ਜ਼ਮੀਨੀ ਵਿਵਾਦ ਨੇ ਲਈ ਬਜ਼ੁਰਗ ਦੀ ਜਾਨ: ਵਿਰੋਧੀ ਧਿਰ ਨੇ ਟਰੈਕਟਰ ਹੇਠ ਕੁਚਲਿਆ, ਵੀਡੀਓ ਬਣਾ ਰਿਹਾ ਪੋਤਾ ਵੀ ਕੁੱਟਿਆ
ਕਰਨਬੀਰ ਸਿੰਘ ਨਾਮਕ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦਾ ਜਮੀਨ ਨੂੰ ਲੈ ਕੇ ਰੌਲਾ ਚੱਲ ਰਿਹਾ ਸੀ ਤੇ ਬਕਾਇਦਾ ਨਿਸ਼ਾਨਦੇਹੀ ਦੀ ਪ੍ਰਕਿਰਿਆ ਵੀ ਹੋਈ ਸੀ। ਦੋਵਾਂ ਧਿਰਾਂ ਨੂੰ ਉਕਤ ਜਗ੍ਹਾ ਵਾਹੁਣ ਤੋਂ ਰੋਕਿਆ ਗਿਆ ਸੀ ਪਰ ਸ਼ਨਿਚਰਵਾਰ ਨੂੰ ਵਿਰੋਧੀ ਧਿਰ ਦੇ ਲੋਕ ਟਰੈਕਟਰ ਦੀ ਮਦਦ ਨਾਲ ਜਮੀਨ ਵਾਹੁਣ ਲੱਗ ਪਏ।
Publish Date: Sat, 23 May 2026 01:13 PM (IST)
Updated Date: Sat, 23 May 2026 01:24 PM (IST)
ਸਤਨਾਮ ਸਿੰਘ ਚੀਮਾ,ਪੰਜਾਬੀ ਜਾਗਰਣ, ਸਭਰਾ : ਪਿੰਡ ਸਭਰਾ ਦੀਆਂ ਬਹਿਕਾਂ ’ਤੇ ਵਿਵਾਦਿਤ ਜਮੀਨ ਨੂੰ ਵਾਹ ਰਹੇ ਲੋਕਾਂ ਨੂੰ ਰੋਕਣ ਗਏ 70 ਸਾਲਾ ਬਜੁਰਗ ਨੂੰ ਕਥਿਤ ਤੌਰ ’ਤੇ ਟਰੈਕਟਰ ਦੀ ਫੇਟ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਕੇ ਉੱਪਰ ਹੀ ਮੌਤ ਹੋ ਗਈ। ਜਦੋਂਕਿ ਘਟਨਾ ਦੀ ਵੀਡੀਓ ਬਣਾ ਰਹੇ ਉਸਦੇ ਪੋਤਰੀ ਦੀ ਕੁੱਟਮਾਰ ਕਰਕੇ ਉਸਦਾ ਫੋਨ ਵੀ ਖੋਹ ਲਿਆ। ਮੌਕੇ ’ਤੇ ਪੁੱਜੀ ਥਾਣਾ ਸਦਰ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕਰਨਬੀਰ ਸਿੰਘ ਨਾਮਕ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਦਾ ਜਮੀਨ ਨੂੰ ਲੈ ਕੇ ਰੌਲਾ ਚੱਲ ਰਿਹਾ ਸੀ ਤੇ ਬਕਾਇਦਾ ਨਿਸ਼ਾਨਦੇਹੀ ਦੀ ਪ੍ਰਕਿਰਿਆ ਵੀ ਹੋਈ ਸੀ। ਦੋਵਾਂ ਧਿਰਾਂ ਨੂੰ ਉਕਤ ਜਗ੍ਹਾ ਵਾਹੁਣ ਤੋਂ ਰੋਕਿਆ ਗਿਆ ਸੀ ਪਰ ਸ਼ਨਿਚਰਵਾਰ ਨੂੰ ਵਿਰੋਧੀ ਧਿਰ ਦੇ ਲੋਕ ਟਰੈਕਟਰ ਦੀ ਮਦਦ ਨਾਲ ਜਮੀਨ ਵਾਹੁਣ ਲੱਗ ਪਏ। ਉਨ੍ਹਾਂ ਦੇ ਦਾਦਾ ਸਤਵਿੰਦਰ ਸਿੰਘ (70) ਜਦੋਂ ਉਨ੍ਹਾਂ ਰੋਕਣ ਲਈ ਖੇਤਾਂ ਵੱਲ ਗਏ ਤਾਂ ਪਿਛੇ ਉਹ ਤੇ ਉਸਦੇ ਹੋਰ ਪਰਿਵਾਰਕ ਮੈਂਬਰ ਵੀ ਚਲੇ ਗਏ। ਇਸੇ ਦੌਰਾਨ ਜਮੀਨ ਵਾਹ ਰਹੇ ਵਿਅਕਤੀ ਨੇ ਟਰੈਕਟਰ ਘੁਮਾਇਆ ਅਤੇ ਉਸਦੇ ਦਾਦੇ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਉਸਨੇ ਇਹ ਵੀ ਦੱਸਿਆ ਕਿ ਉਹ ਘਟਨਾ ਦੀ ਵੀਡੀਓ ਬਣਾ ਰਿਹਾ ਸੀ ਪਰ ਦੂਜੀ ਧਿਰ ਦੇ ਅੱਧਾ ਦਰਜਨ ਤੋਂ ਵੱਧ ਲੋਕਾਂ ਨੇ ਉਸਦੀ ਕੁੱਟਮਾਰ ਕਰਕੇ ਆਈਫੋਨ ਖੋਹ ਕੇ ਫਰਾਰ ਹੋ ਗਏ। ਉੱਧਰ ਘਟਨਾ ਸਥਾਨ ’ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜੇ ਵਿਚ ਲੈ ਲਿਆ ਹੈ ਅਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ।