ਪੱਟੀ ਦੇ ਪਿੰਡਾਂ ਨੂੰ ਜਾਣ ਵਾਲੇ ਲਿੰਕ ਰਸਤਿਆਂ ’ਤੇ ਵੱਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਕਾਰਨ ਲੋਕਾਂ ’ਚ ਸਹਿਮ
ਲਗਾਤਾਰ ਹੋ ਰਹੀਆਂ ਵਾਰਦਾਤਾਂ ਕਾਰਨ ਇਲਾਕੇ ਦੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ ਤੇ ਲੋਕ ਹੁਣ ਰਾਤ ਸਮੇਂ ਇਕੱਲੇ ਸਫ਼ਰ ਕਰਨ ਤੋਂ ਵੀ ਡਰਣ ਲੱਗ ਪਏ ਹਨ।
Publish Date: Mon, 11 May 2026 07:03 PM (IST)
Updated Date: Tue, 12 May 2026 04:09 AM (IST)

ਕੇਪੀ ਗਿੱਲ,•ਪੰਜਾਬੀ ਜਾਗਰਣ, ਕੈਰੋਂ : ਪੱਟੀ ਸ਼ਹਿਰ ਤੇ ਇਸਦੇ ਆਸ-ਪਾਸ ਦੇ ਪਿੰਡਾਂ ’ਚ ਪਿਛਲੇ ਕੁਝ ਸਮੇਂ ਤੋਂ ਲੁੱਟ-ਖੋਹ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ ਦਾ ਜੀਉਣਾ ਮੁਹਾਲ ਕਰ ਦਿੱਤਾ ਹੈ। ਖ਼ਾਸ ਕਰਕੇ ਸ਼ਾਮ ਤੋਂ ਬਾਅਦ ਪਿੰਡਾਂ ਨੂੰ ਜਾਣ ਵਾਲੇ ਲਿੰਕ ਰੋਡ ਅਤੇ ਸੁੰਨੇ ਰਸਤੇ ਹੁਣ ਲੋਕਾਂ ਲਈ ਡਰ ਦਾ ਕਾਰਨ ਬਣਦੇ ਜਾ ਰਹੇ ਹਨ। ਲਗਾਤਾਰ ਹੋ ਰਹੀਆਂ ਵਾਰਦਾਤਾਂ ਕਾਰਨ ਇਲਾਕੇ ਦੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ ਤੇ ਲੋਕ ਹੁਣ ਰਾਤ ਸਮੇਂ ਇਕੱਲੇ ਸਫ਼ਰ ਕਰਨ ਤੋਂ ਵੀ ਡਰਣ ਲੱਗ ਪਏ ਹਨ। ਤਾਜ਼ਾ ਘਟਨਾ ’ਚ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ, ਜੋ ਹਰ ਰੋਜ਼ ਦੀ ਤਰ੍ਹਾਂ ਆਪਣੇ ਸਕੂਲ ਤੋਂ ‘ਰਹਿਰਾਸ’ ਸਾਹਿਬ ਦੀ ਡਿਊਟੀ ਨਿਭਾ ਕੇ ਵਾਪਸ ਆਪਣੇ ਪਿੰਡ ਆ ਰਹੇ ਸਨ, ਨੂੰ ਪੱਟੀ-ਬਾਹਮਣੀਵਾਲਾ ਰੋਡ ’ਤੇ ਅਣਪਛਾਤੇ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ। ਦੱਸਿਆ ਜਾ ਰਿਹਾ ਹੈ ਕਿ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੇ ਜ਼ੋਰ ’ਤੇ ਉਨ੍ਹਾਂ ਦਾ ਮੋਬਾਈਲ ਫੋਨ ਖੋਹ ਲਿਆ ਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ’ਚ ਰੋਸ ਅਤੇ ਡਰ ਦਾ ਮਾਹੌਲ ਹੈ। ਇਸੇ ਦਿਨ ਇਕ ਹੋਰ ਘਟਨਾ ’ਚ ਪਿੰਡ ਉਬੋਕੇ ਨਿਵਾਸੀ ਗੁਰਵਿੰਦਰ ਸਿੰਘ, ਜੋ ਪਲੰਬਰ ਦਾ ਕੰਮ ਕਰਦਾ ਹੈ, ਤੋਂ ਵੀ ਅਣਪਛਾਤੇ ਨੌਜਵਾਨਾਂ ਨੇ ਫੋਨ ਖੋਹ ਲਿਆ। ਪੀੜਤ ਦੇ ਪਰਿਵਾਰਿਕ ਮੈਂਬਰਾਂ ਅਨੁਸਾਰ ਉਹ ਦਿਹਾੜੀ ਕਰ ਕੇ ਆਪਣੇ ਘਰ ਵਾਪਸ ਆ ਰਿਹਾ ਸੀ, ਜਦੋਂ ਰਸਤੇ ’ਚ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਇਲਾਵਾ ਉਸੇ ਰਾਤ ਕਰੀਬ 9 ਵਜੇ ਸੂਏ ਦੇ ਪੁਲ ਨੇੜੇ ਦੋ ਨੌਜਵਾਨਾਂ ਨੂੰ ਵੀ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਕੁਝ ਸ਼ੱਕੀ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਨੌਜਵਾਨਾਂ ਨੇ ਸੂਝ-ਬੂਝ ਦਿਖਾਉਂਦਿਆਂ ਆਪਣੇ ਮੋਟਰਸਾਈਕਲ ਦੀ ਰਫ਼ਤਾਰ ਵਧਾ ਕੇ ਮੌਕੇ ਤੋਂ ਨਿਕਲ ਕੇ ਆਪਣਾ ਬਚਾਅ ਕਰ ਲਿਆ। ਜੇਕਰ ਉਹ ਸਮੇਂ ਸਿਰ ਉਥੋਂ ਨਾ ਨਿਕਲਦੇ ਤਾਂ ਕੋਈ ਵੱਡੀ ਵਾਰਦਾਤ ਵੀ ਹੋ ਸਕਦੀ ਸੀ। ਲਗਾਤਾਰ ਹੋ ਰਹੀਆਂ ਅਜਿਹੀਆਂ ਘਟਨਾਵਾਂ ਕਾਰਨ ਪੱਟੀ ਇਲਾਕੇ ਦੇ ਲੋਕਾਂ ’ਚ ਚਿੰਤਾ ਵੇਖੀ ਜਾ ਰਹੀ ਹੈ। ==== ਜ਼ਰੂਰੀ ਕੰਮਾਂ ਤੋਂ ਬਿਨਾ ਲੋਕ ਘਰੋਂ ਨਿਕਲਣ ਤੋਂ ਕੰਨੀ ਕਤਰਾਉਣ ਲੱਗੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਪਿੰਡਾਂ ਦੇ ਰਸਤੇ ਰਾਤ ਸਮੇਂ ਵੀ ਕਾਫ਼ੀ ਸੁਰੱਖਿਅਤ ਮੰਨੇ ਜਾਂਦੇ ਸਨ, ਪਰ ਹੁਣ ਹਾਲਾਤ ਅਜਿਹੇ ਬਣ ਗਏ ਹਨ ਕਿ ਲੋਕ ਜ਼ਰੂਰੀ ਕੰਮ ਤੋਂ ਬਿਨਾ ਰਾਤ ਵੇਲੇ ਘਰੋਂ ਨਿਕਲਣ ਤੋਂ ਵੀ ਕਤਰਾਉਂਦੇ ਹਨ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪੱਟੀ-ਬਾਹਮਣੀਵਾਲਾ ਰੋਡ, ਸੂਏ ਦੇ ਪੁਲ ਵਾਲਾ ਇਲਾਕਾ ਤੇ ਹੋਰ ਕਈ ਲਿੰਕ ਰੋਡ ਰਾਤ ਸਮੇਂ ਪੂਰੀ ਤਰ੍ਹਾਂ ਸੁੰਨੇ ਹੋ ਜਾਂਦੇ ਹਨ, ਜਿਸ ਦਾ ਫਾਇਦਾ ਸ਼ਰਾਰਤੀ ਅਨਸਰ ਚੁੱਕ ਰਹੇ ਹਨ। ਕਈ ਥਾਵਾਂ ‘ਤੇ ਸੜਕਾਂ ਦੇ ਕਿਨਾਰੇ ਲਾਈਟਾਂ ਨਾ ਹੋਣ ਕਾਰਨ ਹਨੇਰਾ ਰਹਿੰਦਾ ਹੈ, ਜਿਸ ਕਾਰਨ ਲੁਟੇਰਿਆਂ ਦੇ ਹੌਸਲੇ ਹੋਰ ਵੀ ਵੱਧ ਰਹੇ ਹਨ। ਲੋਕਾਂ ਨੇ ਇਹ ਵੀ ਦੋਸ਼ ਲਾਇਆ ਕਿ ਪੁਲਿਸ ਵੱਲੋਂ ਰਾਤ ਸਮੇਂ ਗਸ਼ਤ ’ਚ ਹੋਰ ਵਾਧਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਵੱਲੋਂ ਸੰਵੇਦਨਸ਼ੀਲ ਇਲਾਕਿਆਂ ’ਚ ਨਾਕਾਬੰਦੀ ਤੇ ਗਸ਼ਤ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਅਜਿਹੀਆਂ ਘਟਨਾਵਾਂ ‘ਤੇ ਰੋਕ ਲਾਈ ਜਾ ਸਕਦੀ ਹੈ। ਇਲਾਕੇ ਦੇ ਲੋਕਾਂ, ਸਮਾਜਿਕ ਆਗੂਆਂ ਤੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੱਟੀ ਤੇ ਆਸ-ਪਾਸ ਦੇ ਇਲਾਕਿਆਂ ’ਚ ਵੱਧ ਰਹੀਆਂ ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਦੋਸ਼ੀਆਂ ਨੂੰ ਜਲਦ ਕਾਬੂ ਕਰ ਕੇ ਲੋਕਾਂ ’ਚ ਸੁਰੱਖਿਆ ਦਾ ਮਾਹੌਲ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਲੋਕਾਂ ’ਚ ਡਰ ਤੇ ਗੁੱਸਾ ਹੋਰ ਵੱਧ ਸਕਦਾ ਹੈ। ===== ਪੁਲਿਸ ਵੱਲੋਂ ਗਸ਼ਤ ਵਧਾਈ ਗਈ, ਨਹੀਂ ਬਖ਼ਸ਼ੇ ਜਾਣਗੇ ਸ਼ਰਾਰਤੀ : ਡੀਐੱਸਪੀ ਇਸ ਸਬੰਧੀ ਜਦੋਂ ਡੀਐਸਪੀ ਪੱਟੀ ਰਵੀਸ਼ੇਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪੱਟੀ ਤੇ ਆਸ-ਪਾਸ ਦੇ ਇਲਾਕਿਆਂ ’ਚ ਵਾਪਰੀਆਂ ਘਟਨਾਵਾਂ ਨੂੰ ਪੁਲਿਸ ਵੱਲੋਂ ਗੰਭੀਰਤਾ ਨਾਲ ਲਿਆ ਗਿਆ ਹੈ। ਪੁਲਿਸ ਟੀਮਾਂ ਵੱਲੋਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਇਲਾਕੇ ਦੇ ਸੀਸੀਟੀਵੀ ਕੈਮਰੇ ਵੀ ਜਾਂਚੇ ਜਾ ਰਹੇ ਹਨ। ਰਾਤ ਸਮੇਂ ਗਸ਼ਤ ’ਚ ਵਾਧਾ ਕੀਤਾ ਗਿਆ ਹੈ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਡੀਐੱਸਪੀ ਨੇ ਅੱਗੇ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥ ’ਚ ਲੈਣ ਵਾਲੇ ਤੇ ਲੋਕਾਂ ’ਚ ਦਹਿਸ਼ਤ ਫੈਲਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਰਾਤ ਸਮੇਂ ਸੁੰਨੇ ਰਸਤਿਆਂ ‘ਤੇ ਇਕੱਲੇ ਜਾਣ ਤੋਂ ਗੁਰੇਜ਼ ਕਰਨ ਤੇ ਕਿਸੇ ਵੀ ਸ਼ੱਕੀ ਗਤੀਵਿਧੀ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਤਾਂ ਜੋ ਸਮੇਂ ਸਿਰ ਕਾਰਵਾਈ ਕੀਤੀ ਜਾ ਸਕੇ।