- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੋਸ਼ਲ ਮੀਡੀਆ ’ਤੇ ਇਕ ਪੋਸਟ ਵਾਇਰਲ ਹੋ ਰਹੀ ਹੈ। ਜਿਸ ਵਿਚ ਲਿਖਿਆ ਹੈ ਕਿ ‘ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਅੱਜ ਜੋ ਅੰਮ੍ਰਿਤਸਰ ਦੇ ਮੈਰੀ ਗੋਲਡ ਰਿਜ਼ੋਰਟ ਵਿਚ ਜਰਮਲ ਸਰਪੰਚ ਵਲਟੋਹਾ ਦਾ ਕਤਲ ਹੋਇਆ ਹੈ, ਇਸਦੀ ਜਿੰਮੇਵਾਰੀ ਮੈਂ ਡੋਨੀ ਬੱਲ, ਪ੍ਰਭ ਦਾਸੂਵਾਲ, ਅਫਰੀਦੀ ਤੂਤ, ਮੁਹੱਬਤ ਰੰਧਾਵਾ, ਅਮਰ ਖੱਬੇ ਤੇ ਪਵਨ ਸ਼ਕੀਨ ਲੈਂਦੇ ਹਾਂ। ਇਸਨੇ ਪੁਲਿਸ ਨੂੰ 35 ਲੱਖ ਰੁਪਏ ਦੇ ਦੇ ਕੇ ਤੇ ਨਾਲ ਜਾ ਕੇ ਦਾਸੂਵਾਲ ਮੇਰਾ ਘਰ ਢੁਹਾਇਆ ਸੀ।

ਪੰਜਾਬੀ ਜਾਗਰਣ ਟੀਮ, ਤਰਨਤਾਰਨ/ਵਲਟੋਹਾ : ਤਰਨਤਾਰਨ ਦੇ ਸਰਹੱਦੀ ਪਿੰਡ ਵਲਟੋਹਾ ਦੇ ਸਰਪੰਚ ਜਰਮਲ ਸਿੰਘ ਠੇਕੇਦਾਰ, ਜਿਨ੍ਹਾਂ ਦੀ ਅੰਮ੍ਰਿਤਸਰ ਦੇ ਮੈਰੀ ਗੋਲਡ ਪੈਲੇਸ ’ਚ ਚੱਲਦੇ ਵਿਆਹ ਸਮਾਗਮ ਦੌਰਾਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਉਨ੍ਹਾਂ ਉੱਪਰ ਪਹਿਲਾਂ ਵੀ ਦੋ ਵਾਰ ਫਾਇਰਿੰਗ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਸਰਪੰਚ ਜਰਮਲ ਸਿੰਘ ਨੂੰ ਫਿਰੋਤੀ ਲਈ ਧਮਕੀਆਂ ਆ ਰਹੀਆਂ ਸਨ ਅਤੇ ਪਹਿਲਾਂ ਹੋਈ ਫਾਇਰਿੰਗ ਸਬੰਧੀ ਪੁਲਿਸ ਨੇ ਕੇਸ ਦਰਜ ਕਰਕੇ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਸੀ। ਜਦੋਂਕਿ ਡੋਨੀ ਬੱਲ ਅਤੇ ਪ੍ਰਭ ਦਾਸੂਵਾਲ ਦੀ ਇਕ ਪੋਸਟ ਵੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਸਰਪੰਚ ਦੀ ਹੱਤਿਆ ਦੀ ਜਿੰਮੇਵਾਰੀ ਲੈਣ ਦੀ ਗੱਲ ਕਹੀ ਗਈ ਹੈ।
ਦੱਸ ਦਈਏ ਕਿ ਜਰਮਲ ਸਿੰਘ ਸਰਪੰਚ ਇਲਾਕੇ ਦਾ ਚਰਚਿਤ ਚਿਹਰਾ ਸਨ। ਸਿਆਸਤ ਦੇ ਨਾਲ ਨਾਲ ਚੰਗੇ ਕਾਰੋਬਾਰੀ ਵਜੋਂ ਵੀ ਉਨ੍ਹਾਂ ਦੀ ਪਛਾਣ ਸੀ। ਸਰਪੰਚ ਕੋਲੋਂ ਪਿਛਲੇ ਸਮੇਂ ਦੌਰਾਨ ਫਿਰੋਤੀ ਮੰਗੀ ਗਈ ਸੀ ਅਤੇ ਫਿਰੋਤੀ ਨਾ ਦੇਣ ਦੇ ਚੱਲਦਿਆਂ ਦੋ ਵਾਰ ਉਨ੍ਹਾਂ ਦੇ ਘਾਤ ਲਗਾ ਕੇ ਗੋਲੀਆਂ ਵੀ ਚਲਾਈਆਂ ਗਈਆਂ। ਇਕ ਵਾਰ ਫਾਰਚੂਨਰ ਗੱਡੀ ’ਚ ਸਵਾਰ ਸਰਪੰਚ ਜਰਮਲ ਸਿੰਘ ਠੇਕੇਦਾਰ ਵਾਲ ਵਾਲ ਬਚੇ ਸਨ।
ਪੁਲਿਸ ਨੇ ਫਾਇਰਿੰਗ ਤੋਂ ਬਾਅਦ ਹਰਕਤ ਵਿਚ ਆਉਂਦਿਆਂ ਇਸ ਸਬੰਧੀ ਕੇਸ ਦਰਜ ਕਰਕੇ ਕੁਝ ਲੋਕਾਂ ਨੂੰ ਟਰੇਸ ਕਰਕੇ ਗ੍ਰਿਫਤਾਰ ਵੀ ਕੀਤਾ ਸੀ। ਪਰ ਲਗਾਤਾਰ ਗੈਂਗਸਟਰਾਂ ਦੇ ਨਿਸ਼ਾਨੇ ’ਤੇ ਚੱਲ ਰਹੇ ਸਰਪੰਚ ਜਰਮਲ ਸਿੰਘ ਠੇਕੇਦਾਰ ਅਖੀਰ ਬਚ ਨਾ ਸਕੇ ਅਤੇ ਐਤਵਾਰ ਨੂੰ ਆਪਣੇ ਨਜ਼ਦੀਕੀ ਅਮਰਕੋਟ ਦੇ ਸਰਪੰਚ ਦੀ ਭੈਣ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਅੰਮ੍ਰਿਤਸਰ ਦੇ ਮੈਰੀ ਗੋਲਡ ਪੈਲੇਸ ਵਿਚ ਗਏ ਸਨ। ਜਿਥੇ ਭਰੇ ਵਿਆਹ ਦੌਰਾਨ ਟੇਬਲ ’ਤੇ ਬੈਠੇ ਸਰਪੰਚ ਦੇ ਸਿਰ ਵਿਚ ਦੋ ਨੌਜਵਾਨਾਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਵਿਆਹ ਸਮਾਗਮ ਦੌਰਾਨ ਖੇਮਕਰਨ ਹਲਕੇ ਦੇ ਵਿਧਾਇਕ ਵੀ ਮੌਜੂਦ ਸਨ।
ਵਿਧਾਇਕ ਨੇ ਕਿਹਾ ਸਰਪੰਚ ਨੂੰ ਧਮਕੀਆਂ ਮਿਲ ਰਹੀਆਂ ਸਨ
