ਜੇਕਰ ਕਰੰਟ ਅਕਾਊਂਟ ਵਿਚ 50 ਲੱਖ ਤੋਂ ਉਪਰ ਪੈਸੇ ਜਮ੍ਹਾਂ ਹੋਏ ਹਨ, ਤਾਂ ਬੈਂਕ ਵਾਲੇ ਇਸ ਦੀ ਰਿਪੋਰਟ ਇਨਕਮ ਟੈਕਸ ਵਿਭਾਗ ਨੂੰ ਦਿੰਦੇ ਹਨ।

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਸਾਲ 2026-27 ਦੀ ਇਨਕਮ ਟੈਕਸ ਰਿਟਰਨ ਭਰਦੇ ਸਮੇਂ ਬਹੁਤ ਧਿਆਨ ਦੇਣ ਦੀ ਲੋੜ ਹੈ। ਕਿਉਂਕਿ ਕਾਨੂੰਨ ਸਖ਼ਤ ਹੋ ਰਹੇ ਹਨ ਤੇ ਵਿਭਾਗ ਦੀ ਤਿੱਖੀ ਨਜ਼ਰ ਟੈਕਸਦਾਤਾਵਾਂ ’ਤੇ ਰਹਿੰਦੀ ਹੈ। ਕਿਸੇ ਵੀ ਵਪਾਰੀ ਜਾਂ ਪੇਸ਼ੇਵਰ ਨੂੰ ਨੋਟਿਸ ਭੇਜਿਆ ਜਾ ਸਕਦਾ ਹੈ। ਇਹ ਜਾਣਕਾਰੀ ਸ਼ਹਿਰ ਦੇ ਸੀਨੀਅਰ ਐਡਵੋਕੇਟ ਆਦੇਸ਼ ਅਗਨੀਹੋਤਰੀ ਨੇ ਐਕਟ ’ਚ ਆਏ ਕੁਝ ਬਦਲਾਅ ਬਾਰੇ ਜ਼ਿਕਰ ਕਰਦਿਆਂ ਦਿੱਤੀ ਹੈ।
ਅਗਨੀਹੋਤਰੀ ਨੇ ਕਿਹਾ ਕਿ ਰਿਟਰਨ ਭਰਦੇ ਸਮੇਂ ਸਾਨੂੰ ਦੋ ਪਤੇ ਦੇਣੇ ਹੋਣਗੇ। ਪਹਿਲਾਂ ਇਕ ਪਤੇ ਨਾਲ ਹੀ ਕੰਮ ਚੱਲ ਜਾਂਦਾ ਸੀ, ਪਰ ਹੁਣ ਸੋਧ ਕਰਕੇ ਇਕ ਹੋਰ ਪਤਾ ਦੇਣਾ ਹੋਵੇਗਾ ਤਾਂ ਜੋ ਜੇਕਰ ਨੋਟਿਸ ਪਹਿਲੇ ਪਤੇ ’ਤੇ ਨਾ ਜਾ ਸਕੇ, ਤਾਂ ਦੂਜੇ ਪਤੇ ਉਪਰ ਜਾ ਸਕੇ। ਇਸ ਤੋਂ ਇਲਾਵਾ, ਜਿੰਨੇ ਵੀ ਵਪਾਰੀਆਂ ਦੇ ਬੈਂਕ ਖਾਤੇ ਹਨ, ਉਨ੍ਹਾਂ ਦੀ ਕਾਪੀ ਬੈਂਕ ਤੋਂ ਲੈ ਲੈਣੀ ਚਾਹੀਦੀ ਹੈ ਤਾਂ ਜੋ ਸਾਰਾ ਸਾਲ ਬੈਂਕ ਵਿਚ ਕਿੰਨੇ ਪੈਸੇ ਜਮ੍ਹਾਂ ਹੋਏ ਅਤੇ ਕਿਨ੍ਹੇਂ ਕਢਵਾਏ ਗਏ, ਉਸ ਦਾ ਹਿਸਾਬ ਰਹੇ।
