ਪਾਰਾ 43 ਤੋਂ ਪਾਰ, ਤੰਦੂਰ ਵਾਂਘ ਤਪਿਆ ਬੁੱਧਵਾਰ
ਪਾਰਾ 43 ਤੋਂ ਪਾਰ, ਤੰਦੂਰ ਵਾਂਘ ਤਪਿਆ ਬੁੱਧਵਾਰ............
Publish Date: Wed, 20 May 2026 08:06 PM (IST)
Updated Date: Thu, 21 May 2026 04:07 AM (IST)

ਸੂਰਜ ਦੇਵਤਾ ਨੇ ਦਿਖਾਏ ਤਿੱਖੇ ਤੇਵਰ, ਲੂ ਦੇ ਝੰਬੇ ਲੋਕ ਲੈਂਦੇ ਰਹੇ ਛਾਂ ਦਾ ਸਹਾਰਾ ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ, ਤਰਨਤਾਰਨ : ਮਹੀਨੇ ਦਾ ਬੁੱਧਵਾਰ ਤੰਦੂਰ ਵਾਂਗ ਤਪਦਾ ਦਿਖਾਈ ਦਿੱਤਾ। 43 ਤੋਂ ਪਾਰ ਹੋਏ ਪਾਰੇ ਨਾਲ ਵਧੀ ਤਪਸ਼ ਅਤੇ ਲੂ ਨਾਲ ਲੋਕ ਝੰਬੇ ਦਿਖਾਈ ਦਿੱਤੇ ਅਤੇ ਦੁਪਹਿਰ ਹੁੰਦਿਆਂ ਹੀ ਸੜਕਾਂ ’ਤੇ ਕਰਫਿਊ ਵਰਗਾ ਮਾਹੌਲ ਬਣ ਗਿਆ। ਹਾਲਾਂਕਿ ਜ਼ਰੂਰੀ ਕੰਮ ਕਾਜ ਵਾਲੇ ਲੋਕ ਮਜ਼ਬੂਰੀ ਵਸ ਆਪਣੀ ਮੰਜਿਲ ਵੱਲ ਵਧਦੇ ਦਿਖਾਈ ਦਿੱਤੇ। ਪਰ ਦੋ ਪਹੀਆ ਵਾਹਨ ਚਾਲਕਾਂ ਦੀ ਹਾਲਤ ਖਰਾਬ ਹੁੰਦੀ ਰਹੀ ਤੇ ਉਹ ਤਿੱਖੀ ਧੁੱਪ ਦੌਰਾਨ ਕੁਝ ਦੇਰ ਲਈ ਛਾਂ ਦਾ ਸਹਾਰਾ ਲੈਂਦੇ ਅਤੇ ਫਿਰ ਅੱਗੇ ਵਧਦੇ। ਅਸਮਾਨੋਂ ਵਰ੍ਹਦੀ ਅੱਗ ਨੇ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਰੱਖ ਦਿੱਤਾ ਅਤੇ ਦਿਨ ਦੇ ਚੜ੍ਹਨ ਦੇ ਨਾਲ ਹੀ ਪਾਰਾ ਵੀ ਉਪਰ ਵੱਲ ਨੂੰ ਵਧਦਾ ਗਿਆ ਤੇ ਲੋਕ ਸੜਕਾਂ ਤੋਂ ਗਾਇਬ ਹੋਣੇ ਸ਼ੁਰੂ ਹੋ ਗਏ। ਇਥੇ ਦੱਸ ਦਈਏ ਕਿ ਕਈ ਦਿਨਾਂ ਤੋਂ ਪੈ ਰਹੀ ਗਰਮੀ ਦੇ ਕਾਰਨ ਲੋਕ ਭਾਰੀ ਪਰੇਸ਼ਾਨੀ ਵਿਚ ਹਨ ਅਤੇ ਦੁਪਹਿਰ ਹੁੰਦਿਆਂ ਹੀ ਸੜਕਾਂ ਖਾਲ੍ਹੀ ਹੋਣ ਲੱਗਦੀਆਂ ਹਨ। ਇਨ੍ਹਾਂ ਹੀ ਨਹੀਂ ਬਜਾਰਾਂ ਵਿਚ ਵੀ ਰਣਕ ਘਟਣੀ ਸ਼ੁਰੂ ਹੋ ਜਾਂਦੀ ਹੈ। ਗਰਮੀ ਤੋਂ ਬਚਣ ਲਈ ਲੋਕ ਘਰਾਂ ਠਚ ਹੀ ਕੈਦ ਹੋ ਕੇ ਰਹਿ ਗਏ ਹਨ। ਹਾਲਾਂਕਿ ਜਰੂਰੀ ਕੰਮਾਂ ਲਈ ਬਾਹਰ ਜਾਣ ਵਾਲੇ ਲੋਕ ਤਪਦੀ ਗਰਮੀ ਤੇ ਲੂ ਤੋਂ ਬਚਣ ਲਈ ਕਈ ਤਰ੍ਹਾਂ ਦੇ ਯਤਨ ਕਰਦੇ ਵੀ ਦਿਖਾਈ ਦੇ ਰਹੇ ਹਨ। ਕੜਕਦੀ ਧੁੱਪ ਦੌਰਾਨ ਰਾਹਗੀਰ ਕੁਝ ਸਮੇਂ ਦੀ ਰਾਹਤ ਲੈਣ ਵਾਸਤੇ ਛਾਂ ਭਾਲਦੇ ਵੀ ਵੇਖੇ ਜਾ ਰਹੇ ਹਨ। ਜਦੋਂਕਿ ਠੰਢੇ ਤਰਲ ਪਦਾਰਥਾਂ ਦੀਆਂ ਦੁਕਾਨਾਂ ਤੇ ਰੇਹੜੀਆਂ ਅੱਗੇ ਵੀ ਲੋਕਾਂ ਦੀ ਭੀੜ ਦਿਖਾਈ ਦਿੰਦੀ ਹੈ। ਦੂਜੇ ਪਾਸੇ ਰਿਕਸ਼ਾ ਚਲਾ ਕੇ ਜਾਂ ਰੇਹੜੀਆਂ ਆਦਿ ਲਗਾ ਕੇ ਆਪਣੀ ਜੀਵਿਕਾ ਚਲਾਉਣ ਵਾਲੇ ਲੋਕ ਇਸ ਗਰਮੀ ਤੋਂ ਭਾਰੀ ਪ੍ਰੇਸ਼ਾਨ ਹਨ। ਨਿਰਮਾਣ ਮਜ਼ਦੂਰ ਹੋਣ ਜਾਂ ਖੇਤਾਂ ਵਿਚ ਕੰਮ ਕਰਨ ਵਾਲੇ ਲੋਕ ਵੀ ਤਿੱਖੜ ਧੁੱਪ ਵਿਚ ਕੰਮ ਕਰਦੇ ਵੇਖੇ ਜਾ ਸਕਦੇ ਹਨ। ਬਾਕਸ- ਫਲ-ਸਬਜ਼ੀਆਂ ਵੇਚਣ ਵਾਲੇ ਵੀ ਪਰੇਸ਼ਾਨ ਫਰੂਟ ਵਿਕਰੇਤਾਵਾਂ ਅਤੇ ਸਬਜ਼ੀ ਵੇਚਣ ਵਾਲਿਆਂ ਦੀ ਗੱਲ ਕਰੀਏ ਤਾਂ ਉਹ ਵੀ ਗਰਮੀ ਤੋਂ ਪ੍ਰੇਸ਼ਾਨ ਹਨ। ਦੁਕਾਨਦਾਰ ਮਨੋਜ ਕੁਮਾਰ ਅਤੇ ਦੀਪਕ ਕੁਮਾਰ ਦੀ ਮੰਨੀਏ ਤਾਂ ਗਰਮੀ ਦੇ ਮੌਸਮ ਵਿਚ ਫ਼ਲਾਂ ਅਤੇ ਸਬਜੀਆਂ ਨੂੰ ਗਰਮੀਆਂ ਵਿਚ ਸੰਭਾਲਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਅਤੇ ਇਨ੍ਹਾਂ ਦੀ ਸੰਭਾਲ ਲਈ ਯਤਨ ਵੀ ਵੱਧ ਕਰਨੇ ਪੈਂਦੇ ਹਨ। ਉਥੇ ਹੀ ਖਾਣ ਪੀਣ ਦਾ ਸਮਾਨ ਵੇਚਣ ਵਾਲੇ ਦੁਕਾਨਦਾਰ ਨੇ ਦੱਸਿਆ ਕਿ ਇਨ੍ਹਾਂ ਦਿਨਾਂ ਵਿਚ ਗ੍ਰਾਹ ਵੀ ਘੱਟ ਹੋ ਜਾਂਦੇ ਹਨ ਅਤੇ ਸਮਾਨ ਖਰਾਬ ਵੀ ਵੱਧ ਹੁੰਦਾ ਹੈ। ਜਿਸ ਕਾਰਨ ਨੁਕਸਾਨ ਝੱਲਣਾ ਪੈਂਦਾ ਹੈ। ਬਾਕਸ-ਅੱਤ ਦੀ ਪੈ ਰਹੀ ਗਰਮੀ ਤੇ ਲੂ ਤੋਂ ਬੱਚਿਆਂ ਨੂੰ ਬਚਾਓ : ਡਾ. ਸੁਪ੍ਰਿਯਾ ਅੱਤ ਦੀ ਪੈ ਰਹੀ ਗਰਮੀ ’ਤੇ ਚੱਲ ਰਹੀਆਂ ਗਰਮ ਹਵਾਵਾਂ ਤੋਂ ਬੱਚਿਆਂ ਨੂੰ ਬਚਾਉਣਾ ਚਾਹੀਦਾ ਹੈ। ‘ਹੀਟ ਸਟਰੋਕ’ ਜਿਸ ਨੂੰ ਲੂ ਲੱਗਣਾ ਕਹਿੰਦੇ ਹਨ, ਜੋ ਬੱਚਿਆਂ ਲਈ ਖਤਰਾ ਬਣ ਸਕਦੀ ਹੈ। ਤੇਜ਼ ਗਰਮੀ ਕਾਰਨ ਬੱਚਿਆਂ ਨੂੰ ਚੱਕਰ ਆਉਣਾ, ਉਲਟੀ ਆਉਣਾ, ਤੇਜ਼ ਬੁਖਾਰ ਹੋਣਾ, ਦੇਖਣ ਵਿਚ ਪ੍ਰੇਸ਼ਾਨੀ, ਬੇਹੋਸ਼ੀ ਆਉਣਾ, ਸਰੀਰ ਵਿਚ ਪਸੀਨਾ ਨਾ ਆਉਣਾ, ਧੜਕਣ ਤੇਜ਼ ਹੋਣਾ, ਬੀਪੀ ਘੱਟ ਹੋਣਾ, ਚਮੜੀ ਦੇ ਰੋਗ ਆਦਿ ਹੋਣੇ ਲੱਗ ਜਾਂਦੇ ਹਨ। ਇਹ ਜਾਣਕਾਰੀ ਬੱਚਿਆਂ ਦੀ ਬੀਮਾਰੀਆਂ ਦੇ ਸਪੈਸ਼ਲਿਸਟ ਡਾਕਟਰ ਸੁਪ੍ਰਿਯਾ ਰੰਧਾਵਾ ਨੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਲੂ ਤੋਂ ਬਚਾਉਣ ਲਈ ਨਾਰੀਅਲ ਪਾਣੀ, ਗੰਨੇ ਦਾ ਰਸ, ਨਿੰਬੂ ਪਾਣੀ, ਲੱਸੀ ਆਦਿ ਦਾ ਜ਼ਿਆਦਾ ਤੋਂ ਜ਼ਿਆਦਾ ਤਰਲ ਪਦਾਰਥ ਪਿਆਓ ਅਤੇ ਤੰਗ ਕੱਪੜੇ ਨਾ ਪਾਏ ਜਾਣ, ਹਲਕਾ ਫੁਲਕਾ ਖਾਣਾ ਦਿੱਤਾ ਜਾਵੇ, ਬਾਜ਼ਾਰੀ ਖਾਣੇ ਤੋਂ ਪ੍ਰਹੇਜ ਰੱਖਿਆ ਜਾਵੇ, ਬੱਚਿਆਂ ਨੂੰ ਧੁੱਪ ਵਿਚ ਜਾਣ ਤੋਂ ਰੋਕਿਆ ਜਾਵੇ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦਾ ਖਿਆਲ ਰੱਖਣ ਅਤੇ ਗਰਮੀ ਵਿਚ ਘਰੋਂ ਬਾਹਰ ਘੁੰਮਣ ਫਿਰਨ ਤੋਂ ਰੋਕਣ।