ਨਗਰ ਕੌਂਸਲ ਚੋਣਾਂ ’ਚ ਕੈਰੋਂ ਟੀਮ ਵੱਲੋਂ ਜਿੰਨੇ ਵੀ ਉਮੀਦਵਾਰ ਮੈਦਾਨ ’ਚ ਉਤਾਰੇ ਜਾਣਗੇ, ਉਹ ਸ਼ਹਿਰ ਦੀ ਹਰ ਵਾਰਡ ’ਚ ਉਨ੍ਹਾਂ ਦੀ ਡਟ ਕੇ ਮਦਦ ਕਰਨਗੇ।

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਪੱਟੀ ਦੀ ਸਿਆਸਤ ’ਚ ਇਕ ਵੱਡੀ ਹਲਚਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਨਗਰ ਕੌਂਸਲ ਪੱਟੀ ਦੇ ਸਾਬਕਾ ਪ੍ਰਧਾਨ ਤੇ ਕੈਰੋਂ ਪਰਿਵਾਰ ਦੇ ਕਰੀਬੀ ਮੰਨੇ ਜਾਂਦੇ ਆਗੂ ਸੁਰਿੰਦਰ ਕੁਮਾਰ ਸ਼ਿੰਦਾ ਨੇ ਮੁੜ ਰਾਜਨੀਤਿਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਲੰਮੇ ਸਮੇਂ ਤੋਂ ਸਿਆਸੀ ਤੌਰ ’ਤੇ ਸ਼ਾਂਤ ਦਿੱਖ ਰਹੇ ਸ਼ਿੰਦਾ ਨੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਵਿਸ਼ੇਸ਼ ਮੀਟਿੰਗ ਕਰ ਕੇ ਪੱਟੀ ਦੀ ਰਾਜਨੀਤੀ ’ਚ ਨਵੇਂ ਸੰਕੇਤ ਦੇ ਦਿੱਤੇ ਹਨ।
ਮੀਟਿੰਗ ਨੂੰ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਦੇ ਮੱਦੇ ਨਜ਼ਰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਸਿਆਸੀ ਮਾਹਿਰਾਂ ਮੁਤਾਬਿਕ ਸ਼ਿੰਦਾ ਦੀ ਮੁੜ ਸਰਗਰਮੀ ਨਾਲ ਕੈਰੋਂ ਟੀਮ ਨੂੰ ਪੱਟੀ ਸ਼ਹਿਰ ’ਚ ਵੱਡੀ ਮਜ਼ਬੂਤੀ ਮਿਲ ਸਕਦੀ ਹੈ। ਮੀਟਿੰਗ ਦੌਰਾਨ ਨਗਰ ਕੌਂਸਲ ਚੋਣਾਂ ਸਬੰਧੀ ਵਿਸਥਾਰ ਨਾਲ ਚਰਚਾ ਕੀਤੀ ਗਈ ਅਤੇ ਆਉਣ ਵਾਲੇ ਚੋਣੀ ਦੰਗਲ ਲਈ ਰਣਨੀਤੀ ‘ਤੇ ਵੀ ਵਿਚਾਰ ਵਟਾਂਦਰਾ ਹੋਇਆ।
ਮੀਟਿੰਗ ਉਪਰੰਤ ਸ਼ਿੰਦਾ ਨੇ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਉਹ ਕੈਰੋਂ ਪਰਿਵਾਰ ਦੇ ਨਾਲ ਪਹਿਲਾਂ ਵੀ ਮਜ਼ਬੂਤੀ ਨਾਲ ਖੜ੍ਹੇ ਰਹੇ ਹਨ ਤੇ ਅੱਗੇ ਵੀ ਪੂਰੀ ਤਨਦੇਹੀ ਨਾਲ ਖੜ੍ਹੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ’ਚ ਕੈਰੋਂ ਟੀਮ ਵੱਲੋਂ ਜਿੰਨੇ ਵੀ ਉਮੀਦਵਾਰ ਮੈਦਾਨ ’ਚ ਉਤਾਰੇ ਜਾਣਗੇ, ਉਹ ਸ਼ਹਿਰ ਦੀ ਹਰ ਵਾਰਡ ’ਚ ਉਨ੍ਹਾਂ ਦੀ ਡਟ ਕੇ ਮਦਦ ਕਰਨਗੇ। ਸ਼ਿੰਦਾ ਨੇ ਕਿਹਾ, ‘ਮੇਰਾ ਤੇ ਕੈਰੋਂ ਪਰਿਵਾਰ ਦਾ ਰਿਸ਼ਤਾ ਸਿਰਫ ਰਾਜਨੀਤਿਕ ਨਹੀਂ, ਸਗੋਂ ਪਰਿਵਾਰਿਕ ਸਾਂਝ ਵਾਲਾ ਹੈ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਹਮੇਸ਼ਾ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕੀਤਾ ਹੈ। ਮੈਂ ਮੁੜ ਸਰਗਰਮ ਹੋ ਕੇ ਪਾਰਟੀ ਤੇ ਕੈਰੋਂ ਟੀਮ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕਰਾਂਗਾ। ਨਗਰ ਕੌਂਸਲ ਚੋਣਾਂ ’ਚ ਕੈਰੋਂ ਟੀਮ ਦੇ ਸਾਰੇ ਉਮੀਦਵਾਰਾਂ ਦੀ ਹਰ ਵਾਰਡ ’ਚ ਡਟਵੀਂ ਮਦਦ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਕਿਹਾ ਕਿ ਪੱਟੀ ਸ਼ਹਿਰ ਦੇ ਵਿਕਾਸ, ਲੋਕਾਂ ਦੀਆਂ ਮੁਸ਼ਕਿਲਾਂ ਤੇ ਸ਼ਹਿਰ ਦੀ ਬਦਹਾਲ ਹੋ ਰਹੀ ਸਥਿਤੀ ਨੂੰ ਦੇਖਦਿਆਂ ਤਜ਼ਰਬੇਕਾਰ ਤੇ ਲੋਕਾਂ ਨਾਲ ਜੁੜੇ ਹੋਏ ਆਗੂਆਂ ਦੀ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਚੋਣਾਂ ’ਚ ਲੋਕ ਵਿਕਾਸ ਤੇ ਸਾਫ-ਸੁਥਰੀ ਰਾਜਨੀਤੀ ਨੂੰ ਤਰਜੀਹ ਦੇਣਗੇ।
ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੈਰੋਂ ਨੇ ਵੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੁਰਿੰਦਰ ਕੁਮਾਰ ਸ਼ਿੰਦਾ ਨੂੰ ਪੂਰਾ ਥਾਪੜਾ ਦਿੱਤਾ। ਉਨ੍ਹਾਂ ਕਿਹਾ ਕਿ ਸ਼ਿੰਦਾ ਇਕ ਤਜ਼ਰਬੇਕਾਰ ਤੇ ਮਿਹਨਤੀ ਆਗੂ ਹਨ ਜਿਨ੍ਹਾਂ ਨੇ ਹਮੇਸ਼ਾ ਪਾਰਟੀ ਤੇ ਸ਼ਹਿਰ ਦੇ ਹਿੱਤਾਂ ਨੂੰ ਪਹਿਲ ਦਿੱਤੀ ਹੈ।
ਕੈਰੋਂ ਨੇ ਕਿਹਾ, ‘ਸੁਰਿੰਦਰ ਕੁਮਾਰ ਸ਼ਿੰਦਾ’ ਦੇ ਮੁੜ ਸਰਗਰਮ ਹੋਣ ਨਾਲ ਕੈਰੋਂ ਪਰਿਵਾਰ ਨੂੰ ਹੋਰ ਵੱਡੀ ਮਜ਼ਬੂਤੀ ਮਿਲੇਗੀ। ਉਹ ਲੰਮੇ ਸਮੇਂ ਤੋਂ ਸਾਡੇ ਪਰਿਵਾਰ ਦੇ ਕਰੀਬੀ ਸਾਥੀ ਰਹੇ ਹਨ ਤੇ ਲੋਕਾਂ ’ਚ ਉਨ੍ਹਾਂ ਦੀ ਵੱਖਰੀ ਪਛਾਣ ਹੈ। ਪੱਟੀ ਸ਼ਹਿਰ ’ਚ ਉਨ੍ਹਾਂ ਦੀ ਚੰਗੀ ਪਕੜ ਹੈ ਤੇ ਉਨ੍ਹਾਂ ਦੇ ਆਉਣ ਨਾਲ ਟੀਮ ਨੂੰ ਵੱਡਾ ਫਾਇਦਾ ਹੋਵੇਗਾ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇ ਤਜ਼ਰਬੇਕਾਰ ਤੇ ਲੋਕਾਂ ਨਾਲ ਜੁੜੇ ਹੋਏ ਆਗੂ ਇਕੱਠੇ ਹੋ ਕੇ ਕੰਮ ਕਰਨ ਤਾਂ ਪੱਟੀ ਸ਼ਹਿਰ ਦੇ ਵਿਕਾਸ ਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ। ਕਈ ਵਰਕਰਾਂ ’ਚ ਵੀ ਇਸ ਮੀਟਿੰਗ ਤੋਂ ਬਾਅਦ ਨਵਾਂ ਜੋਸ਼ ਦੇਖਣ ਨੂੰ ਮਿਲ ਰਿਹਾ ਹੈ।
ਰਾਜਨੀਤਿਕ ਮਾਹਿਰਾਂ ਅਨੁਸਾਰ ਪੱਟੀ ਦੀ ਨਗਰ ਕੌਂਸਲ ਚੋਣ ਇਸ ਵਾਰ ਕਾਫੀ ਦਿਲਚਸਪ ਹੋਣ ਵਾਲੀ ਹੈ ਕਿਉਂਕਿ ਵੱਖ-ਵੱਖ ਧਿਰਾਂ ਵੱਲੋਂ ਆਪਣੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਅਜਿਹੇ ਸਮੇਂ ’ਚ ਸੁਰਿੰਦਰ ਕੁਮਾਰ ਸ਼ਿੰਦਾ ਦਾ ਮੁੜ ਸਰਗਰਮ ਹੋਣਾ ਕੈਰੋਂ ਟੀਮ ਲਈ ਵੱਡੀ ਤਾਕਤ ਵਜੋਂ ਦੇਖਿਆ ਜਾ ਰਿਹਾ ਹੈ।
ਪੱਟੀ ਦੀ ਰਾਜਨੀਤੀ ਵਿਚ ਇਸ ਵੇਲੇ ਇਹ ਮੀਟਿੰਗ ਚਰਚਾ ਦਾ ਮੁੱਖ ਕੇਂਦਰ ਬਣੀ ਹੋਈ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਦੇ ਹੋਰ ਵੱਡੇ ਸਿਆਸੀ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ।
=====
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪੂਰੀ ਤਿਆਰੀ
ਕੈਰੋਂ ਨੇ ਕਿਹਾ ਕਿ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਟੀਮ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਤੇ ਹਰ ਵਾਰਡ ’ਚ ਮਜ਼ਬੂਤ ਉਮੀਦਵਾਰ ਉਤਾਰੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਮੌਜੂਦਾ ਹਾਲਾਤਾਂ ਤੋਂ ਨਿਰਾਸ਼ ਹਨ ਅਤੇ ਹੁਣ ਤਜਰਬੇਕਾਰ ਨੇਤ੍ਰਿਤਵ ਵੱਲ ਦੇਖ ਰਹੇ ਹਨ।
ਸਿਆਸੀ ਹਲਕਿਆਂ ਵਿਚ ਇਸ ਮੀਟਿੰਗ ਤੋਂ ਬਾਅਦ ਕਈ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਸੁਰਿੰਦਰ ਕੁਮਾਰ ਸ਼ਿੰਦਾ ਦੀ ਸਰਗਰਮੀ ਨਾਲ ਪੱਟੀ ਦੀ ਸਿਆਸਤ ਵਿਚ ਨਵਾਂ ਸਮੀਕਰਨ ਬਣ ਸਕਦਾ ਹੈ। ਖਾਸ ਕਰਕੇ ਨਗਰ ਕੌਂਸਲ ਚੋਣਾਂ ਵਿਚ ਕੈਰੋਂ ਟੀਮ ਨੂੰ ਇਸ ਦਾ ਸਿੱਧਾ ਲਾਭ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
=====
ਸ਼ਿੰਦਾ ਪੱਟੀ ਸ਼ਹਿਰ ਦੀ ਰਾਜਨੀਤੀ ’ਚ ਜਾਣਿਆ ਪਛਾਣਿਆ ਚਿਹਰਾ
ਗੌਰਤਲਬ ਹੈ ਕਿ ਸੁਰਿੰਦਰ ਕੁਮਾਰ ਸ਼ਿੰਦਾ ਪੱਟੀ ਸ਼ਹਿਰ ਦੀ ਰਾਜਨੀਤੀ ਵਿਚ ਇਕ ਜਾਣਿਆ ਪਛਾਣਿਆ ਚਿਹਰਾ ਹਨ। ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਸ਼ਿੰਦਾ ਦੀ ਸ਼ਹਿਰ ਦੇ ਵੱਖ-ਵੱਖ ਵਰਗਾਂ ਵਿਚ ਚੰਗੀ ਪਕੜ ਮੰਨੀ ਜਾਂਦੀ ਹੈ। ਉਹ ਲੰਮੇ ਸਮੇਂ ਤੋਂ ਕੈਰੋਂ ਪਰਿਵਾਰ ਦੇ ਵਿਸ਼ਵਾਸਪਾਤਰ ਆਗੂਆਂ ਵਿਚ ਸ਼ਾਮਿਲ ਰਹੇ ਹਨ।
ਉਨ੍ਹਾਂ ਦੀ ਰਾਜਨੀਤਿਕ ਸਰਗਰਮੀ ਨੇ ਵਿਰੋਧੀ ਧਿਰਾਂ ਵਿਚ ਵੀ ਹਲਚਲ ਪੈਦਾ ਕਰ ਦਿੱਤੀ ਹੈ। ਕਈ ਸਿਆਸੀ ਆਗੂ ਇਸ ਮੀਟਿੰਗ ਨੂੰ ਆਉਣ ਵਾਲੀਆਂ ਚੋਣਾਂ ਲਈ ਵੱਡਾ ਸੰਕੇਤ ਮੰਨ ਰਹੇ ਹਨ। ਸ਼ਹਿਰ ’ਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਕੈਰੋਂ ਟੀਮ ਹੁਣ ਚੋਣੀ ਮੈਦਾਨ ’ਚ ਪੂਰੀ ਤਾਕਤ ਨਾਲ ਉਤਰਨ ਦੀ ਤਿਆਰੀ ’ਚ ਹੈ।