ਪੱਟੀ ਸ਼ਹਿਰ ’ਚ ਪਿਛਲੇ ਕੁਝ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ।

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਪੱਟੀ ਸ਼ਹਿਰ ’ਚ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਹਨ। ਲੰਘੀ ਰਾਤ ਵਾਰਡ ਨੰਬਰ 9 ’ਚ ਚੋਰਾਂ ਨੇ ਦੋ ਘਰਾਂ ਤੇ ਇਕ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ। ਘਰਾਂ ਤੇ ਦੁਕਾਨਾਂ ਦੇ ਤਾਲਿਆਂ ਨੂੰ ਤੋੜ ਕੇ ਅੰਦਰ ਦਾਖ਼ਲ ਹੋਏ ਚੋਰਾਂ ਨੇ ਫਰੋਲਾ-ਫਰਾਲੀ ਕੀਤੀ। ਹਾਲਾਂਕਿ ਇਸ ਦੌਰਾਨ ਇਕ ਘਰ ਤੇ ਇਕ ਗੁਦਾਮ ’ਚੋਂ ਚੋਰਾਂ ਨੂੰ ਕੋਈ ਕੀਮਤੀ ਸਾਮਾਨ ਹਾਸਿਲ ਨਾ ਹੋਇਆ। ਪਰ ਇਕ ਫਰਿੱਜ ਮੁਰੰਮਤ ਦੀ ਦੁਕਾਨ ਤੋਂ ਉਹ ਕੀਮਤੀ ਸੰਦ ਤੇ ਹੋਰ ਸਾਮਾਨ ਚੁੱਕ ਕੇ ਲੈ ਗਏ। ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ’ਚ ਡਰ ਤੇ ਗੁੱਸੇ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਪੱਟੀ ਸ਼ਹਿਰ ’ਚ ਪਿਛਲੇ ਕੁਝ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਪਰ ਪੁਲਿਸ ਵੱਲੋਂ ਢੁੱਕਵੇਂ ਕਦਮ ਨਾ ਚੁੱਕੇ ਜਾਣ ਕਾਰਨ ਚੋਰਾਂ ਦੇ ਹੌਸਲੇ ਹੋਰ ਵੱਧ ਰਹੇ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਚੋਰ ਪਹਿਲਾਂ ਇਲਾਕੇ ਦੀ ਰੇਕੀ ਕਰਦੇ ਹਨ ਤੇ ਫਿਰ ਸੁੰਨੀਆਂ ਜਾਂ ਘੱਟ ਸੁਰੱਖਿਆ ਵਾਲੀਆਂ ਥਾਵਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਇਸ ਘਟਨਾ ਨੇ ਇਲਾਕੇ ਦੇ ਹੋਰ ਘਰਾਂ ਤੇ ਦੁਕਾਨਦਾਰਾਂ ਨੂੰ ਵੀ ਚੌਕਸ ਕਰ ਦਿੱਤਾ ਹੈ। ਚੋਰੀਆਂ ਦੀਆਂ ਲਗਾਤਾਰ ਹੋ ਰਹੀਆਂ ਘਟਨਾਵਾਂ ਕਾਰਨ ਇਲਾਕਾ ਵਾਸੀਆਂ ’ਚ ਰੋਸ ਹੈ। ਲੋਕਾਂ ਨੇ ਕਿਹਾ ਕਿ ਰਾਤ ਸਮੇਂ ਪੁਲਿਸ ਦੀ ਗਸ਼ਤ ਨਾ ਹੋਣ ਕਾਰਨ ਚੋਰਾਂ ਨੂੰ ਖੁੱਲ੍ਹੀ ਛੋਟ ਮਿਲੀ ਹੋਈ ਹੈ। ਸਥਾਨਕ ਵਸਨੀਕਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਚੋਰਾਂ ਦੇ ਹੌਸਲੇ ਹੋਰ ਵੱਧ ਜਾਣਗੇ ਤੇ ਆਉਣ ਵਾਲੇ ਦਿਨਾਂ ’ਚ ਹੋਰ ਵੱਡੀਆਂ ਵਾਰਦਾਤਾਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਜੇਕਰ ਸਮੇਂ ਸਿਰ ਦੋਸ਼ੀਆਂ ਨੂੰ ਕਾਬੂ ਨਾ ਕੀਤਾ ਗਿਆ ਤਾਂ ਲੋਕਾਂ ਦਾ ਪੁਲਿਸ ਪ੍ਰਤੀ ਭਰੋਸਾ ਘਟ ਸਕਦਾ ਹੈ।
====
ਬੈਠਕ ਦਾ ਜਿੰਦਰਾ ਤੋੜ ਕੇ ਘਰ ’ਚ ਦਾਖ਼ਲ ਹੋਏ ਚੋਰ
ਪੱਟੀ ਦੇ ਜੱਜ ਨਾਮਕ ਵਿਅਕਤੀ ਨੇ ਦੱਸਿਆ ਕਿ ਉਹ ਰਾਤ ਸਮੇਂ ਆਪਣੇ ਪਰਿਵਾਰ ਨਾਲ ਘਰ ’ਚ ਸੁੱਤੇ ਹੋਏ ਸਨ। ਘਰ ਦੇ ਸਾਹਮਣੇ ਉਨ੍ਹਾਂ ਦੀ ਇਕ ਬੈਠਕ ਬਣੀ ਹੋਈ ਹੈ, ਜਿੱਥੇ ਉਹ ਆਪਣੀ ਸਕੂਟਰੀ ਤੇ ਸਾਈਕਲ ਖੜ੍ਹੇ ਕਰਦੇ ਹਨ। ਬੈਠਕ ’ਚ ਅਲਮਾਰੀਆਂ ਵੀ ਬਣੀਆਂ ਹੋਈਆਂ ਹਨ, ਜਿੱਥੇ ਘਰੇਲੂ ਸਾਮਾਨ ਤੇ ਕੱਪੜੇ ਰੱਖੇ ਜਾਂਦੇ ਹਨ। ਰਾਤ ਸਮੇਂ ਚੋਰਾਂ ਨੇ ਬੈਠਕ ਦੇ ਦਰਵਾਜ਼ੇ ਦਾ ਤਾਲਾ ਤੋੜ ਦਿੱਤਾ ਤੇ ਅੰਦਰ ਦਾਖ਼ਲ ਹੋ ਗਏ।
ਚੋਰਾਂ ਨੇ ਅਲਮਾਰੀਆਂ ਦੀ ਤਲਾਸ਼ੀ ਲਈ ਤੇ ਸਾਰਾ ਸਾਮਾਨ ਇੱਧਰ-ਉੱਧਰ ਖਿਲਾਰ ਦਿੱਤਾ ਗਿਆ। ਹਾਲਾਂਕਿ ਚੋਰਾਂ ਦੇ ਹੱਥ ਕੋਈ ਕੀਮਤੀ ਸਾਮਾਨ ਨਹੀਂ ਲੱਗਾ ਤੇ ਉਹ ਖਾਲੀ ਹੱਥ ਹੀ ਉੱਥੋਂ ਚਲੇ ਗਏ। ਸਵੇਰੇ ਜਦੋਂ ਉਹ ਜਾਗੇ ਤਾਂ ਬੈਠਕ ਦਾ ਟੁੱਟਿਆ ਤਾਲਾ ਤੇ ਖਿੱਲਰਿਆ ਸਾਮਾਨ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਤੁਰੰਤ ਆਪਣੇ ਗੁਆਂਢੀਆਂ ਤੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ।
=====
ਖਾਲੀ ਪਏ ਗੁਦਾਮ ਨੂੰ ਵੀ ਬਣਾਇਆ ਨਿਸ਼ਾਨਾ
ਇਸੇ ਗਲੀ ’ਚ ਚੋਰਾਂ ਨੇ ਇਕ ਹੋਰ ਦੁਕਾਨ ਉੱਪਰ ਜਾਣ ਲਈ ਬਣਾਈਆਂ ਪੌੜੀਆਂ ਦਾ ਵੀ ਤਾਲਾ ਤੋੜਿਆ। ਦੁਕਾਨਦਾਰ ਖਰੈਤੀ ਸ਼ਾਹ ਦਾ ਕਹਿਣਾ ਹੈ ਕਿ ਉੱਪਰ ਕਮਰਾ ਬਣਿਆ ਹੈ, ਜੋ ਫਿਲਹਾਲ ਖਾਲੀ ਸੀ। ਚੋਰਾਂ ਨੇ ਉੱਥੇ ਵੀ ਦਾਖ਼ਲ ਹੋ ਕੇ ਸਾਮਾਨ ਦੀ ਭਾਲ ਕੀਤੀ, ਪਰ ਕਮਰਾ ਖਾਲੀ ਹੋਣ ਕਾਰਨ ਉਨ੍ਹਾਂ ਨੂੰ ਕੁਝ ਵੀ ਹਾਸਿਲ ਨਹੀਂ ਹੋਇਆ। ਪਹਿਲਾ ਵੀ ਚੋਰ ਇੱਥੇ ਦੁਕਾਨ ਦੀ ਛੱਤ ਪਾੜ ਕੇ ਚੋਰੀ ਕਰ ਚੁੱਕੇ ਹਨ।
=====
ਫਰਿੱਜ ਰਿਪੇਅਰ ਦੀ ਦੁਕਾਨ ਤੋਂ ਸੰਦ ਤੇ ਸਾਮਾਨ ਚੋਰੀ
ਚੋਰਾਂ ਨੇ ਸ਼ਿਵਾਲਾ ਮੰਦਰ ਦੇ ਸਾਹਮਣੇ ਫਰਿੱਜ ਰਿਪੇਅਰ ਦੀ ਦੁਕਾਨ ’ਚੋਂ ਚੋਰੀ ਕੀਤੀ ਹੈ। ਦੁਕਾਨਦਾਰ ਸੋਨੂੰ ਤੇ ਟੋਨੀ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ’ਚ ਫਰਿੱਜਾਂ ਦੀ ਮੁਰੰਮਤ ਦਾ ਕੰਮ ਕੀਤਾ ਜਾਂਦਾ ਹੈ। ਰਾਤ ਸਮੇਂ ਚੋਰ ਦੁਕਾਨ ਦੇ ਬਾਹਰ ਲੱਗਾ ਤਾਲਾ ਤੋੜ ਕੇ ਅੰਦਰ ਦਾਖ਼ਲ ਹੋਏ ਅਤੇ ਫਰਿੱਜਾਂ ਦੀ ਮੁਰੰਮਤ ਲਈ ਵਰਤੇ ਜਾਣ ਵਾਲੇ ਮਹਿੰਗੇ ਸੰਦ ਅਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਸਵੇਰੇ ਜਦੋਂ ਉਹ ਦੁਕਾਨ ਖੋਲ੍ਹਣ ਪਹੁੰਚੇ ਤਾਂ ਦਰਵਾਜੇ ਦਾ ਜਿੰਦਰਾ ਟੁੱਟਿਆ ਹੋਇਆ ਸੀ ਤੇ ਅੰਦਰ ਸਾਮਾਨ ਖਿੱਲਰਿਆ ਪਿਆ ਸੀ।
