ਪੱਟੀ ਨਗਰ ਕੌਂਸਲ ਚੋਣਾਂ ਲਈ ਸਵੇਰੇ ਤੋਂ ਹੀ ਬੂਥਾਂ ’ਤੇ ਲੱਗੀਆਂ ਲਾਈਨਾਂ, ਸ਼ਾਂਤਮਈ ਮਾਹੌਲ ’ਚ 19 ਵਾਰਡਾਂ ਲਈ ਵੋਟਿੰਗ ਸ਼ੁਰੂ, ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
ਪੱਟੀ ਨਗਰ ਕੌਂਸਲ ਦੀਆਂ 19 ਵਾਰਡਾਂ ਲਈ ਅੱਜ ਵੋਟਿੰਗ ਪ੍ਰਕਿਰਿਆ ਸ਼ਾਂਤਮਈ ਮਾਹੌਲ ਵਿੱਚ ਸ਼ੁਰੂ ਹੋ ਗਈ। ਸਵੇਰੇ ਤੋਂ ਹੀ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਲੋਕ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਪੋਲਿੰਗ ਬੂਥਾਂ ਦੇ ਬਾਹਰ ਲਾਈਨਾਂ ਵਿੱਚ ਖੜ੍ਹੇ ਨਜ਼ਰ ਆਏ। ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਦੇ ਲੋਕਾਂ ਵਿੱਚ ਚੋਣਾਂ ਨੂੰ ਲੈ ਕੇ ਖਾਸ ਉਤਸ਼ਾਹ ਪਾਇਆ ਗਿਆ।
Publish Date: Tue, 26 May 2026 08:34 AM (IST)
Updated Date: Tue, 26 May 2026 08:37 AM (IST)

ਬੱਲੂ ਮਹਿਤਾ,ਪੰਜਾਬੀ ਜਾਗਰਣ, ਪੱਟੀ। ਪੱਟੀ ਨਗਰ ਕੌਂਸਲ ਦੀਆਂ 19 ਵਾਰਡਾਂ ਲਈ ਅੱਜ ਵੋਟਿੰਗ ਪ੍ਰਕਿਰਿਆ ਸ਼ਾਂਤਮਈ ਮਾਹੌਲ ਵਿੱਚ ਸ਼ੁਰੂ ਹੋ ਗਈ। ਸਵੇਰੇ ਤੋਂ ਹੀ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਲੋਕ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨ ਲਈ ਪੋਲਿੰਗ ਬੂਥਾਂ ਦੇ ਬਾਹਰ ਲਾਈਨਾਂ ਵਿੱਚ ਖੜ੍ਹੇ ਨਜ਼ਰ ਆਏ। ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਵਰਗ ਦੇ ਲੋਕਾਂ ਵਿੱਚ ਚੋਣਾਂ ਨੂੰ ਲੈ ਕੇ ਖਾਸ ਉਤਸ਼ਾਹ ਪਾਇਆ ਗਿਆ।
ਵੋਟਿੰਗ ਨੂੰ ਸੁਚੱਜੇ ਅਤੇ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸੰਵੇਦਨਸ਼ੀਲ ਬੂਥਾਂ ’ਤੇ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ, ਜਦਕਿ ਅਧਿਕਾਰੀ ਲਗਾਤਾਰ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਅਤੇ ਉਨ੍ਹਾਂ ਦੇ ਸਮਰਥਕ ਵੀ ਆਪਣੇ-ਆਪਣੇ ਬੂਥਾਂ ’ਤੇ ਵਰਕਰਾਂ ਨਾਲ ਰਾਬਤਾ ਬਣਾਈ ਹੋਏ ਹਨ ਅਤੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕਰ ਰਹੇ ਹਨ।
ਇਸ ਵਾਰ ਪਹਿਲੀ ਵਾਰ ਵੋਟ ਪਾਉਣ ਵਾਲੇ ਲੜਕੇ-ਲੜਕੀਆਂ ਵਿੱਚ ਖਾਸ ਖੁਸ਼ੀ ਦੇਖਣ ਨੂੰ ਮਿਲੀ। ਨੌਜਵਾਨ ਵੋਟਰਾਂ ਨੇ ਕਿਹਾ ਕਿ ਉਹ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਹਿੱਸਾ ਲੈ ਕੇ ਮਾਣ ਮਹਿਸੂਸ ਕਰ ਰਹੇ ਹਨ। ਇਸ ਦੇ ਨਾਲ ਹੀ ਬਜ਼ੁਰਗ ਵੋਟਰ ਵੀ ਆਪਣੇ ਬੱਚਿਆਂ ਅਤੇ ਪਰਿਵਾਰਕ ਮੈਂਬਰਾਂ ਨਾਲ ਪੋਲਿੰਗ ਬੂਥਾਂ ’ਤੇ ਪਹੁੰਚ ਕੇ ਵੋਟ ਪਾਉਂਦੇ ਨਜ਼ਰ ਆਏ। ਸ਼ਹਿਰ ਦੇ ਹਰ ਹਿੱਸੇ ਵਿੱਚ ਸ਼ਾਂਤਮਈ ਮਾਹੌਲ ਦੇ ਨਾਲ ਵੋਟਿੰਗ ਦਾ ਕੰਮ ਜਾਰੀ ਹੈ ਅਤੇ ਲੋਕ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਆਪਣੇ ਮਤ ਦਾ ਪ੍ਰਗਟਾਵਾ ਕਰ ਰਹੇ ਹਨ।