ਪੰਜਾਬ ਸਿੱਖਿਆ ਬੋਰਡ 12ਵੇਂ ਦੇ ਨਤੀਜਿਆਂ ’ਚ ਤਰਨਤਾਰਨ ਜ਼ਿਲ੍ਹੇ ਦੇ 91.22 ਵਿਦਿਆਰਥੀ ਪਾਸ
ਤਿੰਨ ਕੁੜੀਆਂ ਸਮੇਤ ਪੰਜ ਵਿਦਿਆਰਥੀਆਂ ਨੇ ਸੂਬਾ ਪੱਧਰ ਦੀ ਮੈਰਿਟ ਸੂਚੀ ’ਚ ਥਾਂ ਬਣਾਈ ਹੈ
Publish Date: Wed, 13 May 2026 04:17 PM (IST)
Updated Date: Thu, 14 May 2026 04:00 AM (IST)

ਜਸਪਾਲ ਸਿੰਘ ਜੱਸੀ,•ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ ਐਲਾਨੇ ਗਏ 12ਵੀਂ ਦੇ ਨਤੀਜਿਆਂ ’ਚ ਤਰਨਤਾਰਨ ਜ਼ਿਲ੍ਹੇ ਦੇ 91.22 ਫ਼ੀਸਦੀ ਵਿਦਿਆਰਥੀਆਂ ਨੇ ਸਫਲਤਾ ਹਾਸਲ ਕੀਤੀ ਹੈ। ਜਦੋਂਕਿ ਤਰਨਤਾਰਨ ਜ਼ਿਲ੍ਹਾ ਪੰਜਾਬ ’ਚੋਂ 12ਵੇਂ ਸਥਾਨ ’ਤੇ ਰਿਹਾ ਹੈ। ਤਿੰਨ ਕੁੜੀਆਂ ਸਮੇਤ ਪੰਜ ਵਿਦਿਆਰਥੀਆਂ ਨੇ ਸੂਬਾ ਪੱਧਰ ਦੀ ਮੈਰਿਟ ਸੂਚੀ ’ਚ ਥਾਂ ਬਣਾਈ ਹੈ। ਜਦੋਂਕਿ ਜ਼ਿਲ੍ਹੇ ’ਚ ਪਹਿਲੇ ਦਸ ਸਥਾਨਾਂ ’ਤੇ ਸੱਤ ਕੁੜੀਆਂ ਤੇ ਤਿੰਨ ਮੁੰਡੇ ਕਾਬਜ਼ ਹੋਏ ਹਨ। ਜ਼ਿਲ੍ਹੇ ਦੇ ਸਫਲ ਨਤੀਜਿਆਂ ਨੂੰ ਲੈ ਕੇ ਜਿੱਥੇ ਸਕੂਲਾਂ ’ਚ ਖੁਸ਼ੀ ਦਾ ਮਾਹੌਲ ਹੈ, ਉੱਥੇ ਹੀ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰ ਵੀ ਬਾਗੋ ਬਾਗ ਹਨ। ਤਰਨਤਾਰਨ ਜ਼ਿਲ੍ਹੇ ’ਚ 11 ਹਜ਼ਾਰ 733 ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ। ਜਿਨ੍ਹਾਂ ’ਚੋਂ 10 ਹਜ਼ਾਰ 703 ਵਿਦਿਆਰਥੀ ਪਾਸ ਹੋਏ ਹਨ। ਜਦੋਂਕਿ ਪੰਜਾਬ ਦੀ ਮੈਰਿਟ ਸੂਚੀ ’ਚ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਪੰਜ ਵਿਦਿਆਰਥੀ ਆਪਣਾ ਨਾਂ ਦਰਜ ਕਰਵਾਉਣ ’ਚ ਵੀ ਸਫਲ ਹੋਏ ਹਨ, ਜਿਨ੍ਹਾਂ ਵਿਚ ਤਿੰਨ ਕੁੜੀਆਂ ਤੇ ਦੋ ਮੁੰਡੇ ਸ਼ਾਮਲ ਹਨ। ਇਸੇ ਤਰ੍ਹਾਂ ਜ਼ਿਲ੍ਹੇ ’ਚ ਪਹਿਲੇ ਦਸ ਸਥਾਨਾਂ ਦੀ ਗੱਲ ਕਰੀਏ ਤਾਂ ਇੱਥੇ ਵੀ ਕੁੜੀਆਂ ਦੀ ਬਹੁਤਾਤ ਰਹੀ ਹੈ। ਦਸਾਂ ’ਚੋਂ 7 ਕੁੜੀਆਂ ‘ਟਾਪ ਸੂਚੀ’ ’ਚ ਨਾਂ ਸ਼ਾਮਲ ਕਰਵਾਉਣ ’ਚ ਸਫਲ ਹੋਈਆਂ ਹਨ। ਜਿਨ੍ਹਾਂ ਦੇ ਸਕੂਲਾਂ ’ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ===== ਇਹ ਵਿਦਿਆਰਥੀ ਹੋਏ ਟਾਪ-10 ’ਚ ਸ਼ਾਮਲ ਪਹਿਲੇ ਦਸ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਪਹਿਲਾ ਸਥਾਨ ਗਰਵ ਦੇਵਗਨ ਪੁੱਤਰ ਅਨਿਲ ਕੁਮਾਰ ਨੇ ਹਾਸਲ ਕੀਤਾ ਹੈ। ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਵਲਟੋਹਾ ਦੇ ਇਸ ਵਿਦਆਰਥੀ ਨੇ ਇਹ ਪ੍ਰੀਖਿਆ 500 ’ਚੋਂ 488 ਅੰਕ ਲੈ ਕੇ ਪਾਸ ਕੀਤੀ ਤੇ 97.60 ਫ਼ੀਸਦੀ ਅੰਕ ਹਾਸਲ ਕਰਨ ’ਚ ਸਫਲ ਹੋਇਆ। ਇਸੇ ਤਰ੍ਹਾਂ ਹੀ ਗੌਰਿਮੰਟ ਸੀਨੀਅਰ ਸੈਕੰਡਰੀ ਸਕੂਲ ਗੱਗੋਬੂਆ ਦੀ ਵਿਦਿਆਰਥਣ ਜਸ਼ਨਪ੍ਰੀਤ ਕੌਰ ਪੁੱਤਰੀ ਸਤਨਾਮ ਸਿੰਘ ਨੇ ਵੀ 488 ਅੰਕ ਹਾਸਲ ਕਰ ਕੇ 97.60 ਫ਼ੀਸਦੀ ਤਕ ਪਹੁੰਚ ਬਣਾਉਂਦਿਆਂ ਦੂਸਰਾ ਸਥਾਨ ਲਿਆ ਹੈ। ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਦੁਬਲੀ ਦੀ ਵਿਦਿਆਰਥਣ ਮਨਸਿਮਰਤ ਕੌਰ ਪੁੱਤਰੀ ਗੁਰਸੇਵਕ ਸਿੰਘ ਨੇ 485 ਅੰਕ ਹਾਸਲ ਕਰ ਕੇ 97 ਫ਼ੀਸਦੀ ਦਾ ਟੀਚਾ ਸਰ ਕਰਦਿਆਂ ਤੀਸਰਾ ਸਥਾਨ ਹਾਸਲ ਕੀਤਾ ਹੈ। ਚੌਥੇ ਸਥਾਨ ’ਤੇ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੀ ਪਰਨੀਤ ਕੌਰ ਸੰਧੂ ਪੁੱਤਰੀ ਜਗਜੀਤ ਸਿੰਘ ਸੰਧੂ ਰਹੀ, ਜਿਸ ਨੇ 484, 96.80 ਫ਼ੀਸਦੀ ਅੰਕ ਹਾਸਲ ਕੀਤੇ ਹਨ। ਪੰਜਵਾਂ ਸਥਾਨ ਹਰਨੂਰ ਸਿੰਘ ਪੁੱਤਰ ਸੁਲੱਖਣ ਸਿੰਘ ਜੋ ਗੁਰੂ ਅਮਰਦਾਸ ਸੀਨੀਅਰ ਸੈਕੰਡਰੀ ਸਕੂਲ ਗੋਇੰਦਵਾਲ ਸਾਹਿਬ ਦਾ ਵਿਦਿਆਰਥੀ ਹੈ ਨੇ ਹਾਸਲ ਕੀਤਾ। ਉਸ ਨੇ 484, 96.80 ਫ਼ੀਸਦੀ ਅੰਕ ਲਏ ਹਨ। ਜਦੋਂਕਿ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਗੱਗੋਬੂਆ ਦੀ ਵਿਦਿਆਰਥਣ ਜਸਮੀਤ ਕੌਰ ਪੁੱਤਰੀ ਸਰਵਨ ਸਿੰਘ ਨੇ 482, 96.40 ਫ਼ੀਸਦੀ ਅੰਕ ਲੈ ਕੇ ਛੇਵਾਂ ਸਥਾਨ ਹਾਸਲ ਕੀਤਾ ਹੈ। ਸਤਵੇਂ ਸਥਾਨ ’ਤੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਦੁਬਲੀ ਦਾ ਸਾਈ ਕੇਸ਼ਵ ਸ਼ਰਮਾ ਪੁੱਤਰ ਅਨਿਲ ਕੁਮਾਰ ਸ਼ਰਮਾ ਰਿਹਾ ਹੈ। ਇਸ ਨੇ ਵੀ 482, 96.40 ਫ਼ੀਸਦੀ ਅੰਕ ਹਾਸਲ ਕੀਤੇ ਹਨ। ਆਈਟੀ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰਾ ਦੀ ਨੰਦਨੀ ਪੁੱਤਰ ਰਜੀਵ ਵਾਹੀ ਨੇ 481, 96.20 ਫ਼ੀਸਦੀ ਅੰਕ ਹਾਸਲ ਕਰ ਕੇ ਅੱਠਵਾਂ ਸਥਾਨ ਹਾਸਲ ਕੀਤਾ ਹੈ। ਜਦੋਂਕਿ ਬਾਬਾ ਗੁਰਮੁੱਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਪੁੱਤਰੀ ਹਰਭਜਨ ਸਿੰਘ ਵੀ 481, 96.20 ਫ਼ੀਸਦੀ ਅੰਕ ਹਾਸਲ ਕਰ ਕੇ ਨੌਵੇਂ ਸਥਾਨ ’ਤੇ ਰਹੀ ਹੈ। ਦਸਵਾਂ ਸਥਾਨ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਦੁੱਬਲੀ ਦੀ ਵਿਦਿਆਰਥਣ ਪਰੀਨਿਤਾ ਸ਼ਰਮਾ ਪੁੱਤਰੀ ਅਰੁਣ ਸ਼ਰਮਾ ਨੇ ਹਾਸਲ ਕੀਤਾ ਹੈ। ਇਸ ਨੇ 480, 96 ਫ਼ੀਸਦੀ ਅੰਕ ਹਾਸਲ ਕੀਤੇ ਹਨ। ====== ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਕੁਮਾਰ ਛਾਬੜਾ ਨੇ ਦਿੱਤੀ ਵਧਾਈ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੀਵ ਕੁਮਾਰ ਛਾਬੜਾ ਨੇ 12ਵੀਂ ਦੇ ਐਲਾਨੇ ਗਏ ਨਤੀਜਿਆਂ ਦੌਰਾਨ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਪਹਿਲੇ ਦਸ ਸਥਾਨਾਂ ’ਤੇ ਰਹੇ ਵਿਦਿਆਰਥੀਆਂ ਨੂੰ ਸ਼ੁਭਕਾਮਾਵਾਂ ਦਿੰਦਿਆਂ ਦੱਸਿਆ ਕਿ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਇਨ੍ਹਾਂ ਦਸ ਵਿਦਿਆਰਥੀਆਂ ’ਚੋਂ ਪੰਜ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਨ ਤੇ ਤਿੰਨ ਪੁਜ਼ੀਸ਼ਨਾਂ ਇਕ ਹੀ ਸਕੂਲ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਦੁੱਬਲੀ ਦੇ ਹਿੱਸੇ ਆਈਆਂ ਹਨ। ਉਨ੍ਹਾਂ ਨੇ ਸ਼ਾਨਦਾਰ ਨਤੀਜਿਆਂ ਦਾ ਸਿਹਰਾ ਅਧਿਆਪਕਾਂ ਦੀ ਸਖਤ ਮਿਹਨਤ ਅਤੇ ਬੱਚਿਆਂ ਦੀ ਲਗਨ ਨਾਲ ਕੀਤੀ ਪੜ੍ਹਾਈ ਨੂੰ ਦਿੱਤਾ ਹੈ। ਨਾਲ ਹੀ ਪਾਸ ਹੋਏ ਸਾਰੇ ਬੱਚਿਆਂ ਨੂੰ ਮਨ ਲਾ ਕੇ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਤ ਵੀ ਕੀਤਾ।