ਡਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਅਸਫ਼ਲ, ਪੁਲਿਸ ਨੇ ਬਰਾਮਦ ਕੀਤਾ ਆਧੁਨਿਕ ਵਿਦੇਸ਼ੀ ਪਿਸਤੌਲ
ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਮਾੜੀ ਕੰਬੋਕੇ ’ਚ ਕਣਕ ਦੇ ਵੱਢ ਵਾਲੇ ਖੇਤ ਵਿੱਚੋਂ ਡਰੋਨ ਨਾਲ ਸੁੱਟਿਆ ਗਿਆ ਤੁਰਕੀ ਦਾ ਬਣਿਆ ਆਧੁਨਿਕ ਪਿਸਤੌਲ ਬਰਾਮਦ ਕੀਤਾ ਹੈ। ਜਿਸ ਸਬੰਧੀ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀ ਵਿਰੁੱਧ ਅਸਲਾ ਅਤੇ ਭਾਰਤੀ ਵਾਯੂਯਾਨ ਅਧੀਨਿਯਮ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
Publish Date: Wed, 06 May 2026 12:31 PM (IST)
Updated Date: Wed, 06 May 2026 12:35 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਤਰਨਤਾਰਨ। ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਮਾੜੀ ਕੰਬੋਕੇ ’ਚ ਕਣਕ ਦੇ ਵੱਢ ਵਾਲੇ ਖੇਤ ਵਿੱਚੋਂ ਡਰੋਨ ਨਾਲ ਸੁੱਟਿਆ ਗਿਆ ਤੁਰਕੀ ਦਾ ਬਣਿਆ ਆਧੁਨਿਕ ਪਿਸਤੌਲ ਬਰਾਮਦ ਕੀਤਾ ਹੈ। ਜਿਸ ਸਬੰਧੀ ਥਾਣਾ ਖਾਲੜਾ ਵਿਖੇ ਅਣਪਛਾਤੇ ਵਿਅਕਤੀ ਵਿਰੁੱਧ ਅਸਲਾ ਅਤੇ ਭਾਰਤੀ ਵਾਯੂਯਾਨ ਅਧੀਨਿਯਮ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਐੱਸ.ਐੱਸ.ਪੀ. ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਖਾਲੜਾ ਦੀ ਪੁਲਿਸ ਦੇ ਹੱਥ ਸੂਚਨਾ ਲੱਗੀ ਸੀ ਕਿ ਬੇਅੰਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਾੜੀ ਕੰਬੋਕੇ ਦੇ ਖੇਤ ਵਿਚ ਪੀਲੇ ਰੰਗ ਦਾ ਪੈਕੇਟ ਡਿੱਗਾ ਹੈ। ਸੂਚਨਾ ਤੋਂ ਬਾਅਦ ਸਬ ਇੰਸਪੈਕਟਰ ਪ੍ਰਦੀਪ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਉੱਪਰ ਪੁੱਜੇ ਅਤੇ ਬੀ.ਓ.ਪੀ. ਧਰਮਾ ’ਤੇ ਤਾਇਨਾਕ ਬੀ.ਐੱਸ.ਐੱਫ. ਦੀ 142 ਬਟਾਲੀਅਨ ਦੇ ਕੰਪਨੀ ਕਮਾਂਡਰ ਰਾਜੇਸ਼ ਯਾਦਵ ਨੂੰ ਵੀ ਸੂਚਿਤ ਕੀਤਾ।
ਜਦੋਂ ਉਕਤ ਪੈਕੇਟ ਨੂੰ ਕਬਜ਼ੇ ’ਚ ਲੈ ਕੇ ਜਾਂਚ ਕੀਤੀ ਤਾਂ ਉਸ ਵਿੱਚੋਂ 30 ਬੋਰ ਦਾ ਜਿਗਾਨਾ ਸਪੋਰਟ ਪਿਸਤੌਲ ਜੋ ਤੁਰਕੀ ਦਾ ਬਣਿਆ ਹੈ, ਬਿਨਾਂ ਮੈਗਜ਼ੀਨ ਦੇ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਸਰਹੱਦ ਪਾਰੋਂ ਪਿਸਤੌਲ ਮੰਗਵਾਉਣ ਵਾਲੇ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ ਅਤੇ ਜਲਦ ਉਸ ਨੂੰ ਕਾਬੂ ਕਰ ਲਿਆ ਜਾਵੇਗਾ।