ਅੰਡਰ 23 ਕ੍ਰਿਕਟ ਟੂਰਨਾਮੈਂਟ ’ਚ ਇਮਰੋਜਪ੍ਰੀਤ ਤੇ ਗਣੇਸ਼ ਨੇ ਪਹਿਲਾ ਤੇ ਦੂਜਾ ਸਥਾਨ ਕੀਤਾ ਹਾਸਿਲ
ਅੰਡਰ 23 ਕ੍ਰਿਕਟ ਟੂਰਨਾਮੈਂਟ ’ਚ ਇਮਰੋਜਪ੍ਰੀਤ ਤੇ ਗਣੇਸ਼ ਨੇ ਪਹਿਲਾ ਤੇ ਦੂਜਾ ਸਥਾਨ ਹਾਸਿਲ ਕੀਤਾ
Publish Date: Wed, 13 May 2026 05:45 PM (IST)
Updated Date: Thu, 14 May 2026 04:04 AM (IST)

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਅੰਡਰ-23 ਇਕ ਦਿਨਾਂ ਮੁੰਡਿਆਂ ਦੇ ਕ੍ਰਿਕਟ ਟੂਰਨਾਮੈਂਟ ਦੌਰਾਨ ਫਾਈਨਲ ਮੁਕਾਬਲਾ ਪਟਿਆਲਾ ਤੇ ਤਰਨਤਾਰਨ ਜ਼ਿਲ੍ਹੇ ਦਰਮਿਆਨ ਹੋਇਆ ਸੀ। ਇਸ ਰੋਚਕ ਮੁਕਾਬਲੇ ਤੋਂ ਬਾਅਦ ਪਟਿਆਲਾ ਟੀਮ 15 ਦੌੜਾਂ ਨਾਲ ਜਿੱਤ ਕੇ ਟੂਰਨਾਮੈਂਟ ’ਚ ਪਹਿਲੇ ਨੰਬਰ ’ਤੇ ਆਈ ਤੇ ਤਰਨਤਾਰਨ ਦੂਜੇ ਸਥਾਨ ’ਤੇ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਨਤਾਰਨ ਕ੍ਰਿਕਟ ਐਸੋਸੀਏਸ਼ਨ ਦੇ ਹੈੱਡ ਕੋਚ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪੂਰੇ ਟੂਰਨਾਮੈਂਟ ’ਚ ਪਹਿਲੀ ਵਾਰ ਹਿੱਸਾ ਲੈ ਰਹੀ ਤਰਨਤਾਰਨ ਜ਼ਿਲ੍ਹੇ ਦੀ ਕ੍ਰਿਕਟ ਟੀਮ ਨੇ ਨਾ ਸਿਰਫ਼ ਸ਼ਾਨਦਾਰ ਪ੍ਰਦਰਸ਼ਨ ਕੀਤਾ ਬਲਕਿ ਇਸ ਟੀਮ ਦੇ ਬੱਲੇਬਾਜ਼ ਇਮਰੋਜਪ੍ਰੀਤ ਸਿੰਘ ਨੇ ਛੇ ਮੈਚਾਂ ’ਚ 418 ਦੌੜਾਂ ਬਣਾਈਆਂ ਤੇ ਸੱਤ ਵਿਕਟਾਂ ਵੀ ਲਈਆਂ। ਜ਼ਿਕਰਯੋਗ ਹੈ ਕਿ ਇਹ ਇਮਰੋਜਪ੍ਰੀਤ ਸਿੰਘ ਸੂਬੇ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲੇ ਨੰਬਰ ਦਾ ਬੱਲੇਬਾਜ਼ ਬਣ ਗਿਆ। ਉੱਥੇ ਤਰਨਤਾਰਨ ਕ੍ਰਿਕਟ ਟੀਮ ਦੇ ਹੀ ਗਣੇਸ਼ ਨੇ ਸੱਤ ਮੈਚਾਂ ’ਚ 409 ਦੌੜਾਂ ਬਣਾ ਕੇ ਪੂਰੇ ਸੂਬੇ ’ਚ ਦੂਜਾ ਸਥਾਨ ਹਾਸਿਲ ਕੀਤਾ। ਇਹ ਸ਼ਾਨਦਾਰ ਪ੍ਰਦਰਸ਼ਨ ਖੇਡਾਂ ਪੱਖੋਂ ਪੱਛੜੇ ਸਰਹੱਦੀ ਇਲਾਕੇ ਤਰਨਤਾਰਨ ਜ਼ਿਲ੍ਹੇ ’ਚ ਨਵੀਂ ਰੂਹ ਫੂਕੇਗਾ। ਪੂਰੇ ਇਲਾਕੇ ’ਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਅਗਵਾਈ ਹੇਠ ਚੱਲ ਰਹੀ ਤਰਨਤਾਰਨ ਕ੍ਰਿਕਟ ਐਸੋਸੀਏਸ਼ਨ ਨੇ ਬਹੁਤ ਆਧੁਨਿਕ ਢੰਗ ਨਾਲ ਸ਼ਾਨਦਾਰ ਖੇਡ ਗਰਾਉਂਡ ਬਣਾਈ ਹੈ ਜਿਹੜੀ ਕਿ ਪੱਟੀ ਰੋਡ ਤੇ ਸੇਂਟ ਮੈਰੀਡਨ ਅਕੈਡਮੀ ’ਚ ਚੱਲ ਰਹੀ ਹੈ। ਇਸ ਅਕਾਦਮੀ ’ਚ ਪੀਸੀਏ ਤੋਂ ਸਿਖਲਾਈ ਪ੍ਰਾਪਤ ਕੋਚ ਅਤੇ ਟਰੇਨਰ ਸਵੇਰੇ ਸ਼ਾਮ ਕੁੜੀਆਂ ਤੇ ਮੁੰਡਿਆਂ ਨੂੰ ਕ੍ਰਿਕਟ ਦੇ ਗੁਰ ਸਿਖਾਉਂਦੇ ਹਨ।