ਨਾੜ ਨੂੰ ਲਾਈ ਅੱਗ ਨਾਲ ਝੁਲਸੇ ਸੜਕ ਕਿਨਾਰੇ ਲੱਗੇ ਜੰਗਲਾਤ ਵਿਭਾਗ ਦੇ ਰੁੱਖ
ਅੱਗ ਕਾਰਨ ਸੜਕ ਕਿਨਾਰੇ ਲੱਗੇ ਛੋਟੇ ਟਾਹਲੀ ਦੇ ਰੁੱਖ ਤੇ ਹੋਰ ਬੂਟੇ ਪੂਰੀ ਤਰ੍ਹਾਂ ਸੜ ਕੇ ਸਵਾਹ ਗਏ
Publish Date: Mon, 04 May 2026 07:18 PM (IST)
Updated Date: Tue, 05 May 2026 04:14 AM (IST)

ਸਰਬਜੀਤ ਸਿੰਘ ਛੀਨਾ•,ਪੰਜਾਬੀ ਜਾਗਰਣ, ਖਾਲੜਾ : ਕਣਕ ਦੀ ਵਾਢੀ ਤੋਂ ਬਾਅਦ ਖੇਤਾਂ ’ਚ ਬਚੇ ਨਾੜ ਨੂੰ ਅੱਗ ਲਾਉਣ ਦੇ ਮਾਮਲੇ ਮੁੜ ਸਾਹਮਣੇ ਆਉਣ ਲੱਗੇ ਹਨ। ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਸਿਰਫ਼ ਵਾਤਾਵਰਨ ਲਈ ਖ਼ਤਰਾ ਬਣ ਰਹੀਆਂ ਹਨ, ਸਗੋਂ ਸਰਕਾਰੀ ਜਾਇਦਾਦ ਤੇ ਹਰਿਆਵਲ ਨੂੰ ਵੀ ਨੁਕਸਾਨ ਪਹੁੰਚਾ ਰਹੀਆਂ ਹਨ। ਸੜਕ ਦੇ ਨਾਲ ਲੱਗਦੇ ਖੇਤਾਂ ਵਿਚ ਨਾੜ ਨੂੰ ਅੱਗ ਲਾਉਣ ਕਰਕੇ ਸੜਕ ਕਿਨਾਰੇ ਲੱਗੇ ਰੁੱਖ ਜਿੱਥੇ ਝੁਲਸ ਰਹੇ ਹਨ। ਉਥੇ ਹੀ ਧੂੰਏਂ ਦੀ ਸੰਘਣੀ ਚਾਦਰ ਸੜਕਾਂ ’ਤੇ ਫੈਲਣ ਕਾਰਨ ਹਾਦਸਿਆਂ ਦਾ ਡਰ ਵੀ ਬਣਿਆ ਰਹਿੰਦਾ ਹੈ। ਜਦੋਂਕਿ ਕਈ ਹਾਦਸੇ ਵਾਪਰ ਵੀ ਚੁੱਕੇ ਹਨ ਅਤੇ ਕਈ ਜਾਨਾਂ ਵੀ ਇਸ ਅੱਗ ਦੀ ਭੇਟ ਚੜ੍ਹ ਚੁੱਕੀਆਂ ਹਨ। ਬਾਵਜੂਦ ਇਸ ਦੇ ਨਾੜ ਸਾੜਨ ਦਾ ਰੁਝਾਨ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਖਾਲੜਾ ਦੇ ਨਜ਼ਦੀਕ ਸਾਹਮਣੇ ਆਇਆ ਹੈ। ਜਿੱਥੇ ਸੂਏ ਨੇੜੇ ਖਾਲੜਾ-ਭਿੱਖੀਵਿੰਡ ਸੜਕ ਦੇ ਨਾਲ ਲੱਗਦੇ ਖੇਤ ’ਚ ਲਾਈ ਗਈ ਨਾੜ ਦੀ ਅੱਗ ਨੇ ਸੜਕ ਕਿਨਾਰੇ ਵਣ ਵਿਭਾਗ ਵੱਲੋਂ ਲਾਏ ਗਏ ਹਰੇ-ਭਰੇ ਰੁੱਖਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਜਾਣਕਾਰੀ ਅਨੁਸਾਰ ਕਿਸੇ ਕਿਸਾਨ ਵੱਲੋਂ ਕਣਕ ਦੀ ਕਟਾਈ ਤੋਂ ਬਾਅਦ ਖੇਤ ਸਾਫ਼ ਕਰਨ ਲਈ ਨਾੜ ਨੂੰ ਅੱਗ ਲਾਈ ਗਈ ਸੀ। ਪਰ ਹਵਾ ਦੇ ਤੇਜ਼ ਹੋਣ ਕਾਰਨ ਅੱਗ ਨੇ ਅਚਾਨਕ ਭਿਆਨਕ ਰੂਪ ਧਾਰਨ ਕਰ ਲਿਆ ਤੇ ਸੜਕ ਨਾਲ ਲੱਗਦੇ ਰੁੱਖਾਂ ਤਕ ਫੈਲ ਗਈ। ਅੱਗ ਨੇ ਕੁਝ ਹੀ ਸਮੇਂ ’ਚ ਵੱਡੇ ਖੇਤਰ ਨੂੰ ਆਪਣੀ ਲਪੇਟ ’ਚ ਲੈ ਲਿਆ। ਜਿਸ ਕਾਰਨ ਸੜਕ ਕਿਨਾਰੇ ਲੱਗੇ ਛੋਟੇ ਟਾਹਲੀ ਦੇ ਰੁੱਖ ਤੇ ਹੋਰ ਬੂਟੇ ਪੂਰੀ ਤਰ੍ਹਾਂ ਸੜ ਕੇ ਸਵਾਹ ਗਏ। ਜਦੋਂਕਿ ਕਈ ਵੱਡੇ ਰੁੱਖਾਂ ਨੂੰ ਵੀ ਨੁਕਸਾਨ ਪਹੁੰਚਿਆ। ਇਸ ਘਟਨਾ ਨੂੰ ਲੈ ਕੇ ਵਾਤਾਵਰਨ ਪ੍ਰੇਮੀਆਂ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਕਿਉਂਕਿ ਰੁੱਖਾਂ ਨੂੰ ਨੁਕਸਾਨ ਹੋਣ ਦੇ ਨਾਲ ਇਨ੍ਹਾਂ ’ਤੇ ਬਣੇ ਪੰਛੀਆਂ ਦੇ ਰੈਣ ਬਸੇਰੇ ਤੇ ਰੁੱਖਾਂ ਦੇ ਤਣਿਆਂ ’ਚ ਘਰ ਬਣਾ ਕੇ ਰਹਿ ਵਾਲੇ ਪੰਛੀ ਹਰ ਸਾਲ ਜਿੰਦਾ ਸੜ ਜਾਂਦੇ ਹਨ। ==== ਜਾਂਚ ਤੋਂ ਬਾਅਦ ਅੱਗ ਲਗਵਾਉਣ ਵਾਲਿਆਂ ’ਤੇ ਹੋਵੇਗੀ ਕਾਰਵਾਈ : ਵਣ ਗਾਰਡ ਇਸ ਸਬੰਧੀ ਵਣ ਵਿਭਾਗ ਦੇ ਗਾਰਡ ਰਵਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਸ ਵੀ ਕਿਸਾਨ ਵੱਲੋਂ ਵਣ ਵਿਭਾਗ ਦੀ ਜ਼ਮੀਨ ’ਤੇ ਲੱਗੇ ਰੁੱਖਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ। ਉਸ ਖ਼ਿਲਾਫ਼ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸੜਕਾਂ ਦੇ ਕਿਨਾਰੇ ਲਾਏ ਗਏ ਰੁੱਖ ਵਾਤਾਵਰਨ ਨੂੰ ਸਾਫ਼ ਤੇ ਹਰਿਆ-ਭਰਿਆ ਰੱਖਣ ਲਈ ਬਹੁਤ ਜ਼ਰੂਰੀ ਹਨ ਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਕਾਨੂੰਨੀ ਜ਼ੁਰਮ ਹੈ। ===== ਖੇਤੀਬਾੜੀ ਵਿਭਾਗ ਦੇ ਪ੍ਰਚਾਰ ਦੇ ਬਾਵਜੂਦ ਸਾਹਮਣੇ ਆ ਰਹੀਆਂ ਹਨ ਘਟਨਾਵਾਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਣਕ ਦੀ ਕਟਾਈ ਦੇ ਨਾਲ ਹੀ ਨੈਸ਼ਨਲ ਗਰੀਨ ਟ੍ਰਿਬਿਊਨਲ ਦਿੱਲੀ ਦੇ ਆਦੇਸ਼ਾਂ ’ਤੇ ਜ਼ਿਲ੍ਹੇ ’ਚ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਲਈ ਹਰੇਕ ਪਿੰਡ ’ਚ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਟੀਚਾ ਮਿੱਥਿਆ ਸੀ। ਜਿਸ ਲਈ 4 ਪ੍ਰਚਾਰ ਵੈਨਾਂ ਏਡੀਸੀ ਜਨਰਲ ਸੰਜੀਵ ਸ਼ਰਮਾ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ 27 ਅਪ੍ਰੈਲ ਨੂੰ ਰਵਾਨਾ ਕੀਤੀਆਂ ਗਈਆਂ। ਖੇਤੀਬਾੜੀ ਵਿਭਾਗ ਦਾ ਬੇਸ਼ੱਕ ਇਹ ਦਾਅਵਾ ਹੈ ਕਿ ਇਹ ਵੈਨਾਂ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਹਰੇਕ ਪਿੰਡ ’ਚ ਜਾ ਕੇ ਕਿਸਾਨਾਂ ਨੂੰ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਲਈ ਪ੍ਰੇਰਿਤ ਕਰ ਰਹੀਆਂ ਹਨ। ਪਰ ਇਸ ਦੇ ਬਾਵਜੂਦ ਨਾੜ ਸਾੜਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।