ਪੱਟੀ ‘ਚ ਡੀਏਵੀ ਸਕੂਲ ਦੀ ਗਰਾਊਂਡ ’ਚ ਲੱਗੀ ਅੱਗ, ਸਮੇਂ ਸਿਰ ਕਾਰਵਾਈ ਨਾਲ ਵੱਡਾ ਨੁਕਸਾਨ ਟਲ਼ਿਆ
ਅੱਗ ਦੀਆਂ ਲਪਟਾਂ ਤੇ ਧੂੰਏਂ ਦੇ ਗੁਬਾਰ ਦੂਰੋਂ ਹੀ ਨਜ਼ਰ ਆ ਰਹੇ ਸਨ, ਜਿਸ ਕਾਰਨ ਨੇੜਲੇ ਇਲਾਕੇ ਦੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ।
Publish Date: Sun, 26 Apr 2026 06:19 PM (IST)
Updated Date: Mon, 27 Apr 2026 04:13 AM (IST)

ਬੱਲੂ ਮਹਿਤਾ•, ਪੰਜਾਬੀ ਜਾਗਰਣ, ਪੱਟੀ : ਐਤਵਾਰ ਨੂੰ ਪੱਟੀ ਦੇ ਲਾਹੌਰ ਰੋਡ ਸੇਵਾ ਕੇਂਦਰ ਦੇ ਸਾਹਮਣੇ ਸਥਿਤ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੀ ਗਰਾਊਂਡ ’ਚ ਅਚਾਨਕ ਅੱਗ ਲੱਗਣ ਨਾਲ ਇਲਾਕੇ ’ਚ ਹੜਕੰਪ ਮਚ ਗਿਆ। ਅੱਗ ਲੱਗਣ ਦੀ ਘਟਨਾ ਦੁਪਹਿਰ ਸਮੇਂ ਵਾਪਰੀ, ਜਦੋਂ ਗਰਮੀ ਤੇ ਸੁੱਕੇ ਮੌਸਮ ਕਾਰਨ ਗਰਾਊਂਡ ’ਚ ਪਿਆ ਸੁੱਕਾ ਫੂਸ ਸੜਨ ਲੱਗ ਪਿਆ। ਚਸ਼ਮਦੀਦਾਂ ਅਨੁਸਾਰ ਅੱਗ ਬਹੁਤ ਤੇਜ਼ੀ ਨਾਲ ਫੈਲੀ ਤੇ ਦੇਖਦੇ ਹੀ ਦੇਖਦੇ ਗਰਾਊਂਡ ਦੇ ਵੱਡੇ ਹਿੱਸੇ ਨੂੰ ਆਪਣੀ ਲਪੇਟ ’ਚ ਲੈ ਲਿਆ। ਅੱਗ ਦੀਆਂ ਲਪਟਾਂ ਤੇ ਧੂੰਏਂ ਦੇ ਗੁਬਾਰ ਦੂਰੋਂ ਹੀ ਨਜ਼ਰ ਆ ਰਹੇ ਸਨ, ਜਿਸ ਕਾਰਨ ਨੇੜਲੇ ਇਲਾਕੇ ਦੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੌਰਾਨ ਨੇੜਲੇ ਦੁਕਾਨਦਾਰ ਜੰਗ ਸਿੰਘ ਨੇ ਤੁਰੰਤ ਸੂਝ-ਬੂਝ ਦਿਖਾਉਂਦਿਆਂ ਨਗਰ ਕੌਂਸਲ ਪੱਟੀ ਨੂੰ ਇਸ ਸਬੰਧੀ ਸੂਚਿਤ ਕੀਤਾ। ਉਨ੍ਹਾਂ ਵੱਲੋਂ ਦਿੱਤੀ ਗਈ ਸਮੇਂ ਸਿਰ ਜਾਣਕਾਰੀ ਦੇ ਕਾਰਨ ਪ੍ਰਸ਼ਾਸਨ ਹਰਕਤ ’ਚ ਆ ਗਿਆ ਤੇ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਤੁਰੰਤ ਮੌਕੇ ’ਤੇ ਭੇਜਿਆ ਗਿਆ। ਫਾਇਰ ਬ੍ਰਿਗੇਡ ਦੀ ਟੀਮ ਨੇ ਜਲਦੀ ਕਾਰਵਾਈ ਕਰਦਿਆਂ ਅੱਗ ’ਤੇ ਕਾਬੂ ਪਾਉਣ ਲਈ ਜੰਗੀ ਪੱਧਰ ’ਤੇ ਯਤਨ ਸ਼ੁਰੂ ਕਰ ਦਿੱਤੇ। ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਅੱਗ ਨੂੰ ਕਾਬੂ ’ਚ ਕਰ ਲਿਆ ਗਿਆ, ਜਿਸ ਨਾਲ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਜਾਂਦੀ ਤਾਂ ਅੱਗ ਨੇ ਨੇੜਲੇ ਇਲਾਕਿਆਂ ਤੇ ਇਮਾਰਤਾਂ ਨੂੰ ਵੀ ਆਪਣੀ ਲਪੇਟ ’ਚ ਲੈ ਸਕਦੀ ਸੀ। ਸਥਾਨਕ ਲੋਕਾਂ ਨੇ ਦੱਸਿਆ ਕਿ ਗਰਮੀ ਦੇ ਮੌਸਮ ’ਚ ਸੁੱਕੀ ਘਾਹ ਤੇ ਫੂਸ ਕਾਰਨ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਲੋੜ ਹੈ ਕਿ ਸਮੇਂ-ਸਮੇਂ ‘ਤੇ ਅਜਿਹੀਆਂ ਥਾਵਾਂ ਦੀ ਸਫ਼ਾਈ ਕੀਤੀ ਜਾਵੇ, ਤਾਂ ਜੋ ਅੱਗ ਲੱਗਣ ਦੀਆਂ ਸੰਭਾਵਨਾਵਾਂ ਨੂੰ ਘਟਾਇਆ ਜਾ ਸਕੇ। ਇਸ ਮੌਕੇ ਜੰਗ ਸਿੰਘ ਨੇ ਨਗਰ ਕੌਂਸਲ ਪੱਟੀ ਅਤੇ ਫਾਇਰ ਬ੍ਰਿਗੇਡ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਤੁਰੰਤ ਕਾਰਵਾਈ ਕਾਰਨ ਇਕ ਵੱਡੀ ਘਟਨਾ ਤੋਂ ਬਚਾਅ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਰੀ ਹੋ ਜਾਂਦੀ ਤਾਂ ਅੱਗ ਕਾਬੂ ਤੋਂ ਬਾਹਰ ਵੀ ਹੋ ਸਕਦੀ ਸੀ। ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਘਟਨਾ ਸੁੱਕੀ ਘਾਹ, ਗਰਮੀ ਜਾਂ ਕਿਸੇ ਛੋਟੀ ਚੰਗਿਆੜੀ ਕਾਰਨ ਵਾਪਰੀ ਹੋ ਸਕਦੀ ਹੈ। ਪ੍ਰਸ਼ਾਸਨ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪਹਿਲਾਂ ਤੋਂ ਹੀ ਜ਼ਰੂਰੀ ਸੁਰੱਖਿਆ ਪ੍ਰਬੰਧ ਕੀਤੇ ਜਾਣ। ਨਾਲ ਹੀ ਗਰਾਊਂਡ ਤੇ ਹੋਰ ਖਾਲੀ ਪਈਆਂ ਥਾਵਾਂ ਦੀ ਸਫ਼ਾਈ ਯਕੀਨੀ ਬਣਾਈ ਜਾਵੇ ਤਾਂ ਜੋ ਭਵਿੱਖ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਜੰਗ ਸਿੰਘ ਕੇ ਫਾਇਰ ਬ੍ਰਿਗੇਡ ਦੀ ਫੁਰਤੀਲੇਪਨ ਤੇ ਸਥਾਨਕ ਲੋਕਾਂ ਦੀ ਸੂਝ-ਬੂਝ ਨਾਲ ਇਕ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ, ਜਿਸ ਨਾਲ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ।