ਕੋਰਟ ਕੰਪਲੈਕਸ ਪੱਟੀ ’ਚ ਫਾਇਰ ਸੇਫਟੀ ਸਬੰਧੀ ਟਰੇਨਿੰਗ ਅਤੇ ਮੌਕ ਡਰਿੱਲ ਕਰਵਾਈ
ਟਰੇਨਿੰਗ ਦੌਰਾਨ ਅੱਗ ਦੀਆਂ ਵੱਖ-ਵੱਖ ਸ਼੍ਰੇਣੀਆਂ ਅਤੇ ਉਨ੍ਹਾਂ 'ਤੇ ਕਾਬੂ ਪਾਉਣ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
Publish Date: Sun, 31 May 2026 04:54 PM (IST)
Updated Date: Mon, 01 Jun 2026 04:05 AM (IST)

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਜੁਡੀਸ਼ੀਅਲ ਕੋਰਟ ਕੰਪਲੈਕਸ ਪੱਟੀ ਵਿਖੇ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਕਿਸੇ ਵੀ ਕਾਰਨਾਂ ਕਰਕੇ ਅੱਗ ਲੱਗਣ ਵਾਲੇ ਐਮਰਜੈਂਸੀ ਹਾਲਾਤ ਵਿਚ ਸੇਫਟੀ ਵਰਤਣ ਅਤੇ ਅੱਗ ਬੁਝਾਉਣੀ ਦੀ ਟਰੇਨਿੰਗ ਦਿੱਤੀ ਗਈ। ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨਤਾਰਨ ਵੱਲੋਂ ਕਰਵਾਏ ਗਏ ਇਸ ਟਰੇਨਿੰਗ ਪ੍ਰੋਗਰਾਮ ਵਿਚ ਬਾਰ ਐਸੋਸੀਏਸ਼ਨ ਪੱਟੀ ਦੇ ਮੈਂਬਰਾਂ ਨੇ ਵੀ ਪ੍ਰਧਾਨ ਕੰਵਲਜੀਤ ਸਿੰਘ ਬਾਠ ਦੀ ਅਗਵਾਈ ਵਿਚ ਵੱਧ-ਚੜ੍ਹ ਕੇ ਸ਼ਿਰਕਤ ਕੀਤੀ। ਪੰਜਾਬ ਫਾਇਰ ਸਰਵਿਸ ਦੀ ਸਤੀਸ਼ ਸਲਵਾਨ ਦੀ ਅਗਵਾਈ ਵਾਲੀ ਜ਼ਿਲ੍ਹਾ ਫਾਇਰ ਵਿਭਾਗ ਦੀ ਟੀਮ ਵੱਲੋਂ ਇਸ ਦੌਰਾਨ ਟਰੇਨਿੰਗ ਦਿੱਤੀ ਗਈ, ਜਿਸ ਵਿਚ ਸਤਪਾਲ ਸਿੰਘ, ਰਮਨਦੀਪ ਸਿੰਘ, ਵਿਸ਼ਵਦੀਪ ਸਿੰਘ, ਸੁਖਦੇਵ ਸਿੰਘ ਅਤੇ ਕੋਮਲਜੀਤ ਸਿੰਘ ਸ਼ਾਮਿਲ ਸਨ। ਇਸ ਮੌਕੇ ਫਾਇਰ ਸੇਫਟੀ ਦੀ ਇਕ ਮੌਕ ਡਰਿੱਲ ਵੀ ਕੀਤੀ ਗਈ। ਇਸ ਮੌਕੇ ਪੰਜਾਬ ਫਾਇਰ ਸਰਵਿਸ ਦੀ ਟੀਮ ਵੱਲੋਂ ਸਭ ਤੋਂ ਪਹਿਲਾਂ ਅੱਗ ਦੀਆਂ ਵੱਖ-ਵੱਖ ਕਿਸਮਾਂ ਬਾਰੇ ਦੱਸਿਆ ਗਿਆ ਅਤੇ ਟਰੇਨਿੰਗ ਦੌਰਾਨ ਅੱਗ ਦੀਆਂ ਵੱਖ-ਵੱਖ ਸ਼੍ਰੇਣੀਆਂ ਅਤੇ ਉਨ੍ਹਾਂ ਤੇ ਕਾਬੂ ਪਾਉਣ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸਮਝਾਇਆ ਗਿਆ ਕਿ ਕਲਾਸ ਏ ਅੱਗ ਵਿਚ ਲੱਕੜ, ਕਾਗਜ਼, ਕੱਪੜਾ, ਰਬੜ ਅਤੇ ਪਲਾਸਟਿਕ ਵਰਗੀਆਂ ਆਮ ਜਲਣਸ਼ੀਲ ਵਸਤਾਂ ਸ਼ਾਮਿਲ ਹੁੰਦੀਆਂ ਹਨ। ਕਲਾਸ ਬੀ ਅੱਗ ਪੈਟਰੋਲ, ਡੀਜ਼ਲ, ਤੇਲ, ਪੇਂਟ ਅਤੇ ਰਸਾਇਣਕ ਪਦਾਰਥਾਂ ਵਰਗੀਆਂ ਜਲਣਸ਼ੀਲ ਤਰਲ ਵਸਤਾਂ ਨਾਲ ਸਬੰਧਤ ਹੁੰਦੀ ਹੈ। ਕਲਾਸ ਸੀ ਅੱਗ ਵਿਚ ਐੱਲਪੀਜੀ ਅਤੇ ਪ੍ਰੋਪੇਨ ਵਰਗੀਆਂ ਜਲਣਸ਼ੀਲ ਗੈਸਾਂ ਸ਼ਾਮਿਲ ਹੁੰਦੀਆਂ ਹਨ। ਕਲਾਸ ਡੀ ਅੱਗ ਮੈਗਨੀਸ਼ੀਅਮ, ਸੋਡੀਅਮ ਅਤੇ ਐਲੂਮੀਨੀਅਮ ਪਾਊਡਰ ਵਰਗੀਆਂ ਧਾਤਾਂ ਨਾਲ ਸਬੰਧਤ ਹੁੰਦੀ ਹੈ, ਜਦਕਿ ਕਲਾਸ ਈ ਅੱਗ ਬਿਜਲੀ ਉਪਕਰਣਾਂ, ਇਲੈਕਟ੍ਰੀਕਲ ਐਪਲਾਇੰਸਜ਼ ਅਤੇ ਸ਼ਾਰਟ ਸਰਕਟ ਨਾਲ ਜੁੜੀਆਂ ਘਟਨਾਵਾਂ ਨਾਲ ਸਬੰਧਤ ਹੁੰਦੀ ਹੈ। ਟੀਮ ਵੱਲੋਂ ਹਰ ਕਿਸਮ ਦੀ ਅੱਗ ਤੇ ਕਾਬੂ ਪਾਉਣ ਲਈ ਵਰਤੇ ਜਾਣ ਵਾਲੇ ਵੱਖ-ਵੱਖ ਤਰੀਕਿਆਂ ਅਤੇ ਸੁਰੱਖਿਆ ਪ੍ਰੋਟੋਕੋਲਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਫੋਰਮ ਫਾਇਰ ਐਕਸਟਿੰਗੂਇਸ਼ਰ, ਕਾਰਬਨ ਫਾਇਰ ਐਕਸਟਿੰਗੂਇਸ਼ਰ, ਡਰਾਈ ਕੈਮੀਕਲ ਪਾਊਡਰ ਐਕਸਟਿੰਗੂਇਸ਼ਰ ਦੀ ਵੱਖ-ਵੱਖ ਐਮਰਜੈਂਸੀ ਸਥਿਤੀਆਂ ਵਿਚ ਵਰਤੋਂ ਦਾ ਪ੍ਰੈਕਟੀਕਲ ਡੈਮੋ ਵੀ ਦਿੱਤਾ ਗਿਆ ਅਤੇ ਫਿਰ ਆਰਏਸੀਈ ਅਤੇ ਪੀਏਐੱਸਐੱਸ ਦੀਆਂ ਵਿਧੀਆਂ ਬਾਰੇ ਵਿਸਥਾਰ ਵਿਚ ਦੱਸਿਆ ਗਿਆ ਕਿ ਕਿਸ ਤਰ੍ਹਾਂ ਅੱਗ ਲਗਣ ਦੀ ਸੂਰਤ ਵਿਚ ਆਰਏਸੀਈ ਵਿਧੀ ਅਧੀਨ ਬਚਾਓ ਕਰਦੇ ਹੋਏ ਅਲਾਰਮ ਵਜਾਉਣਾ ਹੈ, ਖਿੜਕੀ ਦਰਵਾਜ਼ੇ ਬੰਦ ਰੱਖਣੇ ਹਨ ਅਤੇ ਬਿਲਡਿੰਗ ਤੋਂ ਬਾਹਰ ਨਿਕਲਣਾ ਹੈ। ਇਸ ਤਰਾਂ ਹੀ ਪੀਏਐੱਸਐੱਸ ਵਿਧੀ ਅਧੀਨ ਪਹਿਲਾਂ ਤਾਂ ਅੱਗ ਬਝਾਊ ਯੰਤਰ ਵਿੱਚੋਂ ਪਿੰਨ ਕੱਢਣੀ ਹੈ, ਫਿਰ ਅੱਗ ਤੇ ਨਿਸ਼ਾਨਾ ਲਗਾਉਂਦੇ ਹੋਏ ਆਸੇ-ਪਾਸੇ ਘੁੰਮਾ ਕੇ ਛਿੜਕਾਅ ਕਰਨਾ ਹੈ। ਪੰਜਾਬ ਫਾਇਰ ਸਰਵਿਸ ਦੀ ਟੀਮ ਵੱਲੋਂ ਅੱਗੇ ਦੱਸਿਆ ਗਿਆ ਕਿ ਅੱਗ ਲੱਗਣ ਦੀ ਸੂਰਤ ਵਿਚ ਲਿਫ਼ਟ ਦੀ ਵਰਤੋਂ ਨਹੀਂ ਕਰਨਾ ਚਾਹੀਦੀ, ਸਗੋਂ ਪੌੜੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅੱਗ ਲੱਗਣ ਦੀ ਸੂਰਤ ਵਿਚ 101 ਐਮਰਜੈਂਸ਼ੀ ਨੰਬਰਾਂ ਤੇ ਸੰਪਰਕ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਉਪਰ ਦੱਸੇ ਮੁਤਾਬਿਕ ਅੱਗ ਨੂੰ ਕੰਟਰੋਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਕਰਮਚਾਰੀਆਂ ਨੂੰ ਬਾਹਰ ਖੁੱਲ੍ਹੇ ਮੈਦਾਨ ਵਿਚ ਇਕ ਸਥਾਨ ਤੇ ਇੱਕੱਠੇ ਹੋ ਜਾਣਾ ਚਾਹੀਦਾ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਕਿਹੜਾ ਕਰਮਚਾਰੀ ਬਾਹਰ ਆ ਗਿਆ ਅਤੇ ਕਿਹੜਾ ਕਰਮਚਾਰੀ ਅੰਦਰ ਰਹਿ ਗਿਆ ਹੈ। ਟੀਮ ਵੱਲੋਂ ਕਰਮਚਾਰੀਆਂ ਨੂੰ ਬਿਜਲੀ ਉਪਕਰਨ ਵਰਤੋਂ ਵਿਚ ਨਾ ਹੋਣ ਤੇ ਉਪਕਰਨਾਂ ਨੂੰ ਬੰਦ ਕਰਨ ਲਈ ਵੀ ਆਖਿਆ। ਕੈਪਸ਼ਨ : ਜੁਡੀਸ਼ੀਅਲ ਕੋਰਟ ਕੰਪਲੈਕਸ ਪੱਟੀ ਵਿਖੇ ਫਾਇਰ ਸੇਫਟੀ ਸਬੰਧੀ ਕਰਵਾਈ ਟਰੇਨਿੰਗ ਅਤੇ ਅੱਗ ਉੱਪਰ ਕਾਬੂ ਪਾਉਣ ਦੀ ਜਾਣਕਾਰੀ ਦਿੰਦੇ ਹੋਏ ਫਾਇਰ ਸਰਵਿਸ ਦੇ ਕਰਮਚਾਰੀ।