ਤਾਰ ਚੋਰੀ ਮਾਮਲੇ ’ਚ ਕਾਰਵਾਈ ਨਾ ਹੋਣ ’ਤੇ ਕਿਸਾਨਾਂ ਕੀਤਾ ਥਾਣੇ ਅੱਗੇ ਧਰਨੇ ਦਾ ਐਲਾਨ
ਧਰਨੇ ਤੋਂ ਬਾਅਦ ਵੀ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 15 ਮਈ ਨੂੰ ਪੱਟੀ ਜ਼ੋਨ ਪੱਧਰ ’ਤੇ ਵੱਡਾ ਇਕੱਠ ਕੀਤੇ ਜਾਣ ਦੀ ਚੇਤਾਵਨੀ ਦਿੱਤੀ ਗਈ ਹੈ।
Publish Date: Sun, 10 May 2026 06:05 PM (IST)
Updated Date: Mon, 11 May 2026 04:06 AM (IST)

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਸੈਦੋਂ ਤੇ ਪਿੰਡ ਜੋੜ ਸਿੰਘ ਵਾਲਾ ’ਚ ਮੋਟਰਾਂ ਦੀਆਂ ਤਾਰਾਂ ਚੋਰੀ ਹੋਣ ਦੇ ਮਾਮਲੇ ’ਚ ਪੁਲਿਸ ਵੱਲੋਂ ਕਥਿਤ ਤੌਰ ’ਤੇ ਕੋਈ ਠੋਸ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਾਈ ਸੈਦੋਂ ਤੇ ਪਿੰਡ ਜੋੜ ਸਿੰਘ ਵਾਲਾ ਦੀ ਪੰਚਾਇਤ ਨੇ 14 ਮਈ ਨੂੰ ਸਦਰ ਥਾਣਾ ਪੱਟੀ ਅੱਗੇ ਧਰਨਾ ਲਾਉਣ ਦਾ ਐਲਾਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 2 ਮਈ ਦੀ ਰਾਤ ਨੂੰ ਜੋੜ ਸਿੰਘ ਵਾਲਾ ’ਚ ਖੇਤਾਂ ’ਚ ਲੱਗੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਹੋ ਗਈਆਂ ਸਨ। ਪਿੰਡ ਪੰਚਾਇਤ ਨੇ 4 ਮਈ ਨੂੰ ਸਥਾਨਕ ਦੋਸ਼ੀਆਂ ਨੂੰ ਫੜ ਕੇ ਸਦਰ ਥਾਣਾ ਪੱਟੀ ਦੇ ਹਵਾਲੇ ਕੀਤਾ ਸੀ। ਮਾਮਲੇ ਦੀ ਤਫ਼ਤੀਸ਼ ਥਾਣੇਦਾਰ ਚਰਨ ਸਿੰਘ ਨੇ ਕੀਤੀ ਸੀ। ਹਾਲਾਂਕਿ ਇਕ ਵਿਅਕਤੀ ਵਿਰੁੱਧ ਮਾਮਲਾ ਵੀ ਦਰਜ ਕੀਤਾ ਗਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਖੇਤਾਂ ’ਚ ਲੱਗੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਹੋ ਰਹੀਆਂ ਹਨ। ਕੱਲ੍ਹ ਫਿਰ ਤਾਰਾਂ ਚੋਰੀ ਹੋਈਆਂ ਹਨ। ਇਸ ਤੋਂ ਪਹਿਲਾਂ ਪਿੰਡ ਵਾਲਿਆਂ ਨੇ ਖੁਦ ਚੋਰ ਫੜ੍ਹ ਕੇ ਪੁਲਿਸ ਨੂੰ ਦਿੱਤੇ। ਪਰ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਤੇ ਬਾਕੀਆਂ ਦੀ ਤਫ਼ਤੀਸ਼ ਨਹੀਂ ਕੀਤੀ ਗਈ। ਜਿਸ ਕਾਰਨ ਕਿਸਾਨਾਂ ’ਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਧਰਨੇ ਤੋਂ ਬਾਅਦ ਵੀ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ 15 ਮਈ ਨੂੰ ਪੱਟੀ ਜ਼ੋਨ ਪੱਧਰ ’ਤੇ ਵੱਡਾ ਇਕੱਠ ਕੀਤੇ ਜਾਣ ਦੀ ਚੇਤਾਵਨੀ ਦਿੱਤੀ ਗਈ ਹੈ। ਕਿਸਾਨ ਆਗੂਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਚੋਰੀ ਦੇ ਮਾਮਲੇ ’ਚ ਤੁਰੰਤ ਕਾਰਵਾਈ ਕਰ ਕੇ ਮੁਲਾਜ਼ਮਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ, ਤਾਂ ਜੋ ਖੇਤੀਬਾੜੀ ਸਾਜੋ-ਸਾਮਾਨ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਇਸ ਮੌਕੇ ਸੈਦੋ ਇਕਾਈ ਦੇ ਪ੍ਰਧਾਨ ਚਰਨ ਸਿੰਘ, ਰੂਪ ਸਿੰਘ ਸੈਦੋ, ਰਣਜੀਤ ਸਿੰਘ, ਦਲਜੀਤ ਸਿੰਘ, ਸਾਬਕਾ ਸਰਪੰਚ ਸੋਹਣ ਸਿੰਘ, ਮੌਜੂਦਾ ਸਰਪੰਚ ਦਲਜੀਤ ਸਿੰਘ ਸਮੇਤ ਵੱਡੀ ਗਿਣਤੀ ’ਚ ਕਿਸਾਨ ਆਗੂ ਹਾਜ਼ਰ ਸਨ।