ਬੰਗਾਲ ਵਾਂਗ ਪੰਜਾਬ ਵੀ ਭਾਜਪਾ ਸਰਕਾਰ ਦੀ ਕਰ ਰਿਹਾ ਉਡੀਕ : ਖਹਿਰਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਲੀਡਰਸ਼ਿਪ ਤੇ ਵਰਕਰ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਸਾਰੇ ਵਧਾਈ ਦੇ ਹੱਕਦਾਰ ਹਨ।
Publish Date: Tue, 05 May 2026 04:53 PM (IST)
Updated Date: Wed, 06 May 2026 04:05 AM (IST)
ਗੁਰਬਰਿੰਦਰ ਸਿੰਘ•,ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਬੰਗਾਲ ’ਚ ਭਾਜਪਾ ਨੇ ਸ਼ਾਨਦਾਰ ਜਿੱਤ ਹਾਸਿਲ ਕਰ ਕੇ ਪਹਿਲੀ ਵਾਰ ਸਰਕਾਰ ਬਣਾਉਣ ਦੀ ਤਿਆਰੀ ਕਰ ਲਈ ਹੈ, ਇਸ ਜਿੱਤ ਪਿੱਛੇ ਬੰਗਾਲ ਦੇ ਲੋਕਾਂ ਵੱਲੋਂ ਆਪਣੇ ਰਾਜ ਦੇ ਵਿਕਾਸ ਤੇ ਅਮਨ ਸ਼ਾਂਤੀ ਲਈ ਭਾਜਪਾ ਨੂੰ ਚੁਣਨਾ ਤੇ ਭਾਜਪਾ ਲੀਡਰਸ਼ਿਪ ’ਚ ਭਰੋਸਾ ਪ੍ਰਗਟਾਉਣਾ ਮੁੱਖ ਕਾਰਨ ਰਿਹਾ ਹੈ l ਭਾਵੇਂ ਪੰਜਾਬ ਵਾਂਗ ਬੰਗਾਲ ਦੇ ਲੋਕਾਂ ਨੂੰ ਵੀ ਭਾਜਪਾ ਪ੍ਰਤੀ ਗ਼ਲਤ ਫਹਿਮੀਆਂ ਫੈਲਾ ਕੇ ਲੰਬੇ ਸਮੇਂ ਤੋਂ ਗੁੰਮਰਾਹ ਕੀਤਾ ਜਾ ਰਿਹਾ ਸੀ। ਪਰ ਆਖਿਰ ਉਨ੍ਹਾਂ ਨੇ ਅਸਲੀਅਤ ਨੂੰ ਸਮਝਦਿਆਂ ਭਾਜਪਾ ਦੇ ਹੱਕ ’ਚ ਵੋਟ ਕੀਤੀ l ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਲੀਡਰਸ਼ਿਪ ਤੇ ਵਰਕਰ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਸਾਰੇ ਵਧਾਈ ਦੇ ਹੱਕਦਾਰ ਹਨ।
ਇਹ ਸ਼ਬਦ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਤੇ ਮੁੱਖ ਬੁਲਾਰੇ ਅਮਰਪਾਲ ਸਿੰਘ ਖਹਿਰਾ ਨੇ ਆਪਣੇ ਸਾਥੀ ਆਗੂਆਂ ਗੁਰਸਾਹਿਬ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਮੋਰਚਾ, ਜਸਵੰਤ ਸਿੰਘ ਡਿੰਪੀ ਮੀਆਂਵਿੰਡ, ਮਨਜੀਤ ਸਿੰਘ ਬਾਊ ਭੈਣੀ ਜ਼ਿਲ੍ਹਾ ਪ੍ਰਧਾਨ ਬੀਸੀ ਵਿੰਗ, ਕੁਲਵੰਤ ਸਿੰਘ ਭੈਲ, ਸੁਖਵੰਤ ਸਿੰਘ ਟੀਟਾ ਜ਼ਿਲ੍ਹਾ ਸਕੱਤਰ, ਦਸਬਿੰਦਰ ਸਿੰਘ ਗੋਇੰਦਵਾਲ ਆਦਿ ਦੀ ਮੌਜੂਦਗੀ ’ਚ ਆਖੇ।
ਉਨ੍ਹਾਂ ਅੱਗੇ ਕਿਹਾ ਕਿ ਬੰਗਾਲ ਦੇ ਲੋਕਾਂ ਵਾਂਗ ਹੀ ਪੰਜਾਬ ਦੇ ਲੋਕਾਂ ਦੇ ਮਨਾਂ ’ਚ ਵੀ ਭਾਜਪਾ ਪ੍ਰਤੀ ਗ਼ਲਤ ਪ੍ਰਚਾਰ ਕਰ ਕੇ ਭਰਮ ਭੁਲੇਖੇ ਬਣਾਏ ਗਏ ਸਨ। ਜਿਨ੍ਹਾਂ ਨੂੰ ਹੁਣ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਸਮਝ ਗਏ ਹਨ ਅਤੇ 2027 ਦੀਆਂ ਚੋਣਾਂ ’ਚ ਭਾਜਪਾ ਦੀ ਪੰਜਾਬ ’ਚ ਸਰਕਾਰ ਬਣਾਉਣਗੇ। ਉਨ੍ਹਾਂ ਹੋਰ ਅੱਗੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਤੇ ਪੰਜਾਬ ’ਚ ਲੁੱਟਾਂ ਖੋਹਾਂ ਤੇ ਕਤਲੋ ਗਾਰਦ ਨੂੰ ਜੇਕਰ ਕੋਈ ਰੋਕ ਸਕਦਾ ਹੈ ਤਾਂ ਉਹ ਭਾਜਪਾ ਹੀ ਹੈ। ਕਿਉਂਕਿ ਉੱਤਰ ਪ੍ਰਦੇਸ਼ ਦੀ ਉਦਾਹਰਣ ਸਾਡੇ ਸਾਹਮਣੇ ਹੈ ਕਿ ਕਿਵੇਂ ਭਾਜਪਾ ਸਰਕਾਰ ਨੇ ਉੱਥੇ ਅਮਨ ਕਨੂੰਨ ਦੀ ਸਥਿਤੀ ਸੁਧਾਰੀ ਤੇ ਕਿਵੇਂ ਉੱਥੇ ਜ਼ੋਰ-ਸ਼ੋਰ ਨਾਲ ਵਿਕਾਸ ਹੋਇਆ ਹੈ। ਇਸ ਮੌਕੇ ਉਨ੍ਹਾਂ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ’ਚ ਭਾਜਪਾ ਦੀ ਮੁਹਿੰਮ ਤੇਜ਼ ਕਰਨ ਦੀ ਗੱਲ ਵੀ ਕੀਤੀ।