ਚੋਣਾਂ 'ਚ ਵੱਡੀ ਗੜਬੜੀ: ਵਾਰਡ ਨੰਬਰ 18 'ਚ ਬੂਥ ਕੈਪਚਰਿੰਗ; ਅਫ਼ਸਰਾਂ ਤੋਂ ਬੈਲਟ ਪੇਪਰ ਖੋਹੇ, CCTV ਤੋੜਨ ਤੋਂ ਬਾਅਦ ਪੁਲਿਸ ਨੇ ਸੰਭਾਲਿਆ ਮੋਰਚਾ
ਨਗਰ ਕੌਂਸਲ ਪੱਟੀ ਦੀਆਂ ਚੱਲ ਰਹੀਆਂ ਚੋਣਾਂ ਦੌਰਾਨ ਵਾਰਡ ਨੰਬਰ 18 ਵਿਚ ਉਸ ਸਮੇਂ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਜਦੋਂ ਕਥਿਤ ਤੌਰ ’ਤੇ ਬੂਥ ਕੈਪਚਰਿੰਗ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਪੋਲਿੰਗ ਕੇਂਦਰ ਵਿਚ ਦਾਖਲ ਹੋਏ ਅਤੇ ਸਹਾਇਕ ਪ੍ਰੀਜਾਈਡਿੰਗ ਅਫਸਰ ਕੋਲੋਂ ਬੈਲੇਟ ਪੇਪਰ ਖੋਹ ਲਏ। ਹੰਗਾਮੇ ਦੇ ਚੱਲਦਿਆਂ ਸੱਤਾਧਾਰੀ ਤੇ ਵਿਰੋਧੀ ਧਿਰ ਆਹਮੋ-ਸਾਹਮਣੇ ਹੋ ਗਈਆਂ, ਜਿਸ ਕਾਰਨ ਤਣਾਅ ਦਾ ਮਾਹੌਲ ਬਣ ਗਿਆ।
Publish Date: Tue, 26 May 2026 12:43 PM (IST)
Updated Date: Tue, 26 May 2026 12:48 PM (IST)

ਬੱਲੂ ਮਹਿਤਾ, ਪੰਜਾਬੀ ਜਾਗਰਣ, ਪੱਟੀ : ਨਗਰ ਕੌਂਸਲ ਪੱਟੀ ਦੀਆਂ ਚੱਲ ਰਹੀਆਂ ਚੋਣਾਂ ਦੌਰਾਨ ਵਾਰਡ ਨੰਬਰ 18 ਵਿਚ ਉਸ ਸਮੇਂ ਤਣਾਅਪੂਰਨ ਸਥਿਤੀ ਪੈਦਾ ਹੋ ਗਈ ਜਦੋਂ ਕਥਿਤ ਤੌਰ ’ਤੇ ਬੂਥ ਕੈਪਚਰਿੰਗ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਕੁਝ ਲੋਕ ਪੋਲਿੰਗ ਕੇਂਦਰ ਵਿਚ ਦਾਖਲ ਹੋਏ ਅਤੇ ਸਹਾਇਕ ਪ੍ਰੀਜਾਈਡਿੰਗ ਅਫਸਰ ਕੋਲੋਂ ਬੈਲੇਟ ਪੇਪਰ ਖੋਹ ਲਏ। ਹੰਗਾਮੇ ਦੇ ਚੱਲਦਿਆਂ ਸੱਤਾਧਾਰੀ ਤੇ ਵਿਰੋਧੀ ਧਿਰ ਆਹਮੋ-ਸਾਹਮਣੇ ਹੋ ਗਈਆਂ, ਜਿਸ ਕਾਰਨ ਤਣਾਅ ਦਾ ਮਾਹੌਲ ਬਣ ਗਿਆ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੂੰ ਮੌਕੇ ‘ਤੇ ਤਾਇਨਾਤ ਕਰ ਦਿੱਤੀ ਗਈ। ਪੁਲਿਸ ਅਧਿਕਾਰੀਆਂ ਨੇ ਹਾਲਾਤਾਂ ‘ਤੇ ਕਾਬੂ ਪਾਉਂਦਿਆਂ ਦੋਵੇਂ ਧਿਰਾਂ ਨੂੰ ਸ਼ਾਂਤ ਕੀਤਾ ਅਤੇ ਕਿਸੇ ਵੀ ਅਣਚਾਹੀ ਘਟਨਾ ਨੂੰ ਵਾਪਰਨ ਤੋਂ ਰੋਕਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਪ੍ਰੀਜਾਈਡਿੰਗ ਅਫਸਰ ਸਿਕੰਦਰ ਸਿੰਘ ਨੇ ਦੱਸਿਆ ਕਿ ਪੋਲਿੰਗ ਕੇਂਦਰ ਵਿਚ ਕੁਝ ਲੋਕ ਦਾਖਲ ਹੋਏ, ਜਿਨ੍ਹਾਂ ਨੇ ਪਹਿਲਾਂ ਜਾਅਲੀ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ। ਉਕਤ ਲੋਕਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਸਹਾਇਕ ਪ੍ਰੀਜਈਡਿੰਗ ਅਫਸਰ ਕੋਲੋਂ ਬੈਲੇਟ ਪੇਪਰ ਖੋਹ ਲਏ। ਉਨ੍ਹਾਂ ਦੱਸਿਆ ਕਿ ਉਕਤ ਲੋਕਾਂ ਨੇ ਪੋਲਿੰਗ ਕੇਂਦਰ ਵਿਚ ਲੱਗੇ ਸੀਸੀਟੀਵੀ ਨੂੰ ਵੀ ਤੋੜ ਦਿੱਤਾ। ਪ੍ਰੀਜਾਈਡਿੰਗ ਅਫਸਰ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਿਸ ਦੀ ਸਹਾਇਤਾ ਨਾਲ ਸ਼ਰਾਰਤੀ ਅਨਸਰਾਂ ਨੂੰ ਬਾਹਰ ਕਢਵਾਇਆ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਬੈਲੇਟ ਪੇਪਰ ਖੋਹਣ ਵਾਲਿਆਂ ਨੂੰ ਪਛਾਣਦੇ ਨਹੀਂ ਹਨ। ਇਸ ਹੰਗਾਮੇ ਦੇ ਚੱਲਦਿਆਂ ਕਰੀਬ ਇਕ ਘੰਟਾ ਵੋਟਿੰਗ ਬੰਦ ਰਹੀ ਅਤੇ ਹਲਾਤ ਨਿਯੰਤਰਣ ਵਿਚ ਹੋਣ ਉਪਰੰਤ ਦੁਬਾਰਾ ਪੋਲਿੰਗ ਦਾ ਕੰਮ ਸ਼ੁਰੂ ਹੋਇਆ। ਉਕਤ ਬੂਥ ’ਤੇ ਹੁਣ ਵਧੇਰੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।