ਵਿਧਾਇਕ ਧੁੰਨ ਨੇ ਕੀਤਾ ਰਾਜੋਕੇ ਮੰਡੀ ਦਾ ਦੌਰਾ, ਕਣਕ ਦੀ ਖ਼ਰੀਦ ਦਾ ਲਿਆ ਜਾਇਜ਼ਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਕਿਸੇ ਵੀ ਕਿਸਾਨ ਨੂੰ ਮੰਡੀ ’ਚ ਕੋਈ ਦਿੱਕਤ ਨਾ ਆਵੇ।
Publish Date: Sat, 25 Apr 2026 03:41 PM (IST)
Updated Date: Sun, 26 Apr 2026 04:01 AM (IST)

ਸਰਬਜੀਤ ਸਿੰਘ ਛੀਨਾ•,ਪੰਜਾਬੀ ਜਾਗਰਣ, ਖਾਲੜਾ : ਹਲਕਾ ਖੇਮਕਰਨ ਦੇ ਪਿੰਡ ਰਾਜੋਕੇ ਦੀ ਦਾਣਾ ਮੰਡੀ ਵਿਖੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵੱਲੋ ਕਣਕ ਦੀ ਖ਼ਰੀਦ ਪ੍ਰਕਿਰਿਆ ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਧੁੰਨ ਨੇ ਸਬੰਧਤ ਅਧਿਕਾਰੀ, ਆੜ੍ਹਤੀਏ ਤੇ ਪਿੰਡ ਵਾਸੀਆਂ ਦੀ ਹਾਜ਼ਰੀ ’ਚ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਕਿਸੇ ਵੀ ਕਿਸਾਨ ਨੂੰ ਮੰਡੀ ’ਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਦੀ ਫ਼ਸਲ ਦੀ ਖ਼ਰੀਦ ਸਮੇਂ ਸਿਰ ਕੀਤੀ ਜਾ ਰਹੀ ਹੈ ਤੇ ਵੱਖ-ਵੱਖ ਖ਼ਰੀਦ ਏਜੰਸੀਆਂ ਵੱਲੋਂ ਬਾਰਦਾਨਾ ਵੀ ਮੌਕੇ ‘ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਭੁਗਤਾਨ ਸਮੇਂ ਸਿਰ ਕੀਤਾ ਜਾ ਰਿਹਾ ਹੈ। ਜਿਸ ਨਾਲ ਮੰਡੀਆਂ ’ਚ ਪ੍ਰਬੰਧ ਸੁਚੱਜੇ ਢੰਗ ਨਾਲ ਚੱਲ ਰਹੇ ਹਨ। ਮੰਡੀ ’ਚੋਂ ਮਾਲ ਦੀ ਚੁਕਾਈ ਬਾਰੇ ਵੀ ਉਨ੍ਹਾਂ ਸੰਤੁਸ਼ਟੀ ਜਿਤਾਈ ਤੇ ਕਿਹਾ ਕਿ ਟਰਾਂਸਪੋਰਟ ਠੇਕੇਦਾਰਾਂ ਵੱਲੋਂ ਅਨਾਜ ਦੀ ਚੁਕਾਈ ਵਧੀਆ ਤਰੀਕੇ ਨਾਲ ਕੀਤੀ ਜਾ ਰਹੀ। ਜਿਸ ਨਾਲ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆ ਰਹੀ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ, ਸਰਪੰਚ ਰਾਜਵੀਰ ਸਿੰਘ ਭੁੱਲਰ, ਸੁਖਰਾਜ ਸਿੰਘ ਬੀਏ ਤੇ ਹੋਰ ਆੜ੍ਹਤੀਆਂ ਵੱਲੋਂ ਵਿਧਾਇਕ ਧੁੰਨ ਨੂੰ ਸਨਮਾਨਿਤ ਕਰਦਿਆਂ ਮੰਡੀ ਦੇ ਸੁਚੱਜੇ ਪ੍ਰਬੰਧਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ।