ਪੁਰਤਗਾਲ ਭੇਜਣ ਦੇ ਨਾਂ 'ਤੇ ਠੱਗੀ: ਮਹਿਲਾ ਨੂੰ ਥਾਈਲੈਂਡ ਭੇਜਿਆ, ਪਾਸਪੋਰਟ ਵੀ ਨਾ ਮੋੜਿਆ; ਮਾਂ-ਪੁੱਤ ਖ਼ਿਲਾਫ਼ ਕੇਸ ਦਰਜ
ਮਨਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਗਜਲ ਨੇ ਐੱਨਆਰਆਈ ਵਿੰਗ ਦੇ ਏਡੀਜੀਪੀ ਨੂੰ 14 ਮਈ 2025 ਨੂੰ ਸ਼ਿਕਾਇਤ ਦਿੱਤੀ ਸੀ ਕਿ ਅਮਨਦੀਪ ਕੌਰ ਪਤਨੀ ਮਨਦੀਪ ਸਿੰਘ ਅਤੇ ਉਸਦੇ ਲੜਕੇ ਸ਼ੁਭਕਰਮਨ ਸਿੰਘ ਪਾਸੀ ਪੱਧਰੀ ਜ਼ਿਲ੍ਹਾ ਅੰਮ੍ਰਿਤਸਰ ਨੇ 15 ਲੱਖ ਦੀ ਠੱਗੀ ਮਾਰੀ ਹੈ।
Publish Date: Mon, 16 Mar 2026 08:50 AM (IST)
Updated Date: Mon, 16 Mar 2026 08:52 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਰਨਤਾਰਨ: ਮਹਿਲਾ ਨੂੰ ਪੁਰਤਗਾਲ ਭੇਜਣ ਦੀ ਥਾਂ ’ਤੇ ਥਾਈਲੈਂਡ ਭੇਜ ਕੇ ਲੱਖਾਂ ਦੀ ਠੱਗੀ ਮਾਰਨ ਤੇ ਉਸਦਾ ਪਾਸਪੋਰਟ ਵੀ ਵਾਪਸ ਨਾ ਦੇਣ ਦੇ ਕਥਿਤ ਦੋਸ਼ ਹੇਠ ਥਾਣਾ ਖੇਮਕਰਨ ਵਿਖੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਇਕ ਔਰਤ ਤੇ ਉਸਦੇ ਲੜਕੇ ਵਿਰੁੱਧ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਸ਼ਿਕਾਇਤ ਦੀ ਜਾਂਚ ਉਪਰੰਤ ਕੀਤੀ ਗਈ ਹੈ। ਹਾਲਾਂਕਿ ਕੇਸ ’ਚ ਨਾਮਜ਼ਦ ਲੋਕਾਂ ਨੂੰ ਗ੍ਰਿਫਤਾਰ ਕਰਨਾ ਅਜੇ ਬਾਕੀ ਹੈ।
ਮਨਦੀਪ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਗਜਲ ਨੇ ਐੱਨਆਰਆਈ ਵਿੰਗ ਦੇ ਏਡੀਜੀਪੀ ਨੂੰ 14 ਮਈ 2025 ਨੂੰ ਸ਼ਿਕਾਇਤ ਦਿੱਤੀ ਸੀ ਕਿ ਅਮਨਦੀਪ ਕੌਰ ਪਤਨੀ ਮਨਦੀਪ ਸਿੰਘ ਅਤੇ ਉਸਦੇ ਲੜਕੇ ਸ਼ੁਭਕਰਮਨ ਸਿੰਘ ਪਾਸੀ ਪੱਧਰੀ ਜ਼ਿਲ੍ਹਾ ਅੰਮ੍ਰਿਤਸਰ ਨੇ 15 ਲੱਖ ਦੀ ਠੱਗੀ ਮਾਰੀ ਹੈ। ਉਕਤ ਸ਼ਕਾਇਤ ਦੀ ਪੜਤਾਲ ਏਆਈਜੀ ਐੱਨਆਰਆਈ ਵਿੰਗ ਅੰਮ੍ਰਿਤਸਰ ਜਗਜੀਤ ਸਿੰਘ ਵਾਲੀਆ ਨੂੰ ਸੌਂਪੀ ਗਈ। ਜਿਨ੍ਹਾਂ ਨੇ ਜਾਂਚ ਰਿਪੋਰਟ ਵਿਚ ਦੱਸਿਆ ਕਿ ਉਕਤ ਮਹਿਲਾ ਨਾਲ 5 ਲੱਖ 80 ਹਜਾਰ ਰੁਪਏ ਦੀ ਠੱਗੀ ਕੀਤੀ ਗਈ ਹੈ ਤੇ ਉਸਦਾ ਪਾਸਪੋਰਟ ਵੀ ਵਾਪਸ ਨਹੀਂ ਕੀਤਾ ਗਿਆ। ਉਨ੍ਹਾਂ ਵੱਲੋਂ ਦਰਜ ਕਰਵਾਈ ਸਿੱਟਾ ਰਿਪੋਰਟ ਤੋਂ ਬਾਅਦ ਐੱਸਐੱਸਪੀ ਤਰਨਤਾਰਨ ਦੇ ਆਦੇਸ਼ਾਂ ’ਤੇ ਅਮਨਦੀਪ ਕੌਰ ਤੇ ਸ਼ੁਭਕਰਮਨ ਸਿੰਘ ਨੂੰ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੀ ਜਾਂਚ ਥਾਣਾ ਖੇਮਕਰਨ ਦੇ ਸਬ ਇੰਸਪੈਕਟਰ ਜੱਸਾ ਸਿੰਘ ਵੱਲੋਂ ਕੀਤੀ ਜਾ ਰਹੀ ਹੈ।