ਮਾਨਸਿਕ ਤੌਰ ’ਤੇ ਪਰੇਸ਼ਾਨ ਨੌਜਵਾਨ ਨੇ ਕਹੀ ਮਾਰ ਕੇ ਭੈਣ ਨੂੰ ਉਤਾਰਿਆ ਮੌਤ ਦੇ ਘਾਟ, ਪਤਨੀ ਤੇ ਮਾਂ ਨੂੰ ਵੀ ਕੀਤਾ ਜ਼ਖ਼ਮੀ
ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਸਭਰਾ ਵਿੱਚ ਝਟਕਈ (ਮੀਟ ਵੇਚਣ) ਦਾ ਕੰਮ ਕਰਦੇ ਨੌਜਵਾਨ ਰਸਾਲ ਸਿੰਘ ਨੇ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਪਰਿਵਾਰ ’ਤੇ ਹਮਲਾ ਕਰ ਦਿੱਤਾ। ਉਸ ਨੇ ਕਹੀ ਮਾਰ ਕੇ ਆਪਣੀ ਛੋਟੀ ਭੈਣ ਸੰਦੀਪ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਅਤੇ ਮਾਂ ’ਤੇ ਵੀ ਹਮਲਾ ਕਰ ਦਿੱਤਾ।
Publish Date: Thu, 21 May 2026 02:50 PM (IST)
Updated Date: Thu, 21 May 2026 04:49 PM (IST)

ਧਰਮਬੀਰ ਸਿੰਘ ਮਲਹਾਰ, ਜਾਗਰਣ, ਤਰਨਤਾਰਨ। ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਸਭਰਾ ਵਿੱਚ ਝਟਕਈ (ਮੀਟ ਵੇਚਣ) ਦਾ ਕੰਮ ਕਰਦੇ ਨੌਜਵਾਨ ਰਸਾਲ ਸਿੰਘ ਨੇ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਪਰਿਵਾਰ ’ਤੇ ਹਮਲਾ ਕਰ ਦਿੱਤਾ। ਉਸ ਨੇ ਕਹੀ ਮਾਰ ਕੇ ਆਪਣੀ ਛੋਟੀ ਭੈਣ ਸੰਦੀਪ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਅਤੇ ਮਾਂ ’ਤੇ ਵੀ ਹਮਲਾ ਕਰ ਦਿੱਤਾ।
ਰਸਾਲ ਸਿੰਘ ਨੇ ਉਗਰ ਰੂਪ ਅਖ਼ਤਿਆਰ ਕਰਦਿਆਂ ਪਾਲਤੂ ਕੁੱਤਿਆਂ ਅਤੇ ਬੱਕਰੀਆਂ ’ਤੇ ਵੀ ਹਮਲਾ ਕੀਤਾ। ਇਸ ਹਮਲੇ ਤੋਂ ਬਾਅਦ ਉਹ ਆਪਣੇ ਪਿਤਾ ਮੁਖਤਿਆਰ ਸਿੰਘ ਨੂੰ ਵੀ ਲੱਭਣ ਨਿਕਲਿਆ ਪਰ ਉਹ ਦੁਕਾਨ ’ਤੇ ਮੌਜੂਦ ਨਹੀਂ ਸਨ।
ਮੁਲਜ਼ਮ ਨੌਜਵਾਨ ਬਾਅਦ ਵਿੱਚ ਆਪਣੇ ਭਤੀਜੇ ਦੇ ਸਰਕਾਰੀ ਸਕੂਲ ਤੱਕ ਕਹੀ ਲੈ ਕੇ ਪਹੁੰਚ ਗਿਆ। ਸਥਾਨਕ ਲੋਕਾਂ ਨੇ ਬੜੀ ਮੁਸ਼ਕਲ ਨਾਲ ਉਸ ’ਤੇ ਕਾਬੂ ਪਾਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ। ਰਸਾਲ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।
ਥਾਣਾ ਸਦਰ ਪੱਟੀ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਹਮਲੇ ਦੌਰਾਨ ਜ਼ਖ਼ਮੀ ਹੋਈ ਰਸਾਲ ਸਿੰਘ ਦੀ ਮਾਂ ਅਤੇ ਪਤਨੀ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ। ਇੱਕ ਪਾਲਤੂ ਕੁੱਤੇ ਅਤੇ ਇੱਕ ਬੱਕਰੀ ਦੀ ਵੀ ਮੌਤ ਹੋਈ ਹੈ। ਸੰਦੀਪ ਕੌਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਭੇਜ ਦਿੱਤਾ ਗਿਆ ਹੈ। ਰਸਾਲ ਸਿੰਘ ਨੇ ਇਹ ਹਮਲਾ ਕਿਉਂ ਕੀਤਾ, ਇਸ ਬਾਰੇ ਜਾਂਚ ਅਜੇ ਜਾਰੀ ਹੈ। ਹਾਲਾਂਕਿ, ਇਸ ਵਾਰਦਾਤ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਪੂਰੇ ਪਰਿਵਾਰ ਨੂੰ ਬਣਾਇਆ ਨਿਸ਼ਾਨਾ
ਪਿੰਡ ਦੇ ਲੋਕਾਂ ਰਣਜੀਤ ਸਿੰਘ, ਗੁਰਦੇਵ ਸਿੰਘ, ਸੁਖਵਿੰਦਰ ਸਿੰਘ, ਹਰਨਾਮ ਸਿੰਘ ਦਾ ਕਹਿਣਾ ਹੈ ਕਿ ਰਸਾਲ ਸਿੰਘ ਅਕਸਰ ਗੁੱਸੇ ਵਿੱਚ ਆ ਜਾਂਦਾ ਸੀ। ਪਿੰਡ ਦੇ ਬੱਸ ਅੱਡੇ ’ਤੇ ਉਹ ਆਪਣੇ ਪਿਤਾ ਮੁਖਤਿਆਰ ਸਿੰਘ ਨਾਲ ਝਟਕਈ ਦੀ ਦੁਕਾਨ ਚਲਾਉਂਦਾ ਸੀ। ਕਈ ਵਾਰ ਉਹ ਗਾਹਕਾਂ ਨਾਲ ਵੀ ਲੜਾਈ-ਝਗੜਾ ਕਰਦਾ ਸੀ।
ਕਰੀਬ 20 ਮਿੰਟਾਂ ਵਿੱਚ ਉਸ ਨੇ ਪੂਰੇ ਪਰਿਵਾਰ ਨੂੰ ਨਿਸ਼ਾਨਾ ਬਣਾਉਣ ਤੋਂ ਬਾਅਦ ਪਹਿਲਾਂ ਪਿਤਾ ਨੂੰ ਲੱਭਿਆ, ਫਿਰ ਸਕੂਲ ਵਿੱਚ ਪੜ੍ਹਦੇ ਛੋਟੇ ਭਤੀਜੇ ’ਤੇ ਹਮਲਾ ਕਰਨ ਨਿਕਲਿਆ। ਦੱਸ ਦੇਈਏ ਕਿ ਰਸਾਲ ਸਿੰਘ ਦੇ ਭਰਾ ਸੋਨੂੰ ਸਿੰਘ ਦੀ ਕਰੀਬ ਇੱਕ ਸਾਲ ਪਹਿਲਾਂ ਗੁਜਰਾਤ ਵਿੱਚ ਇੱਕ ਹਾਦਸੇ ਦੌਰਾਨ ਮੌਤ ਹੋ ਗਈ ਸੀ।