20 ਨੂੰ ਬੰਦ ਰਹਿਣਗੇ ਦੇਸ਼ ਭਰ ਦੇ ਮੈਡੀਕਲ ਸਟੋਰ, ਕੈਮਿਸਟ ਐਸੋਸੀਏਸ਼ਨ ਨੇ ਕੀਤਾ ਹੜਤਾਲ ਦਾ ਐਲਾਨ
ਹੜਤਾਲ ਦੌਰਾਨ ਮੈਡੀਕਲ ਸਟੋਰਾਂ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ ਤੇ ਇਹ ਹੜਤਾਲ ਸ਼ਾਂਤੀਪੂਰਵਕ ਤਰੀਕੇ ਨਾਲ ਕੀਤੀ ਜਾਵੇਗੀ।
Publish Date: Mon, 11 May 2026 05:13 PM (IST)
Updated Date: Tue, 12 May 2026 04:04 AM (IST)

20 ਨੂੰ ਬੰਦ ਰਹਿਣਗੇ ਦੇਸ਼ ਭਰ ਦੇ ਮੈਡੀਕਲ ਸਟੋਰ, ਕੈਮਿਸਟ ਐਸੋਸੀਏਸ਼ਨ ਨੇ ਕੀਤਾ ਹੜਤਾਲ ਦਾ ਐਲਾਨ ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਕੈਮਿਸਟ ਐਸੋਸੀਏਸ਼ਨ ਤੇ ਆਲ ਇੰਡੀਆ ਆਰਗੇਨਾਈਜੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ 20 ਮਈ ਨੂੰ ਪੂਰੇ ਭਾਰਤ ’ਚ ਮੈਡੀਕਲ ਸਟੋਰ ਬੰਦ ਰਹਿਣਗੇ। ਇਹ ਹੜਤਾਲ ਸ਼ਾਂਤੀਪੂਰਨ ਤਰੀਕੇ ਨਾਲ ਕੀਤੀ ਜਾਵੇਗੀ ਤੇ ਇਸਦਾ ਮੁੱਖ ਉਦੇਸ਼ ਸਰਕਾਰ ਨੂੰ ਕੈਮਿਸਟਾਂ ਤੇ ਡਰੱਗਿਸਟਾਂ ਦੀਆਂ ਗੰਭੀਰ ਸਮੱਸਿਆਵਾਂ ਤੋਂ ਜਾਣੂੰ ਕਰਵਾਉਣਾ ਹੈ। ਇਸੇ ਤਹਿਤ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਤਰਨਤਾਰਨ ਦੇ ਪ੍ਰਧਾਨ ਬਿਮਲ ਅਗਰਵਾਲ ਦੀ ਅਗਵਾਈ ਹੇਠ ਸਥਾਨਕ ਕੈਮਿਸਟ ਭਾਈਚਾਰੇ ਨੇ ਮੀਟਿੰਗ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਬਿਮਲ ਅਗਰਵਾਲ ਨੇ ਕਿਹਾ ਕਿ ਆਨਲਾਈਨ ਦਵਾਈਆਂ ਦੀ ਵਿਆਪਕ ਵਿਕਰੀ ਕੈਮਿਸਟਾਂ ਲਈ ਸਭ ਤੋਂ ਵੱਡੀ ਚਿੰਤਾ ਦਾ ਕਾਰਨ ਬਣੀ ਹੋਈ ਹੈ। ਉਨ੍ਹਾਂ ਖਾਸ ਕਰ ਕੇ ਨਕਲੀ ਤੇ ਨਸ਼ੀਲੀ ਦਵਾਈਆਂ ਦੇ ਆਨਲਾਈਨ ਵਿਕਰੀ ਦੇ ਮਾਮਲਿਆਂ ਦਾ ਜ਼ਿਕਰ ਕੀਤਾ। ਬਿਮਲ ਅਗਰਵਾਲ ਅਨੁਸਾਰ ਸਰਕਾਰ ਵੱਲੋਂ ਨਿਰਧਾਰਤ ਕਾਨੂੰਨ ਅਨੁਸਾਰ ਦਵਾਈ ਸਿਰਫ਼ ਡਾਕਟਰ ਦੀ ਹਾਜ਼ਰੀ ’ਚ ਜਾਂ ਮੈਡੀਕਲ ਪ੍ਰੈਕਟਿਸ਼ਨਰ ਵੱਲੋਂ ਜਾਂ ਉਸ ਦੀ ਹਾਜ਼ਰੀ ’ਚ ਹੀ ਦਿੱਤੀ ਜਾ ਸਕਦੀ ਹੈ, ਪਰ ਆਨਲਾਈਨ ਕਾਰੋਬਾਰ ਇਸ ਨਿਯਮ ਨੂੰ ਤੋੜ ਰਿਹਾ ਹੈ ਤੇ ਕੋਰੀਅਰ ਰਾਹੀਂ ਦਵਾਈ ਘਰਾਂ ’ਚ ਪਹੁੰਚਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਨਾਲ ਨਾ ਸਿਰਫ਼ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ, ਬਲਕਿ ਮੈਡੀਕਲ ਸਟੋਰ ਚਲਾਉਣ ਵਾਲੇ ਸਧਾਰਨ ਵਪਾਰੀ ਤੇ ਨਿਰਭਰ ਕਾਰੋਬਾਰੀ ਵੀ ਮੁਸ਼ਕਿਲਾਂ ’ਚ ਫਸ ਰਹੇ ਹਨ। ਆਨਲਾਈਨ ਦਵਾਈਆਂ ਦੇ ਵਪਾਰ ਰਾਹੀਂ ਜਿੱਥੇ ਵਿਦੇਸ਼ਾਂ ’ਚ ਜਾ ਰਿਹਾ ਹੈ, ਉੱਥੇ ਹੀ ਦਵਾਈਆਂ ਦੀ ਇਸ ਵਿਕਰੀ ’ਚ ਡਰੱਗ ਮਾਫ਼ੀਆ ਦੇ ਵੀ ਸਰਗਰਮ ਹੋਣ ਦੀ ਸੰਭਾਵਨਾ ਹੈ। ਜਿਸ ਨਾਲ ਦੇਸ਼ ਦੀ ਅਰਥਵਿਵਸਥਾ ਤੇ ਨਕਾਰਾਤਮਕ ਪ੍ਰਭਾਵ ਪਵੇਗਾ। ਇਸੇ ਕਾਰਨ ਕੈਮਿਸਟ ਐਸੋਸੀਏਸ਼ਨ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਸਲੇ ਨੂੰ ਤੁਰੰਤ ਵਿਚਾਰੇ ਤੇ ਇਸਦਾ ਵਿਆਪਕ ਹੱਲ ਕੱਢਿਆ ਜਾਵੇ। ਅਗਰਵਾਲ ਨੇ ਇਹ ਵੀ ਕਿਹਾ ਕਿ ਹੜਤਾਲ ਦੌਰਾਨ ਮੈਡੀਕਲ ਸਟੋਰਾਂ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ ਤੇ ਇਹ ਹੜਤਾਲ ਸ਼ਾਂਤੀਪੂਰਵਕ ਤਰੀਕੇ ਨਾਲ ਕੀਤੀ ਜਾਵੇਗੀ। ਮੈਡੀਕਲ ਸਟੋਰਾਂ ਨੂੰ ਬੰਦ ਕਰਨ ਦਾ ਇਹ ਫ਼ੈਸਲਾ ਕਿਸੇ ਵੀ ਆਰਥਿਕ ਨੁਕਸਾਨ ਜਾਂ ਹਿੰਸਾ ਪੈਦਾ ਕਰਨ ਲਈ ਨਹੀਂ, ਬਲਕਿ ਸਰਕਾਰ ਤਕ ਗੱਲ ਰੱਖਣ ਤੇ ਕਾਨੂੰਨੀ ਤੌਰ ’ਤੇ ਕਾਰਵਾਈ ਲਈ ਹੈ। ਇਸ ਹੜਤਾਲ ਦੇ ਜ਼ਰੀਏ ਕੈਮਿਸਟਾਂ ਦੀਆਂ ਸਮੱਸਿਆਵਾਂ ਨੂੰ ਨਿਯਮਿਤ ਤਰੀਕੇ ਨਾਲ ਚੁੱਕਿਆ ਜਾਵੇਗਾ। ਇਸ ਮੌਕੇ ਮੁਨੀਸ਼ ਅਰੋੜਾ ਜਨਰਲ ਸੈਕਰਟਰੀ, ਨਰਿੰਦਰ ਪੁਰੀ ਚੇਅਰਮੈਨ, ਸੰਜੇ ਗੁਪਤਾ ਸ਼ਹਿਰੀ ਪ੍ਰਧਾਨ, ਜਤਿੰਦਰਜੀਤ ਸਿੰਘ ਸ਼ਹਿਰੀ ਜਨਰਲ ਸਕੱਤਰ, ਜਤਿਨ ਅਗਰਵਾਲ, ਰੋਹਿਤ ਭਾਰਦਵਾਜ, ਮੁਨੀਸ਼ ਮਿੱਤਲ, ਵੀਰੂ ਰਾਮ, ਅਸ਼ਵਨੀ ਕੁਮਾਰ ਐੱਸਕੇ, ਇੰਦਰਜੀਤ ਸਿੰਘ, ਅਮਨਦੀਪ ਸਿੰਘ, ਸੁਰਿੰਦਰ ਕੁਮਾਰ, ਕਿਰਪਾਲ ਸਿੰਘ, ਸਿੰਦਰ ਢਿੱਲੋਂ, ਸਾਹਿਬ ਸਿੰਘ, ਕ੍ਰਿਸ਼ਨ ਲਾਲ ਕੱਕੜ, ਰਜਿੰਦਰ ਕੱਕੜ, ਪ੍ਰੀਤਪਾਲ ਸਿੰਘ, ਸੁਭਾਸ਼ ਚੰਦਰ, ਨਿਤੀਸ਼ ਕੱਕੜ, ਮਨਜੀਤ ਸਿੰਘ, ਪ੍ਰਿੰਸ ਕੁਮਾਰ, ਅਜੇ, ਰਣਬੀਰ ਸਿੰਘ ਆਦਿ ਕੈਮਿਸਟ ਮੌਜੂਦ ਸਨ।