ਜਾਂਚ ਕਰਨ ’ਤੇ ਕੀਮਤੀ ਸੰਦ ਅਤੇ ਸਾਮਾਨ ਗ਼ਾਇਬ ਮਿਲਿਆ। ਉਨ੍ਹਾਂ ਮੁਤਾਬਕ ਚੋਰੀ ਕਾਰਨ ਉਨ੍ਹਾਂ ਨੂੰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਲਾਕੇ ’ਚ ਰਾਤ ਸਮੇਂ ਕੋਈ ਸੁਰੱਖਿਆ ਪ੍ਰਬੰਧ ਨਹੀਂ ਹੈ ਤੇ ਨਾ ਹੀ ਪੁਲਿਸ ਦੀ ਨਿਯਮਿਤ ਗਸ਼ਤ ਦਿਖਾਈ ਦਿੰਦੀ ਹੈ। ਇਸ ਕਾਰਨ ਚੋਰ ਬੇਖ਼ੌਫ਼ ਹੋ ਕੇ ਵਾਰਦਾਤਾਂ ਕਰ ਰਹੇ ਹਨ।
=========
ਪਹਿਲਾਂ ਅਨੂੰ ਕਾਰ ਏਜੰਸੀ ਨੂੰ ਬਣਾਇਆ ਸੀ ਨਿਸ਼ਾਨਾ
ਜ਼ਿਕਰਯੋਗ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਵੀ ਚੋਰਾਂ ਨੇ ਪੱਟੀ ’ਚ ਸਥਿਤ ਅਨੂੰ ਕਾਰ ਏਜੰਸੀ ਨੂੰ ਨਿਸ਼ਾਨਾ ਬਣਾਇਆ ਸੀ। ਉਸ ਵੇਲੇ ਚੋਰਾਂ ਵੱਲੋਂ ਦੁਕਾਨ ਦੇ ਤਾਲੇ ਤੋੜ ਕੇ ਅੰਦਰ ਭੰਨ ਤੋੜ ਕੀਤੀ ਗਈ ਸੀ ਤੇ ਨਕਦੀ ਲੈ ਕੇ ਫ਼ਰਾਰ ਹੋ ਗਏ ਸਨ। ਉਸ ਘਟਨਾ ਦੀ ਜਾਂਚ ਹਾਲੇ ਚੱਲ ਹੀ ਰਹੀ ਸੀ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਹਿਲੀ ਚੋਰੀ ਦੇ ਦੋਸ਼ੀਆਂ ਨੂੰ ਸਮੇਂ ਸਿਰ ਕਾਬੂ ਕਰ ਲਿਆ ਜਾਂਦਾ ਤਾਂ ਸ਼ਾਇਦ ਇਹ ਵਾਰਦਾਤਾਂ ਨਾ ਹੁੰਦੀਆਂ।
=====
ਕੋਟਸ ਲਾਓ
ਇਸ ਸਬੰਧੀ ਜਦੋਂ ਥਾਣਾ ਸਿਟੀ ਪੱਟੀ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨਾਲ ਰਾਬਤਾ ਕੀਤਾ ਤਾਂ ਉਨ੍ਹਾਂ ਕਿਹਾ ਕਿ ਅਪਰਾਧਿਕ ਅਨਸਰਾਂ ’ਤੇ ਕਾਬੂ ਪਾਉਣ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਦਿਨ ਤੇ ਰਾਤ ਸਮੇਂ ਪੁਲਿਸ ਵੱਲੋਂ ਗਸ਼ਤ ਵੀ ਜਾਰੀ ਰਹਿੰਦੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਚੋਰੀ ਸਬੰਧੀ ਸ਼ਿਕਾਇਤਾਂ ਮਿਲੀਆਂ ਹਨ ਤੇ ਜਲਦ ਚੋਰਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ। ਪੁਲਿਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ।
-ਥਾਣਾ ਸਿਟੀ ਪੱਟੀ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