ਵਿਧਾਇਕ ਸਰਵਣ ਸਿੰਘ ਧੁੰਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਰਪੰਚ ਜਰਮਲ ਸਿੰਘ ਬਹੁਤ ਹੀ ਨੇਕ ਦਿਲ ਇਨਸਾਨ ਅਤੇ ਚੰਗੇ ਕਾਰੋਬਾਰੀ ਹੋਣ ਦੇ ਨਾਲ ਨਾਲ ਸਿਆਸਤ ਵਿਚ ਵੀ ਚੰਗੀ ਪਛਾਣ ਰੱਖਦੇ ਸਨ। ਵਲਟੋਹਾ ਵਰਗੇ ਵੱਡੇ ਪਿੰਡ ਦੇ ਸਰਪੰਚ ਵਜੋਂ ਉਹ ਲੋਕ ਸੇਵਾ ਵਿਚ ਸਨ। ਉਨ੍ਹਾਂ ਨੇ ਦੱਸਿਆ ਕਿ ਵਿਆਹ ਸਮਾਗਮ ਵਿਚ ਪਹਿਲਾਂ ਉਹ ਇਕੱਠੇ ਬੈਠੇ ਸਨ ਅਤੇ ਇਕੱਠਿਆਂ ਨੇ ਹੀ ਸ਼ਗਨ ਦੇਣ ਦੀ ਰਸਮ ਵੀ ਕੀਤੀ। ਬਾਅਦ ਵਿਚ ਉਹ ਹਾਲ ਦੇ ਅੰਦਰ ਖਾਣਾ ਖਾਣ ਲੱਗੇ ਅਤੇ ਸਰਪੰਚ ਜਰਮਲ ਸਿੰਘ ਆਪਣੇ ਕੁਝ ਜਾਣਕਾਰਾਂ ਨਾਲ ਹਾਲ ਦੇ ਬਾਹਰ ਬੈਠੇ ਸਨ। ਜਿਸ ਦੌਰਾਨ ਦੋ ਨੌਜਵਾਨ ਆਏ ਅਤੇ ਉਨ੍ਹਾਂ ਦਾ ਕਤਲ ਕਰ ਦਿੱਤਾ। ਵਿਧਾਇਕ ਸਰਵਣ ਸਿੰਘ ਧੁੰਨ ਕਿਹਾ ਕਿ ਉਨ੍ਹਾਂ ਨੂੰ ਫਿਰੋਤੀ ਲਈ ਧਮਕੀਆਂ ਮਿਲ ਰਹੀਆਂ ਸਨ ਅਤੇ ਬਕਾਇਦਾ ਉਨ੍ਹਾਂ ਨੂੰ ਸੁਰੱਖਿਆ ਵੀ ਮੁਹੱਈਆ ਕਰਵਾਈ ਗਈ ਸੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਕਤਲ ਦੀ ਘਟਨ ਨੂੰ ਗੰਭੀਰਤਾ ਨਾਲ ਲੈ ਕੇ ਲੱਗੀ ਹੋਈ ਹੈ।
ਤਰਨਤਾਰਨ ਪੁਲਿਸ ਨੇ ਪਹਿਲੀਆਂ ਘਟਨਾਵਾਂ ਕਰ ਲਈਆਂ ਸਨ ਟਰੇਸ
ਐੱਸਐੱਸਪੀ ਸੁਰੇਂਦਰ ਲਾਂਬਾ ਨੇ ਕਿਹਾ ਕਿ ਸਰਪੰਚ ਜਰਮਲ ਸਿੰਘ ਨੂੰ ਧਮਕੀਆਂ ਅਤੇ ਉਨ੍ਹਾਂ ਉੱਪਰ ਪਹਿਲਾਂ ਹੋਈ ਫਾਇਰਿੰਗ ਦੇ ਮਾਮਲੇ ਤਰਨਤਾਰਨ ਪੁਲਿਸ ਵੱਲੋਂ ਟਰੇਸ ਕਰ ਲਏ ਗਏ ਸਨ ਅਤੇ ਇਨ੍ਹਾਂ ਘਟਨਾਵਾਂ ਨਾਲ ਸਬੰਧਤ ਬੰਦੇ ਵੀ ਗ੍ਰਿਫਤਾਰ ਹੋਏ ਸਨ। ਉਨ੍ਹਾਂ ਦੱਸਿਆ ਕਿ ਥ੍ਰੈੱਟ ਦੇ ਚੱਲਦਿਆਂ ਜ਼ਿਲ੍ਹਾ ਪੁਲਿਸ ਵੱਲੋਂ ਇਕ ਸੁਰੱਖਿਆ ਕਰਮਚਾਰੀ ਸਰਪੰਚ ਨੂੰ ਮੁਹੱਈਆ ਕਰਵਾਇਆ ਹੋਇਆ ਸੀ।
ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਜਿੰਮੇਵਾਰੀ ਵਾਲੀ ਪੋਸਟ
ਸ਼ੋਸ਼ਲ ਮੀਡੀਆ ’ਤੇ ਇਕ ਪੋਸਟ ਵਾਇਰਲ ਹੋ ਰਹੀ ਹੈ। ਜਿਸ ਵਿਚ ਲਿਖਿਆ ਹੈ ਕਿ ‘ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਅੱਜ ਜੋ ਅੰਮ੍ਰਿਤਸਰ ਦੇ ਮੈਰੀ ਗੋਲਡ ਰਿਜ਼ੋਰਟ ਵਿਚ ਜਰਮਲ ਸਰਪੰਚ ਵਲਟੋਹਾ ਦਾ ਕਤਲ ਹੋਇਆ ਹੈ, ਇਸਦੀ ਜਿੰਮੇਵਾਰੀ ਮੈਂ ਡੋਨੀ ਬੱਲ, ਪ੍ਰਭ ਦਾਸੂਵਾਲ, ਅਫਰੀਦੀ ਤੂਤ, ਮੁਹੱਬਤ ਰੰਧਾਵਾ, ਅਮਰ ਖੱਬੇ ਤੇ ਪਵਨ ਸ਼ਕੀਨ ਲੈਂਦੇ ਹਾਂ। ਇਸਨੇ ਪੁਲਿਸ ਨੂੰ 35 ਲੱਖ ਰੁਪਏ ਦੇ ਦੇ ਕੇ ਤੇ ਨਾਲ ਜਾ ਕੇ ਦਾਸੂਵਾਲ ਮੇਰਾ ਘਰ ਢੁਹਾਇਆ ਸੀ।
ਇਹ ਕੰਮ ਸਾਡੇ ਛੋਟੇ ਭਰਾ ਗੰਗੇ ਠੱਕਰਪੁਰੀਏ ਨੇ ਕੀਤਾ ਹੈ। ਪੁਲਿਸ ਕਿਸੇ ਨੂੰ ਨਾਜਾਇਜ਼ ਤੰਗ ਨਾ ਕਰੇ। ਬਾਕੀ ਇਸ ’ਤੇ ਅਸੀਂ ਦੋ ਵਾਰ ਅਟੈਕ ਲਾਇਆ ਸੀ ਤੇ ਇਹ ਬਚ ਗਿਆ। ਨਾਜਾਇਜ਼ ਘਰਾਂ ਵਿੱਚੋਂ ਮੁੰਡੇ ਚੁਕਵਾ ਕੇ ਉਨ੍ਹਾਂ ਦੇ ਗੋਲੀਆਂ ਮਰਵਾਈਆਂ, ਜਿਨ੍ਹਾਂ ਦਾ ਸਾਡੇ ਨਾਲ ਕੋਈ ਲੈਣ ਦੇਣ ਨਹੀਂ ਸੀ। ਜਿਸ ਬਾਰੇ ਪਹਿਲਾਂ ਵੀ ਪੋਸਟ ਪਾ ਕੇ ਦੱਸ ਚੁੱਕੇ ਹਾਂ। ਇਸ ਨੂੰ ਫੋਨ ਲਗਾ ਕੇ ਸਮਝਾਇਆ ਵੀ ਸੀ ਪਰ ਇਹ ਸੁਧਰਦਾ ਨਹੀਂ ਸੀ। ਬਾਕੀ ਜੋ ਕੁਮੈਂਟਾਂ ਵਿਚ ਆ ਕੇ ਬੋਲ ਰਹੇ ਹਨ, ਸਾਡਾ ਸਭ ਵੱਲ ਧਿਆਨ ਹੈ। ਹਾਲਾਂਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਪੋਸਟ ਦੀ ਸੱਚਾਈ ਕੀ ਹੈ, ਇਸ ਸਬੰਧੀ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ।