ਤਰਨਤਾਰਨ 'ਚ ਫਾਇਨਾਂਸ ਕਰਮੀ ਤੋਂ ਪਿਸਤੋਲ ਦੀ ਨੋਕ 'ਤੇ ਲੁੱਟ, ਲਿਫਟ ਲੈਣ ਵਾਲਾ ਨੌਜਵਾਨ ਹੀ ਨਿਕਲਿਆ ਮਾਸਟਰਮਾਈਂਡ, 2 ਗ੍ਰਿਫ਼ਤਾਰ
ਤਰਨਤਾਰਨ ਜ਼ਿਲ੍ਹੇ ਦੇ ਪਿੰਡਾਂ ਵਿੱਚੋਂ ਫਾਇਨਾਂਸ ਦੀਆਂ ਕਿਸ਼ਤਾਂ ਉਗਰਾਹ ਕੇ ਜਾ ਰਹੇ ਇਕ ਨੌਜਵਾਨ ਨੂੰ ਪਿਸਤੋਲ ਅਤੇ ਤੇਜਧਾਰ ਹਥਿਆਰਾਂ ਦੀ ਨੋਕ ’ਤੇ 66 ਹਜਾਰ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਹਾਲਾਂਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਨੌਜਵਾਨ ਕੋਲੋਂ ਲਿਫਟ ਲੈਣ ਵਾਲੇ ਨੌਜਵਾਨ ਨੇ ਹੀ ਕਥਿਤ ਤੌਰ ’ਤੇ ਉਸ ਕੋਲੋਂ ਇਹ ਖੋਹ ਕਰਵਾਈ ਸੀ।
Publish Date: Sat, 23 May 2026 11:24 AM (IST)
Updated Date: Sat, 23 May 2026 11:35 AM (IST)
ਜਸਪਾਲ ਸਿੰਘ ਜੱਸੀ, ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ ਦੇ ਪਿੰਡਾਂ ਵਿੱਚੋਂ ਫਾਇਨਾਂਸ ਦੀਆਂ ਕਿਸ਼ਤਾਂ ਉਗਰਾਹ ਕੇ ਜਾ ਰਹੇ ਇਕ ਨੌਜਵਾਨ ਨੂੰ ਪਿਸਤੋਲ ਅਤੇ ਤੇਜਧਾਰ ਹਥਿਆਰਾਂ ਦੀ ਨੋਕ ’ਤੇ 66 ਹਜਾਰ ਦੀ ਨਕਦੀ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਹਾਲਾਂਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਨੌਜਵਾਨ ਕੋਲੋਂ ਲਿਫਟ ਲੈਣ ਵਾਲੇ ਨੌਜਵਾਨ ਨੇ ਹੀ ਕਥਿਤ ਤੌਰ ’ਤੇ ਉਸ ਕੋਲੋਂ ਇਹ ਖੋਹ ਕਰਵਾਈ ਸੀ। ਜਿਸਦੇ ਚੱਲਦਿਆਂ ਪੁਲਿਸ ਨੇ ਉਕਤ ਨੌਜਵਾਨ ਸਮੇਤ ਦੋ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂਕਿ ਚਾਰ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਨਿੰਦਰਪਾਲ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਸ਼ਿਵਪੁਰ ਕੁਕਰੀਆਂ ਜ਼ਿਲ੍ਹਾ ਅੰਮ੍ਰਿਤਸਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਹ ਦੁਪਹਿਰ ਕਰੀਬ ਪੌਣੇ ਇਕ ਵਜੇ ਪਿੰਡ ਬੈਂਕਾ ਤੋਂ ਵਾਇਆ ਘੁਰਕਵਿੰਡ ਤਰਨਤਾਰਨ ਵੱਲ ਆ ਰਿਹਾ ਸੀ। ਪਿੰਡ ਬੈਂਕਾ ਤੋਂ ਇਕ ਲੜਕਾ ਜਗਨਪ੍ਰੀਤ ਜੱਜੂ ਪੁੱਤਰ ਨਰਿੰਦਰ ਸਿੰਘ ਵਾਸੀ ਗੋਪਾਲਾ ਕੁਹਾੜਕਾ ਨੇ ਉਸ ਕੋਲੋਂ ਲਿਫਟ ਲਈ ਅਤੇ ਉਸ ਨੂੰ ਘੁਰਕਵਿੰਡ ਜਾਣ ਦੀ ਬਜਾਏ ਕਾਮਲਪੁਰ, ਗੁਲਾਲੀਪੁਰ ਰਾਂਹੀ ਜਾਣ ਵਾਸਤੇ ਕਿਹਾ। ਜਦੋਂ ਉਹ ਗੁਲਾਲੀਪੁਰ ਤੋਂ ਭਿੱਖੀਵਿੰਡ ਰੋਡ ’ਤੇ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਅੱਗੋਂ ਆਏ ਅਤੇ ਪਿਸਟਲ ਦੀ ਨੋਕ ’ਤੇ ਉਸ ਕੋਲੋਂ ਬੈਗ ਖੋਹਣ ਦੀ ਕੋਸ਼ਿਸ਼ ਕਰਨ ਲੱਗੇ, ਜਿਸ ਵਿਚ ਫਾਇਨਾਂਸ ਦੀਆਂ ਕਿਸ਼ਤਾਂ ਦੇ 66 ਹਜਾਰ 610 ਰੁਪਏ, ਵਿਦਿਅਕ ਸਰਟੀਫਿਕੇਟ ਅਤੇ ਹੋਰ ਕਾਗਜਾਤ ਮੌਜੂਦ ਸਨ।
ਉਸਨੇ ਬੈਗ ਨਾ ਛੱਡਿਆ ਤਾਂ ਉਕਤ ਲੋਕਾਂ ਨੇ ਉਸਦੇ ਸਿਰ ਵਿਚ ਪਿਸਟਲ ਦਾ ਬੱਟ ਮਾਰਿਆ ਅਤੇ ਕਈ ਥਾਵਾਂ ’ਤੇ ਦਾਤਰ ਤੇ ਖੰਡੇ ਨਾਲ ਵਾਰ ਕਰਕੇ ਕਿੱਟ ਬੈਗ ਖੋਹ ਲਿਆ। ਜਦੋਂਕਿ ਲਿਫਟ ਲੈਣ ਵਾਲਾ ਜਗਨਪ੍ਰੀਤ ਸਿੰਘ ਜੱਜੂ ਵੀ ਮੌਕੇ ਤੋਂ ਮੋਟਰਸਾਈਕਲ ਲੈ ਕੇ ਫਰਾਰ ਹੋ ਗਿਆ, ਜੋ ਉਸਨੇ ਕਿਸੇ ਦੇ ਘਰ ਖੜਾ ਕਰ ਦਿੱਤਾ। 15 ਮਈ ਨੂੰ ਵਾਪਰੀ ਉਕਤ ਘਟਨਾ ਸਬੰਧੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਜਗਨਪ੍ਰੀਤ ਸਿੰਘ ਨੇ ਹੀ ਮਨਿੰਦਰਪਾਲ ਸਿੰਘ ਨੂੰ ਗੱਲਾਂ ਵਿਚ ਲੈ ਕੇ ਲੁੱਟ ਕਰਵਾਈ ਸੀ। ਥਾਣਾ ਸਦਰ ਤਰਨਤਾਰਨ ਅਧੀਨ ਆਉਂਦੀ ਚੌਂਕੀ ਮਾਣੋਚਾਹਲ ਦੇ ਇੰਚਾਰਜ ਏਐੱਸਆਈ ਕੰਵਲਜੀਤ ਸਿੰਘ ਨੇ ਦੱਸਿਆ ਕਿ ਜਗਨਪ੍ਰੀਤ ਸਿੰਘ ਜੱਜੂ ਅਤੇ ਵਿਜੈ ਸਿੰਘ ਪੁੱਤਰ ਹੀਰਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦੋਂਕਿ ਗੁਰਪ੍ਰੀਤ ਸਿੰਘ ਕਾਕਾ ਪੁੱਤਰ ਤਰਸੇਮ ਸਿੰਘ ਅਤੇ ਗੁਰਬੀਰ ਸਿੰਘ ਬਿੱਲਾ ਪੁੱਤਰ ਚੈਨ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ।