ਹਾਦਸਿਆਂ ਦਾ ਕਾਰਨ ਬਣ ਜਾਂਦੇ ਹਨ ਸੜਕਾਂ ’ਤੇ ਖਿਲਾਰੇ ਗਏ ਦਾਣੇ
ਸੜਕ ’ਤੇ ਖਿੱਲਰੇ ਦਾਣੇ ਦੋ ਪਹੀਆਂ ਵਾਹਨ ਚਾਲਕਾਂ ਲਈ ਕਈ ਵਾਰ ਹਾਦਸਿਆਂ ਦਾ ਕਾਰਨ ਬਣ ਚੁੱਕੇ ਹਨ।
Publish Date: Sat, 25 Apr 2026 03:47 PM (IST)
Updated Date: Sun, 26 Apr 2026 04:01 AM (IST)

ਸਰਬਜੀਤ ਸਿੰਘ ਛੀਨਾ•,ਪੰਜਾਬੀ ਜਾਗਰਣ, ਖਾਲੜਾ : ਪੰਜਾਬ ’ਚ ਇਸ ਸਮੇਂ ਜਿੱਥੇ ਕਣਕ ਦੀ ਕਟਾਈ ਤੋਂ ਇਲਾਵਾ ਤੂੜੀ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ। ਪਰ ਉੱਥੇ ਨਾਲ ਹੀ ਕਣਕ ਦੀ ਰਹਿੰਦ-ਖੂਹੰਦ ਵਿੱਚੋਂ ਦਾਣੇ ਕੱਢਣ ਲਈ ਸੜਕਾਂ ’ਤੇ ਲਾਏ ਵੱਡੇ-ਵੱਡੇ ਢੇਰ ਦਿਖਾਈ ਦੇਣ ਲੱਗੇ ਹਨ। ਇਹ ਸੜਕ ਚਾਹੇ ਕਿਸੇ ਪਿੰਡ ਨੂੰ ਜਾਣ ਵਾਲੀ ਛੋਟੀ ਲਿੰਕ ਸੜਕ ਹੋਵੇ ਜਾਂ ਫਿਰ ਹਾਈਵੇ, ਹਰ ਸਾਲ ਹੀ ਫ਼ਸਲ ਦੇ ਸੀਜ਼ਨ ਦੌਰਾਨ ਆਮ ਰਾਹਗੀਰਾਂ ਨੂੰ ਇਨ੍ਹਾਂ ਢੇਰਾਂ ਤੋਂ ਆਪਣਾ ਬਚਾਅ ਕਰਦੇ ਹੋਏ ਲੰਘਣਾ ਪੈਂਦਾ ਹੈ। ਕਿਉਂਕਿ ਸੜਕ ’ਤੇ ਖਿੱਲਰੇ ਦਾਣੇ ਦੋ ਪਹੀਆਂ ਵਾਹਨ ਚਾਲਕਾਂ ਲਈ ਕਈ ਵਾਰ ਹਾਦਸਿਆਂ ਦਾ ਕਾਰਨ ਬਣ ਚੁੱਕੇ ਹਨ। ਪਰ ਫਿਰ ਵੀ ਇਹ ਪ੍ਰਕਿਰਿਆ ਹਰ ਸਾਲ ਧੜੱਲੇ ਨਾਲ ਦੁਹਰਾਈ ਜਾਂਦੀ ਹੈ ਤੇ ਪ੍ਰਸ਼ਾਸਨ ਹਰ ਵਾਰ ਬੇਖ਼ਬਰ ਰਹਿ ਜਾਂਦਾ ਹੈ। ਇਸ ਵਿਸ਼ੇ ’ਤੇ ਗੱਲਬਾਤ ਕਰਦਿਆਂ ਸਮਾਜ ਸੇਵੀ ਰਾਜਬੀਰ ਸਿੰਘ ਗਿੱਲ ਨੇ ਕਿਹਾ ਕਿ ਆਪਣੇ ਨਿੱਜੀ ਲਾਲਚ ਨੂੰ ਮੁੱਖ ਰੱਖਦਿਆਂ ਸੜਕਾਂ ਉੱਤੇ ਲਾਏ ਗਏ ਵੱਡੇ-ਵੱਡੇ ਢੇਰ ਕਾਰਨ ਕਿਸੇ ਨਾਲ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਉਨ੍ਹਾਂ ਕਿਹਾ ਕਿ ਦੋ ਪਹੀਆਂ ਸਾਧਨਾਂ ਦੇ ਇਨ੍ਹਾਂ ਦਾਣਿਆਂ ਤੋਂ ਤਿਲਕਣ ਦਾ ਪੂਰਾ ਖ਼ਤਰਾ ਬਣਿਆ ਰਹਿੰਦਾ ਹੈ, ਉੱਥੇ ਹੀ ਰਾਹਗੀਰ ਆਪਣੇ ਬਚਾਅ ਕਰਦੇ ਸਮੇਂ ਆਪਣੇ ਸਾਧਨ ਦੀ ਬ੍ਰੇਕ ਦੀ ਵਰਤੋਂ ਕਰਦਾ ਹੈ, ਤਾਂ ਉਸ ਨਾਲ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਨੇ ਸੜਕਾਂ ’ਤੇ ਦਾਣਿਆਂ ਦੇ ਢੇਰ ਸੁੱਟਣ ਤੋਂ ਪ੍ਰਹੇਜ਼ ਕਰਨ ਲਈ ਬੇਨਤੀ ਕਰਦਿਆਂ ਸਬੰਧਤ ਪ੍ਰਸ਼ਾਸਨ ਨੂੰ ਵੀ ਅਜਿਹੀਆਂ ਲਾਪਰਵਾਹੀ ਵਾਲੀਆਂ ਘਟਨਾਵਾਂ ਰੋਕਣ ਲਈ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ।