿੰਦਰ ਸਿੰਘ ਐਮੀ, ਜ਼ਿਲ੍ਹਾ ਜਨਰਲ ਸਕੱਤਰ ਅੰਜੂ ਵਰਮਾ, ਤੀਰਥ ਯਾਤਰਾ ਹਲਕਾ ਕੋਆਰਡੀਨੇਟਰ ਕੁਲਦੀਪ ਸਿੰਘ ਫੈਲੋਕੇ, ਚੇਅਰਮੈਨ ਬਲਜੀਤ ਸਿੰਘ ਖਹਿਰਾ, ਚੇਅਰਮੈਨ ਸ਼ੇਰ ਸਿੰਘ ਝੰਡੇਰ ਆਦਿ ਹਾਜ਼ਰ ਸਨ।