ਕਸਬਾ ਫ਼ਤਿਆਬਾਦ ਦੇ ਖਾਦ, ਕੀਟਨਾਸ਼ਕ ਦਵਾਈਆਂ ਤੇ ਖੇਤੀ ਬੀਜ ਵਪਾਰੀਆਂ ਕੀਤੀ ਹੜਤਾਲ
ਐਸੋਸੀਏਸ਼ਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਾਰੇ ਡੀਲਰ ਇਕਮੁੱਠ ਹਨ।
Publish Date: Mon, 27 Apr 2026 04:48 PM (IST)
Updated Date: Tue, 28 Apr 2026 04:05 AM (IST)

ਗੁਰਬਰਿੰਦਰ ਸਿੰਘ,•ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਆਲ ਇੰਡੀਆ ਐਗਰੋ ਇਨਪੁਟਸ ਡੀਲਰਜ਼ ਐਸੋਸੀਏਸ਼ਨ ਦੇ ਸੱਦੇ ’ਤੇ ਕਸਬਾ ਫ਼ਤਿਆਬਾਦ ਦੇ ਖਾਦ, ਕੀਟਨਾਸ਼ਕ ਦਵਾਈਆਂ ਤੇ ਖੇਤੀ ਬੀਜ ਵਪਾਰੀਆਂ ਵੱਲੋਂ ਦੁਕਾਨਾਂ ਬੰਦ ਰੱਖ ਕੇ ਇਕ ਦਿਨ ਦੀ ਹੜਤਾਲ ਤੇ ਸ਼ਾਂਤਮਈ ਰੋਸ ਪ੍ਰਗਟ ਕੀਤਾ ਗਿਆ। ਇਸ ਸਬੰਧੀ ਐਸੋਸੀਏਸਨ ਦੀ ਇਕਾਈ ਫ਼ਤਿਆਬਾਦ ਦੇ ਆਗੂਆਂ ਮਲਕੀਅਤ ਸਿੰਘ ਮੁਤੀ, ਕੁਲਵਿੰਦਰ ਸਿੰਘ ਕੁਕੂ, ਆਸ਼ੂ ਚੋਪੜਾ ਆਦਿ ਨੇ ਦੱਸਿਆ ਕਿ ਕੰਪਨੀਆਂ ਵੱਲੋਂ ਡੀਲਰਾਂ ਨੂੰ ਬੇਲੋੜੇ ਉਤਪਾਦ ਖਰੀਦਣ ਲਈ ਮਜਬੂਰ ਕਰਨ ਤੇ ਕਿਸੇ ਉਤਪਾਦ ਦਾ ਸੈਂਪਲ ਫੇਲ੍ਹ ਹੋਣ ਦੀ ਸੂਰਤ ’ਚ ਡੀਲਰ ਦੀ ਜ਼ਿੰਮੇਵਾਰੀ ਵਰਗੀਆਂ ਸ਼ਰਤਾਂ ਦੇ ਵਿਰੋਧ ’ਚ ਦੁਕਾਨਦਾਰਾਂ ਨੂੰ ਹੜਤਾਲ ਲਈ ਮਜਬੂਰ ਹੋਣਾ ਪਿਆ ਹੈ। ਦੁਕਾਨਦਾਰਾਂ ਦੱਸਿਆ ਕਿ ਡੀਲਰਾਂ ਦੀਆਂ ਮੁੱਖ ਮੰਗਾਂ ’ਚ ਕੰਪਨੀਆਂ ਵੱਲੋਂ ਡੀਲਰਾਂ ’ਤੇ ਫ਼ਜ਼ੂਲ ਸਾਮਾਨ ਖਰੀਦਣ ਦਾ ਦਬਾਅ ਖ਼ਤਮ ਕਰਨਾ, ਸੈਂਪਲ ਫੇਲ੍ਹ ਹੋਣ ਦੀ ਸਥਿਤੀ ’ਚ ਜ਼ਿੰਮੇਵਾਰੀ ਕੰਪਨੀ ਦੀ ਹੋਵੇ, ‘ਸੀਡ ਸਾਥੀ ਪੋਰਟਲ’ ਸਿਰਫ਼ ਕੰਪਨੀਆਂ ਤਕ ਸੀਮਤ ਕੀਤਾ ਜਾਵੇ, ਪੈਸਟੀਸਾਈਡ ਡੀਲਰਾਂ ਦੀ ਤਰ੍ਹਾਂ ਖਾਦ ਡੀਲਰਾਂ ਲਈ ਵੀ ਲਾਇਸੈਂਸ ਵਾਰਿਸ ਨੂੰ ਟ੍ਰਾਂਸਫਰ ਕਰਨ ਦਾ ਨਿਯਮ ਲਾਗੂ ਕੀਤਾ ਜਾਵੇ ਆਦਿ ਮੰਗਾਂ ਸ਼ਾਮਲ ਹਨ। ਐਸੋਸੀਏਸ਼ਨ ਆਗੂਆਂ ਨੇ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਾਰੇ ਡੀਲਰ ਇਕਮੁੱਠ ਹਨ। ਇਸ ਲਈ 27 ਅਪ੍ਰੈਲ ਨੂੰ ਸਾਰਾ ਵਪਾਰ ਬੰਦ ਰੱਖ ਕੇ ਸਰਕਾਰ ਖ਼ਿਲਾਫ਼ ਸ਼ਾਂਤਮਈ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ ਮਲਕੀਅਤ ਸਿੰਘ ਮੁੱਤੀ, ਕੁਲਵਿੰਦਰ ਸਿੰਘ ਕੁਕੂ, ਆਸ਼ੂ ਚੋਪੜਾ, ਪੰਕਜ ਕੁਮਾਰ, ਸੁਖਨੰਦਨ ਸਿੰਘ, ਹਰਪਾਲ ਸਿੰਘ ਭਰੋਵਾਲ, ਅਜੈ ਮੁੱਤੀ, ਰਵਿੰਦਰ ਸਿੰਘ ਹੈਪੀ, ਸੰਦੀਪ ਸਿੰਘ, ਜਸਵਿੰਦਰ ਸਿੰਘ ਖਵਾਸਪੁਰ, ਸੰਦੀਪ ਸਿੰਘ, ਆਦਿ ਤੋਂ ਇਲਾਵਾ ਹੋਰ ਡੀਲਰ ਹਾਜ਼ਰ ਸਨ।