ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਨਾਖ਼ੁਸ਼ ਹੋ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਰਹੇ ਹਨ

ਪੱਤਰ ਪ੍ਰੇਰਕ•,ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੀ ਵਾਰਡ ਨੰਬਰ 15 ਮੁਹੱਲਾ ਮੁਰਾਦਪੁਰ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਵਾਰਡ ਇੰਚਾਰਜ ਅਮਨਦੀਪ ਸਿੰਘ ਦੇ ਉੱਦਮ ਸਦਕਾ ਆਮ ਆਦਮੀ ਪਾਰਟੀ ਦੇ ਆਗੂ ਮਨਦੀਪ ਸਿੰਘ ਵਸੀਕਾ ਨਵੀਸ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਗਏ। ਇਸ ਮੌਕੇ ਉਨ੍ਹਾਂ ਨੂੰ ਤੇ ਹੋਰ ਵਰਕਰਾਂ ਨੂੰ ਪਾਰਟੀ ’ਚ ਸ਼ਾਮਿਲ ਕਰਦੇ ਹੋਏ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ ਨੇ ਸਨਮਾਨਿਤ ਕੀਤਾ।
ਉਨ੍ਹਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਨਾਖ਼ੁਸ਼ ਹੋ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਰਹੇ ਹਨ। ਬੁਰਜ ਨੇ ਪਿਛਲੇ ਦਿਨੀਂ ਇਕ ਵਿਸ਼ੇਸ਼ ਇਜਲਾਸ ਦੌਰਾਨ ਵਿਧਾਨ ਸਭਾ ’ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਿ ਸ਼ਰਾਬ ਦੇ ਨਸ਼ੇ ’ਚ ਪਹੁੰਚਣ ’ਤੇ ਕੜੇ ਸ਼ਬਦਾਂ ’ਚ ਨਿਖੇਧੀ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਵਿਧਾਨ ਸਭਾ ਲੋਕਾਂ ਦੀ ਲੋਕਤੰਤਰ ਦਾ ਇਕ ਮੰਦਰ ਹੈ ਜਿਸ ’ਚ ਹਮੇਸ਼ਾ ਸੱਚ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਰਾਬ ਪੀ ਕੇ ਵਿਧਾਨ ਸਭਾ ਪਹੁੰਚ ਕੇ ਪੂਰੇ ਪੰਜਾਬ ਨੂੰ ਦੇਸ਼ ਭਰ ’ਚ ਸ਼ਰਮਸਾਰ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸੱਤਾ ’ਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਮਾਣ ਠੋਕ ਵਜਾ ਕੇ ਇਹ ਦਾਅਵੇ ਕਰਦੇ ਸਨ ਕਿ ਇਕ ਮਹੀਨੇ ’ਚ ਪੰਜਾਬ ਨੂੰ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ। ਪਰ ਉਨ੍ਹਾਂ ਦਾ ਇਹ ਦਾਅਵਾ ਆਪਣੇ ’ਤੇ ਹੀ ਝੂਠਾ ਸਾਬਿਤ ਹੋਇਆ। ਉਨ੍ਹਾਂ ਕਿਹਾ ਕਿ ਜਿਸ ਸੂਬੇ ਦਾ ਮੁਖੀਆ ਹੀ ਨਸ਼ੇ ’ਚ ਧੁੱਤ ਰਹਿੰਦਾ ਹੈ ਤਾਂ ਉਹ ਸੂਬੇ ਦਾ ਕੀ ਭਲਾ ਕਰ ਸਕੇਗਾ। ਪੰਜਾਬ ਦੀ ਇਹ ਬਦਕਿਸਮਤੀ ਹੈ ਕਿ ਸੂਬੇ ਦੀ ਡੋਰ ਅਜਿਹੇ ਮੁੱਖ ਮੰਤਰੀ ਦੇ ਹੱਥ ’ਚ ਹਨ ਜੋ ਖੁਦ ਨਸ਼ੇ ਦੇ ਆਦੀ ਹਨ। ਜਲਦ ਹੀ ਭਗਵੰਤ ਸਿੰਘ ਮਾਨ ਦੀ ਸੱਚਾਈ ਲੋਕਾਂ ਸਾਹਮਣੇ ਆ ਜਾਵੇਗੀ ਕਿਉਂਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੇ ਸਪੀਕਰ ਕੋਲ ਚਿੱਠੀ ਲਿਖ ਕੇ ਇਹ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਦਾ ਅਲਕੋਹਲ ਟੈਸਟ ਕਰਵਾਇਆ ਜਾਵੇ ਤੇ ਉਨ੍ਹਾਂ ਦੇ ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਤੋਂ ਅਸਤੀਫ਼ਾ ਲਿਆ ਜਾਵੇ, ਤਾਂ ਜੋ ਪੰਜਾਬ ਨੂੰ ਬਚਾਇਆ ਜਾ ਸਕੇ।
ਬੁਰਜ ਨੇ ਅੱਗੇ ਕਿਹਾ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਤੇ ਮੰਤਰੀਆਂ ਦੇ ਨਾਂ ਭ੍ਰਿਸ਼ਟਾਚਾਰ ’ਚ ਲੋਕਾਂ ਸਾਹਮਣੇ ਆਏ ਸਨ ਤੇ ਹੁਣ ਸੂਬੇ ਦੇ ਮੁੱਖ ਮੰਤਰੀ ਦੇ ਨਸ਼ੇ ਦੀ ਇਸ ਸਥਿਤੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਨਸ਼ਿਆਂ ਨੂੰ ਖ਼ਤਮ ਕਰਨ ਲਈ ਨਹੀਂ ਬਲਕਿ ਹੋਰ ਵਧਾਉਣ ਲਈ ਸੱਤਾ ’ਚ ਆਈ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ਦੇ ਲੋਕ ‘ਆਪ’ ਸਰਕਾਰ ਦਾ ਬਿਸਤਰਾ ਗੋਲ ਕਰ ਦੇਣਗੇ ਤੇ ਕਾਂਗਰਸ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾ ਕੇ ਜਿੱਤ ਦਾ ਝੰਡਾ ਲਹਿਰਾਉਣਗੇ।
ਇਸ ਮੌਕੇ ਉਨ੍ਹਾਂ ਨਾਲ ਸਰਪੰਚ ਗੁਰਚਰਨ ਸਿੰਘ ਖੈਰਦੀਨਕੇ, ਸਰਪੰਚ ਸੁੱਚਾ ਸਿੰਘ, ਮਲਕੀਤ ਸਿੰਘ ਗਹਿਰੀ, ਪਾਹੁਲਪ੍ਰੀਤ ਸਿੰਘ ਕਸੇਲ, ਹਰਜੀਤ ਸਿੰਘ ਝਬਾਲ, ਸਤਵਿੰਦਰ ਸਿੰਘ ਕਾਕਾ ਦਿੱਲੀ ਵਾਲੇ, ਪਵਨ ਸ਼ਰਮਾ ਪੀਕੂ, ਅਮਨਦੀਪ ਸਿੰਘ, ਜੈਪਾਲ, ਭਰਤ ਮਨਚੰਦਾ, ਸੁਖਵਿੰਦਰ ਸਿੰਘ ਢਿੱਲੋਂ, ਭਗਵਾਨ ਸਿੰਘ ਨੰਬਰਦਾਰ, ਕਮਲ ਭਾਰਗਵ, ਦਵਿੰਦਰ ਮੱਲੀ, ਬਿਮਲਾ ਰਾਣੀ, ਦਰਸ਼ਨਾ ਰਾਣੀ, ਸੁਖਦੇਵ ਸਿੰਘ, ਰਜਨੀ ਸ਼ਰਮਾ, ਰਾਜ ਕੁਮਾਰ, ਨੰਦਲਾਲ, ਰਤਨਲਾਲ, ਅਸ਼ੋਕ ਕੁਮਾਰ, ਅਮਨ ਕੁਮਾਰ ਤੇ ਹੋਰ ਮਹੱਲਾ ਨਿਵਾਸੀ ਮੌਜੂਦ ਸਨ।