ਇਸ ਵਾਰ ਰਿਟਰਨ ਵਿਚ ਬੈਂਕ ਦਾ ਬੈਲੇਂਸ ਲਾਜ਼ਮੀ ਕਰ ਦਿੱਤਾ ਗਿਆ ਹੈ ਜੋ 31 ਮਾਰਚ 26 ਨੂੰ ਬੈਂਕ ਵਿਚ ਸੀ। ਰਿਟਰਨ ਵਿਚ ਇਹ ਭਰਨਾ ਜ਼ਰੂਰੀ ਹੋ ਗਿਆ ਹੈ। ਜੇਕਰ ਸੇਵਿੰਗ ਅਕਾਊਂਟ ਵਿਚ ਇਕ ਸਾਲ ਵਿਚ 10 ਲੱਖ ਤੋਂ ਉਪਰ ਪੈਸੇ ਜਮ੍ਹਾਂ ਹੋਏ ਹਨ, ਤਾਂ ਇਸ ਦੀ ਐਂਟਰੀ ਵਿਭਾਗ ਨੂੰ ਰਿਪੋਰਟ ਕੀਤੀ ਜਾਂਦੀ ਹੈ। ਇਸੇ ਤਰ੍ਹਾਂ, ਜੇਕਰ ਕਰੰਟ ਅਕਾਊਂਟ ਵਿਚ 50 ਲੱਖ ਤੋਂ ਉਪਰ ਪੈਸੇ ਜਮ੍ਹਾਂ ਹੋਏ ਹਨ, ਤਾਂ ਬੈਂਕ ਵਾਲੇ ਇਸ ਦੀ ਰਿਪੋਰਟ ਇਨਕਮ ਟੈਕਸ ਵਿਭਾਗ ਨੂੰ ਦਿੰਦੇ ਹਨ।
ਅਗਨੀਹੋਤਰੀ ਨੇ ਕਿਹਾ ਕਿ ਜੇਕਰ ਅਸੀਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹਾਂ ਅਤੇ ਲੈਣ-ਦੇਣ 1 ਲੱਖ ਤੋਂ ਉਪਰ ਹੋ ਗਿਆ ਹੈ, ਤਾਂ ਇਸ ਦਾ ਧਿਆਨ ਰੱਖੋ। 10 ਲੱਖ ਤੋਂ ਵੱਧ ਆਨਲਾਈਨ ਲੈਣ-ਦੇਣ ’ਤੇ ਵੀ ਧਿਆਨ ਰੱਖਣਾ ਹੋਵੇਗਾ। ਜੇਕਰ ਅਸੀਂ ਪਿਛਲੇ ਸਾਲ ਵਿਚ ਜ਼ਮੀਨ-ਜਾਇਦਾਦ ਦੀ ਵਿਕਰੀ ਜਾਂ ਖਰੀਦ ਕਰ ਰਹੇ ਹਾਂ ਜਿਸ ਦੀ ਕੀਮਤ 30 ਲੱਖ ਤੋਂ ਜ਼ਿਆਦਾ ਹੈ, ਤਾਂ ਇਸ ਦੀ ਵੀ ਰਿਪੋਰਟ ਜਾਂਦੀ ਹੈ। ਇਸ ਤੋਂ ਇਲਾਵਾ, ਜੇਕਰ ਅਸੀਂ ਬੈਂਕ ਵਿਚ 10 ਲੱਖ ਤੋਂ ਵੱਧ ਦੀ ਐੱਫਡੀਆਰ ਕਰਵਾ ਰਹੇ ਹਾਂ, ਤਾਂ ਇਸ ਦਾ ਵੀ ਖਿਆਲ ਰੱਖਣਾ ਹੋਵੇਗਾ।
ਜੇਕਰ ਅਸੀਂ ਵਿਦੇਸ਼ੀ ਮੁਦਰਾ 10 ਲੱਖ ਤੋਂ ਵੱਧ ਖਰੀਦ ਰਹੇ ਹਾਂ, ਤਾਂ ਇਸ ਦੀ ਵੀ ਰਿਪੋਰਟ ਇਨਕਮ ਟੈਕਸ ਵਿਭਾਗ ਨੂੰ ਜਾਂਦੀ ਹੈ। ਇਸ ਦੇ ਨਾਲ-ਨਾਲ ਸ਼ੇਅਰ, ਡਿਬੈਂਚਰ, ਬਾਂਡ ਤੇ ਮਿਉਚੁਅਲ ਫੰਡ ਦਾ ਹਿਸਾਬ ਰੱਖ ਕੇ ਹੀ ਇਨਕਮ ਟੈਕਸ ਰਿਟਰਨ ਦਾਖਲ ਕਰਨੀ ਹੋਵੇਗੀ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਬੈਂਕ ’ਚ ਪੈਸੇ ਹੀ ਜਮ੍ਹਾਂ ਨਾ ਕਰੀਏ ਜਾਂ ਕੰਮ ਹੀ ਬੰਦ ਕਰ ਦੇਈਏ।
ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਜਿੰਨੇ ਵੀ ਪੈਸੇ ਅਸੀਂ ਸੇਵਿੰਗ ਜਾਂ ਕਰੰਟ ਅਕਾਊਂਟ ’ਚ ਜਮ੍ਹਾਂ ਕਰਦੇ ਹਾਂ, ਉਸ ਦਾ ਹਿਸਾਬ-ਕਿਤਾਬ ਸਾਡੇ ਕੋਲ ਹੋਣਾ ਚਾਹੀਦਾ ਹੈ ਕਿ ਇਹ ਪੈਸੇ ਕਿੱਥੋਂ ਆਏ ਜਾਂ ਕਿਸ ਨੇ ਦਿੱਤੇ।
ਜੇਕਰ ਨੋਟਿਸ ਆਉਂਦਾ ਹੈ, ਤਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਜਵਾਬ ਦਿੰਦੇ ਸਮੇਂ ਕੋਈ ਮੁਸ਼ਕਿਲ ਨਾ ਆਵੇ। ਨਹੀਂ ਤਾਂ ਵਿਭਾਗ ਉਸ ਐਂਟਰੀ ਨੂੰ ਲੁਕਵੀਂ ਆਮਦਨ ਮੰਨ ਲਵੇਗਾ ਤੇ ਜੋ ਅਸੀਂ ਰਿਟਰਨ ਭਰੀ ਹੈ, ਉਸ ’ਚ ਉਸ ਨੂੰ ਜੋੜ ਕੇ ਟੈਕਸ ਲਾ ਦੇਵੇਗਾ। ਅਜਿਹੀ ਸਥਿਤੀ ’ਚ ਜੁਰਮਾਨਾ ਤੇ ਵਿਆਜ ਵੀ ਲੱਗ ਸਕਦਾ ਹੈ ਕਿ ਅਸੀਂ ਇਸ ਐਂਟਰੀ ਨੂੰ ਲੁਕਾਇਆ ਹੈ।
ਅਗਨੀਹੋਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਸਾਨੂੰ 26 ਏਐੱਸ ਅਤੇ ਏਆਈਐੱਸ ਦੇਖ ਕੇ ਰਿਟਰਨ ਭਰਨੀ ਚਾਹੀਦੀ ਹੈ। ਉਸ ਵਿਚ ਸਾਰੇ ਸੇਵਿੰਗ ਇੰਟਰਸਟ, ਐੱਫਡੀਆਰ ਦੇ ਇੰਟਰਸਟ, ਜੋ ਬਾਹਰ ਪੈਸੇ ਭੇਜੇ ਹਨ, ਉਸ ਦਾ ਵੇਰਵਾ, ਇਸ ਤੋਂ ਇਲਾਵਾ ਜੀਐੱਸਟੀ ਦੀ ਖਰੀਦ ਅਤੇ ਵਿਕਰੀ ਆਦਿ ਸਭ ਕੁਝ ਨਜ਼ਰ ਆ ਜਾਂਦਾ ਹੈ। ਇਸ ਨੂੰ ਦੇਖ ਕੇ ਹੀ ਰਿਟਰਨ ਭਰੀ ਜਾਵੇ, ਤਾਂ ਜੋ ਕੋਈ ਨੋਟਿਸ ਆਉਣ ਦਾ ਮੌਕਾ ਹੀ ਖ਼ਤਮ ਹੋ ਜਾਵੇ ਅਤੇ ਬਿਨ੍ਹਾਂ ਕਿਸੇ ਮੁਸ਼ਕਿਲ ਦੇ ਅਸੈਸਮੈਂਟ ਆਰਡਰ ਮਿਲ ਸਕੇ।