ਚੋਣ ’ਚ ਸਰਕਾਰ ਦੀ ਕੋਈ ਵੀ ਧੱਕੇਸ਼ਾਹੀ ਨਹੀਂ ਕਰਾਂਗੇ ਬਰਦਾਸ਼ਤ : ਜ਼ੀਰਾ
ਕੁਲਬੀਰ ਸਿੰਘ ਜ਼ੀਰਾ ਨੇ ਜ਼ਿਮਨੀ ਚੋਣ ਲਈ ਉਮੀਦਵਾਰ ਕਰਨ ਬੁਰਜ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ
Publish Date: Sat, 18 Oct 2025 06:29 PM (IST)
Updated Date: Sun, 19 Oct 2025 04:03 AM (IST)

ਜ਼ੀਰਾ ਨੇ ਜ਼ਿਮਨੀ ਚੋਣ ਲਈ ਕਰਨ ਬੁਰਜ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ, ਕਿਹਾ- ਹਲਕੇ |ਚ ਕਾਂਗਰਸ ਪਾਰਟੀ ਨੂੰ ਮਿਲ ਰਿਹੈ ਭਰਵਾਂ ਹੁੰਗਾਰਾ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : 11 ਨਵੰਬਰ ਨੂੰ ਹੋਣ ਜਾ ਰਹੀ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਹੱਕ ’ਚ ਦਿਨ-ਰਾਤ ਡੱਟ ਕੇ ਚੋਣ ਪ੍ਰਚਾਰ ਕਰ ਰਹੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਪਿੰਡ ਦੋਬੁਰਜੀ ਦੇ ਸਰਪੰਚ ਕੰਵਲਜੋਤ ਸਿੰਘ ਸੋਨੀ ਦੇ ਗ੍ਰਹਿ ਵਿਖੇ ਭਰਵੇਂ ਇਕੱਠ ਦੌਰਾਨ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਪ੍ਰਤੀ ਲਾਮਬੰਦ ਕੀਤਾ ਗਿਆ। ਇਸ ਮੌਕੇ ਬੋਲਦਿਆਂ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ ਨੇ ਕਿਹਾ ਕਿ ਇਨਕਲਾਬ ਦੇ ਨਾਅਰੇ ਲਗਾ ਕੇ ਸੱਤਾ ’ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪੁੱਠਾ ਗੇੜ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਹਰੇਕ ਵਰਗ ਨੇ ਮੁੱਢ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਚਾਰ ਹਫ਼ਤਿਆਂ ’ਚ ਨਸ਼ਾ ਮੁਕਤ ਬਣਾਉਣ, ਗੈਂਗਸਟਰਵਾਦ ਖਤਮ ਕਰਨ, ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ, ਔਰਤਾਂ ਨੂੰ ਹਰ ਮਹੀਨੇ 1 ਹਜ਼ਾਰ ਰੁਪਏ ਮਾਣਭੱਤਾ ਦੇਣ, ਬੁਢਾਪਾ ਪੈਨਸ਼ਨਾਂ ਦੁਗਣੀਆਂ ਕਰਨ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਦੇ ਵਾਅਦੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਪੌਣੇ ਚਾਰ ਸਾਲ ਕਾਰਜਕਾਲ ਵਿਚ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਕੇ ਧੋਖਾ ਕੀਤਾ ਹੈ। ਏਨਾ ਹੀ ਨਹੀਂ ਆਮ ਘਰਾਂ ਦੇ ਮੁੰਡੇ ਕੁੜੀਆਂ ਨੂੰ ਬਿਨ੍ਹਾਂ ਕਿਸੇ ਸਿਫਾਰਿਸ਼ ਤੋਂ ਮੰਤਰੀ, ਵਿਧਾਇਕ, ਚੇਅਰਮੈਨ ਬਣਾਉਣ ਦੇ ਦਗਮਜ਼ੇ ਮਾਰਨ ਵਾਲੀ ਆਮ ਆਦਮੀ ਪਾਰਟੀ ਹੁਣ ਆਮ ਘਰਾਂ ਦੀ ਬਜਾਏ ਕਰੋੜਪਤੀਆਂ ਅਤੇ ਅਰਬਪਤੀਆਂ ਨੂੰ ਮੰਤਰੀ, ਐੱਮਪੀ, ਵਿਧਾਇਕ ਬਣਾਉਣ ਵਿਚ ਲੱਗੀ ਹੋਈ ਹੈ। ਸੂਬੇ ’ਚ ਗੈਂਗਸਟਰਵਾਦ ਦੇ ਬੋਲਬਾਲੇ ਕਰਕੇ ਆਮ ਲੋਕ ਸਹਿਮ ਭਰੇ ਮਾਹੌਲ ਵਿਚ ਜੀਅ ਰਹੇ ਹਨ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਜ਼ਿਮਨੀ ਚੋਣ ਵਿਚ ਜੋ ਆਮ ਆਦਮੀ ਪਾਰਟੀ ਨੇ ਹਲਕੇ ਦੇ ਲੋਕਾਂ ਵੱਲੋਂ ਦੋ ਵਾਰ ਨਕਾਰੇ ਜਾ ਚੁੱਕੇ ਦਲ ਬਦਲੂ ਲੀਡਰ ਨੂੰ ਟਿਕਟ ਦੇ ਕੇ ਨਿਵਾਜਿਆ ਹੈ, ਉਸ ਨੂੰ ਹਲਕੇ ਦੇ ਲੋਕ ਤੀਸਰੀ ਵਾਰ ਵੀ ਹਾਰ ਦੀ ਹੈਟ੍ਰਿਕ ਦਾ ਮੂੰਹ ਵਿਖਾਉਣਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਿਸੇ ਵੀ ਧੱਕੇਸ਼ਾਹੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਤਰਨਤਾਰਨ ਦੇ ਲੋਕ ਕਾਂਗਰਸ ਪਾਰਟੀ ਨਾਲ ਆਪ ਮੁਹਾਰੇ ਜੁੜ ਰਹੇ ਹਨ ਅਤੇ ਹਲਕਾ ਤਰਨਤਾਰਨ ਤੋਂ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਇਸ ਮੌਕੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਤੇ ਹਲਕਾ ਤਰਨਤਾਰਨ ਦੇ ਸੀਨੀਅਰ ਕਾਂਗਰਸੀ ਆਗੂ ਰਾਜਬੀਰ ਸਿੰਘ ਭੁੱਲਰ, ਬਲਦੇਵ ਸਿੰਘ, ਮਨਜੀਤ ਸਿੰਘ, ਬਲਜੀਤ ਸਿੰਘ, ਪ੍ਰਦੀਪ ਸਿੰਘ, ਉੱਤਮ ਸਿੰਘ, ਹਰਜਿੰਦਰ ਸਿੰਘ ਸਰਪੰਚ ਦੀਨੇਵਾਲ, ਪ੍ਰਦੀਪ ਸਿੰਘ ਸਰਪੰਚ ਕੋਟ ਦੁਸੰਦੀ ਮੱਲ, ਸਤਪਾਲ ਸਿੰਘ ਲਾਡੀ ਜੋਹਲ, ਸਰਪੰਚ ਬਲਦੇਵ ਸਿੰਘ, ਮਨਜੀਤ ਸਿੰਘ ਮੈਂਬਰ ਪੰਚਾਇਤ, ਬਲਜੀਤ ਸਿੰਘ, ਗੁਰਜੀਤ ਸਿੰਘ, ਅੰਗਰੇਜ਼ ਸਿੰਘ, ਹਰਦੀਪ ਸਿੰਘ ਮੈਂਬਰ ਪੰਚਾਇਤ, ਸੁਖਵਿੰਦਰ ਸਿੰਘ ਮੈਂਬਰ ਪੰਚਾਇਤ, ਹਰਜਿੰਦਰ ਸਿੰਘ ਮੈਂਬਰ ਪੰਚਾਇਤ, ਹੀਰਾ ਸਿੰਘ, ਗੁਰਵਿੰਦਰ ਸਿੰਘ ਬੌਬੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।