ਭਿਆਨਕ ਹਾਦਸਾ: ਬੋਲੈਰੋ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਨਹਿਰ 'ਚ ਰੁੜ੍ਹਿਆ, ਪਤਨੀ ਤੇ ਬੇਟੀਆਂ ਬਚੀਆਂ
ਹਰੀਕੇ ਹੈੱਡ ਵਰਕਸ ਤੋਂ ਨਿਕਲਦੀਆਂ ਨਹਿਰਾਂ ’ਤੇ ਬੰਗਾਲੀ ਵਾਲੇ ਪੁਲ ’ਤੇ ਇੱਕ ਦਰਦਨਾਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਇੱਕ ਤੇਜ਼ ਰਫ਼ਤਾਰ ਬੋਲੈਰੋ ਜੀਪ ਦੀ ਟੱਕਰ ਵੱਜਣ ਕਾਰਨ ਮੋਟਰਸਾਈਕਲ ਸਵਾਰ ਨਹਿਰ ਵਿੱਚ ਜਾ ਡਿੱਗਿਆ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਹਾਦਸੇ ਤੋਂ ਤੁਰੰਤ ਬਾਅਦ ਬੋਲੈਰੋ ਚਾਲਕ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ।
Publish Date: Mon, 18 May 2026 11:37 AM (IST)
Updated Date: Mon, 18 May 2026 11:41 AM (IST)
ਕਿਰਪਾਲ ਸਿੰਘ ਰੰਧਾਵਾ, ਪੰਜਾਬੀ ਜਾਗਰਣ, ਹਰੀਕੇ ਪੱਤਣ। ਹਰੀਕੇ ਹੈੱਡ ਵਰਕਸ ਤੋਂ ਨਿਕਲਦੀਆਂ ਨਹਿਰਾਂ ’ਤੇ ਬੰਗਾਲੀ ਵਾਲੇ ਪੁਲ ’ਤੇ ਇੱਕ ਦਰਦਨਾਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਇੱਕ ਤੇਜ਼ ਰਫ਼ਤਾਰ ਬੋਲੈਰੋ ਜੀਪ ਦੀ ਟੱਕਰ ਵੱਜਣ ਕਾਰਨ ਮੋਟਰਸਾਈਕਲ ਸਵਾਰ ਨਹਿਰ ਵਿੱਚ ਜਾ ਡਿੱਗਿਆ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਹਾਦਸੇ ਤੋਂ ਤੁਰੰਤ ਬਾਅਦ ਬੋਲੈਰੋ ਚਾਲਕ ਗੱਡੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ।
ਗ਼ਲਤ ਦਿਸ਼ਾ ਤੋਂ ਆ ਰਿਹਾ ਸੀ ਮੋਟਰਸਾਈਕਲ
ਮਿਲੀ ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਗ਼ਲਤ ਦਿਸ਼ਾ ਤੋਂ ਆ ਰਿਹਾ ਸੀ, ਜਿਸ ਦੌਰਾਨ ਸਾਹਮਣੇ ਤੋਂ ਆ ਰਹੀ ਬੋਲੈਰੋ ਜੀਪ ਨਾਲ ਉਸਦੀ ਜ਼ੋਰਦਾਰ ਟੱਕਰ ਹੋ ਗਈ। ਨਹਿਰ ਵਿੱਚ ਰੁੜ੍ਹੇ ਵਿਅਕਤੀ ਦੀ ਪਛਾਣ 42 ਸਾਲਾ ਉਪਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ, ਵਾਸੀ ਮੱਲਾਂਵਾਲਾ ਵਜੋਂ ਹੋਈ ਹੈ। ਬਾਈਕ ਸਵਾਰ ਨਾਲ ਰੁੜਨ ਵਾਲੇ ਦੀ ਪਤਨੀ ਅਤੇ ਦੋ ਭਾਣਜੀਆਂ ਬਿਲਕੁਲ ਸਲਾਮਤ ਹਨ।
ਪੁਲਿਸ ਵੱਲੋਂ ਕਾਰਵਾਈ ਅਤੇ ਭਾਲ ਸ਼ੁਰੂ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੱਖੂ ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਮੀਤ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਮਾਮਲੇ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਜਿੱਥੇ ਨਹਿਰ ਵਿੱਚ ਰੁੜ੍ਹੇ ਉਪਵਿੰਦਰ ਸਿੰਘ ਦੀ ਭਾਲ ਲਈ ਗੋਤਾਖੋਰਾਂ ਦੀ ਮਦਦ ਨਾਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਪੁਲਿਸ ਟੀਮਾਂ ਨੂੰ ਹਦਾਇਤਾਂ ਜਾਰੀ ਕਰਕੇ ਮੌਕੇ ਤੋਂ ਫਰਾਰ ਹੋਈ ਬੋਲੈਰੋ ਜੀਪ ਅਤੇ ਉਸਦੇ ਚਾਲਕ ਨੂੰ ਜਲਦ ਤੋਂ ਜਲਦ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮੌਕੇ ਹਾਜ਼ਰ ਰੁੜਨ ਵਾਲੇ ਦੇ ਮਾਮਾ ਪ੍ਰਗਟ ਸਿੰਘ, ਜਤਿੰਦਰ ਸਿੰਘ, ਪ੍ਰਧਾਨ ਰਜਿੰਦਰ ਸਿੰਘ, ਪ੍ਰਿੰਸੀਪਲ ਸੰਤੋਖ ਸਿੰਘ ਸਾਰੇ ਵਾਸੀ ਨਬੀਪੁਰ ਥਾਣਾ ਹਰੀਕੇ ਆਦਿ ਉਪਵਿੰਦਰ ਸਿੰਘ ਦੀ ਭਾਲ ਲਈ ਯਤਨ ਕਰ ਰਹੇ ਸਨ।