- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ 31 ਦਸੰਬਰ ਨੂੰ ਕੋਮਲਜੀਤ ਕੌਰ ਵਾਸੀ ਪਿੰਡ ਢੋਟੀਆਂ ਥਾਣਾ ਸਰਹਾਲੀ ’ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਦੋਸਤ ਅਜੈਪਾਲ ਸਿੰਘ ਨਾਲ ਲਿਵ-ਇਨ ਰਿਲੇਸ਼ਨਸ਼ਿਪ ’ਚ ਪਿੰਡ ਨੂਰਦੀ ਵਿਖੇ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਹੈ।

ਜਸਪਾਲ ਸਿੰਘ ਜੱਸੀ•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਪਿੰਡ ਨੂਰਦੀ ਵਿਖੇ ਕਥਿਤ ਨਸ਼ਾ ਤਸਕਰ ਦੇ ਘਰ ਛਾਪੇਮਾਰੀ ਕਰ ਕੇ ਉਸ ਦੇ ਨਾਲ ਰਿਲੇਸ਼ਨਸ਼ਿਪ ’ਚ ਰਹਿ ਰਹੀ ਔਰਤ ਨੂੰ ਹਿਰਾਸਤ ਵਿਚ ਲੈ ਕੇ ਸਵਾ ਤਿੰਨ ਲੱਖ ਦੀ ਰਿਸ਼ਵਤ ਬਟੋਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਕਾਰਵਾਈ ਕਰਦਿਆਂ ਜ਼ਿਲ੍ਹਾ ਪੁਲਿਸ ਨੇ ਏਐੱਸਆਈ ਅਤੇ ਸੌਦੇਬਾਜ਼ੀ ਕਰਵਾਉਣ ਵਾਲੇ ਮੌਜੂਦ ਸਰਪੰਚ ਵਿਰੁੱਧ ਕੇਸ ਦਰਜ ਕਰ ਲਿਆ ਹੈ ਜਦੋਂਕਿ ਸਰਪੰਚ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ ਭਗੌੜੇ ਚੱਲ ਰਹੇ ਏਐੱਸਆਈ ਨੂੰ ਜਿੱਥੇ ਐੱਸਐੱਸਪੀ ਨੇ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ, ਉਥੇ ਹੀ ਨਸ਼ਾ ਤਸਕਰ ਦੀ ਗ੍ਰਿਫ਼ਤਾਰੀ ਲਈ ਵੀ ਪੁਲਿਸ ਟੀਮਾਂ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ 31 ਦਸੰਬਰ ਨੂੰ ਕੋਮਲਜੀਤ ਕੌਰ ਵਾਸੀ ਪਿੰਡ ਢੋਟੀਆਂ ਥਾਣਾ ਸਰਹਾਲੀ ’ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਆਪਣੇ ਦੋਸਤ ਅਜੈਪਾਲ ਸਿੰਘ ਨਾਲ ਲਿਵ-ਇਨ ਰਿਲੇਸ਼ਨਸ਼ਿਪ ’ਚ ਪਿੰਡ ਨੂਰਦੀ ਵਿਖੇ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਹੈ। 29 ਦਸੰਬਰ ਨੂੰ ਜਦੋਂ ਉਹ ਆਪਣੇ ਘਰ ਵਿਚ ਇਕੱਲੀ ਸੀ ਤਾਂ ਏਐੱਸਆਈ ਵਿਨੋਦ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਨੇ ਛਾਪੇਮਾਰੀ ਕੀਤੀ। ਉਕਤ ਏਐੱਸਆਈ ਨੇ ਉਸ ਦੇ ਦੋਸਤ ਅਜੈਪਾਲ ਸਿੰਘ ਉੱਪਰ ਨਸ਼ੇ ਵੇਚਣ ਦਾ ਦੋਸ਼ ਲਗਾਉਂਦਿਆਂ ਉਸ ਨੂੰ ਦਬਕਾਉਣਾ ਸ਼ੁਰੂ ਕਰ ਦਿੱਤਾ ਜਦੋਂਕਿ ਉਸ ਨੂੰ ਹਿਰਾਸਤ ਵਿਚ ਲੈ ਕੇ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਅਤੇ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਕੋਮਲਜੀਤ ਕੌਰ ਨੂੰ ਛੁਡਾਉਣ ਲਈ ਅਜੈਪਾਲ ਦਾ ਜਾਣਕਾਰ ਪਿੰਡ ਮਾਨਾਂਵਾਲਾ ਦਾ ਮੌਜੂਦਾ ਸਰਪੰਚ ਸਤਨਾਮ ਸਿੰਘ ਲਾਲਾ ਹਲਵਾਈ ਅਇਆ ਜਿਸ ਨੇ ਅਜੈਪਾਲ ਨਾਲ ਗੱਲਬਾਤ ਕਰ ਕੇ ਕੋਮਲਜੀਤ ਕੌਰ ਨੂੰ ਛੁਡਾਉਣ ਲਈ ਉਸ ਕੋਲੋਂ 3 ਲੱਖ 20 ਹਜ਼ਾਰ ਰੁਪਏ ਦੀ ਮੰਗ ਕੀਤੀ।
ਸਰਪੰਚ ਸਤਨਾਮ ਸਿੰਘ ਦੇ ਏਐੱਸਆਈ ਵਿਨੋਦ ਕੁਮਾਰ ਨਾਲ ਮਿਲ ਕੇ ਨਸ਼ਾ ਤਸਕਰੀ ਮਾਮਲੇ ਵਿਚ 3 ਲੱਖ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਸਾਬਤ ਹੋਣ ਤੋ ਬਾਅਦ ਏਐੱਸਆਈ ਵਿਨੋਦ ਕੁਮਾਰ ਅਤੇ ਸਰਪੰਚ ਸਤਨਾਮ ਸਿੰਘ ਖ਼ਿਲ਼ਾਫ ਪਰਵੈਨਸ਼ਨ ਆਫ ਕੁਰੱਪਸ਼ਨ ਐਕਟ ਦੇ ਤਹਿਤ ਥਾਣਾ ਸਦਰ ਤਰਨਤਾਰਨ ’ਚ ਕੇਸ ਦਰਜ ਕਰ ਲਿਆ ਗਿਆ। ਐੱਸਐੱਸਪੀ ਲਾਂਬਾ ਨੇ ਦੱਸਿਆ ਕਿ ਸਰਪੰਚ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦੋਂਕਿ ਏਐੱਸਆਈ ਵਿਨੋਦ ਕੁਮਾਰ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਹੈ, ਜੋ ਇਸ ਸਮੇਂ ਭਗੌੜਾ ਹੈ। ਉਨ੍ਹਾਂ ਦੱਸਿਆ ਕਿ ਏਐੱਸਆਈ ਦੇ ਨਾਲ-ਨਾਲ ਭਗੌੜੇ ਨਸ਼ਾ ਤਸਕਰ ਅਜੈਪਾਲ ਸਿੰਘ ਨੂੰ ਵੀ ਫੜਨ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਹਨ।