ਰਿਸ਼ਤੇ ਤਾਰ-ਤਾਰ: ਜ਼ਮੀਨੀ ਵਿਵਾਦ ਨੇ ਲਿਆ ਖੂਨੀ ਰੂਪ, ਪਿਤਾ ਨੇ ਸਾਥੀਆਂ ਨਾਲ ਮਿਲ ਕੇ ਪੁੱਤਰ ’ਤੇ ਕੀਤਾ ਜਾਨਲੇਵਾ ਹਮਲਾ
ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਰਹਾਲੀ ਵਿਖੇ ਜ਼ਮੀਨ ਦੇ ਰੌਲੇ ’ਚ ਕਥਿਤ ਤੌਰ ’ਤੇ ਪਿਤਾ ਵਲੋਂ ਹੋਰ ਲੋਕਾਂ ਸਮੇਤ ਆਪਣੇ ਹੀ ਲੜਕੇ ਦੀ ਕੁੱਟਮਾਰ ਕਰਕੇ ਸੱਟਾਂ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਇਲਾਜ ਲਈ ਸਰਹਾਲੀ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਸੱਟਾਂ ਜ਼ਿਆਦਾ ਹੋਣ ਕਰਕੇ ਉਸ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਦੂਜੇ ਪਾਸੇ ਥਾਣਾ ਸਰਹਾਲੀ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਕਾਰਵਾਈ ਕਰਦਿਆਂ ਪੰਜ ਜਣਿਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
Publish Date: Wed, 06 May 2026 12:35 PM (IST)
Updated Date: Wed, 06 May 2026 12:40 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਰਹਾਲੀ ਕਲਾਂ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸਰਹਾਲੀ ਵਿਖੇ ਜ਼ਮੀਨ ਦੇ ਰੌਲੇ ’ਚ ਕਥਿਤ ਤੌਰ ’ਤੇ ਪਿਤਾ ਵਲੋਂ ਹੋਰ ਲੋਕਾਂ ਸਮੇਤ ਆਪਣੇ ਹੀ ਲੜਕੇ ਦੀ ਕੁੱਟਮਾਰ ਕਰਕੇ ਸੱਟਾਂ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਇਲਾਜ ਲਈ ਸਰਹਾਲੀ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਸੱਟਾਂ ਜ਼ਿਆਦਾ ਹੋਣ ਕਰਕੇ ਉਸ ਨੂੰ ਤਰਨਤਾਰਨ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਦੂਜੇ ਪਾਸੇ ਥਾਣਾ ਸਰਹਾਲੀ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਕਾਰਵਾਈ ਕਰਦਿਆਂ ਪੰਜ ਜਣਿਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਗੁਰਜਿੰਦਰਪਾਲ ਸਿੰਘ ਵਾਸੀ ਸਰਹਾਲੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਹ ਤਿੰਨ ਭਰਾ ਹਨ ਅਤੇ ਉਸਦੇ ਪਰਿਵਾਰ ਦੀ 10 ਏਕੜ ਜ਼ਮੀਨ ਹੈ। ਉਸਦੇ ਪਿਤਾ ਜਸਮੇਲ ਸਿੰਘ ਉਸਦੀ ਜ਼ਮੀਨ ਦਾ ਬਣਦਾ ਹਿੱਸਾ ਨਹੀਂ ਦੇ ਰਹੇ ਸਨ। ਪੰਚਾਇਤ ਵਿਚ ਫੈਸਲਾ ਹੋਇਆ ਜਿਸ ਵਿਚ ਉਸਦੇ ਪਿਤਾ ਨੇ ਉਸਦੇ ਹਿੱਸੇ ਦੀ ਜ਼ਮੀਨ ਦਾ ਠੇਕਾ ਦੇਣ ’ਤੇ ਸਹਿਮਤੀ ਕੀਤੀ। ਪਰ ਬਾਅਦ ਵਿਚ ਗੱਲ ਸਿਰੇ ਨਾ ਲਗਾਈ।
18 ਅਪ੍ਰੈਲ ਨੂੰ ਸਵੇਰੇ 9 ਵਜੇ ਜਦੋਂ ਉਹ ਡਿਊਟੀ ’ਤੇ ਜਾਣ ਲੱਗਾ ਤਾਂ ਉਸਦੇ ਪਿਤਾ ਜਸਮੇਲ ਸਿੰਘ ਤੋਂ ਇਲਾਵਾ ਸਰਬਜੀਤ ਸਿੰਘ ਪੁੱਤਰ ਕਰਤਾਰ ਸਿੰਘ, ਅਮੋਲਕ ਸਿੰਘ ਮੋਲਾ ਪੁੱਤਰ ਬਲਦੇਵ ਸਿੰਘ ਦਲਜੀਤ ਸਿੰਘ ਅਤੇ ਬਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਸਰਹਾਲੀ ਉਸਦੇ ਹਿੱਸੇ ਦੀ ਜ਼ਮੀਨ ’ਚੋਂ ਕਣਕ ਵੱਢ ਰਹੇ ਸੀ। ਉਸਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਲੋਕਾਂ ਨੇ ਹਥਿਆਰਾਂ ਨਾਲਲ ਹਮਲਾ ਕਰਕੇ ਉਸਨੂੰ ਜਖ਼ਮੀ ਕਰ ਦਿੱਤਾ। ਉਸਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਮੋਹਤਬਰਾਂ ਵਲੋਂ ਰਾਜੀਨਾਮੇ ਦੇ ਯਤਨ ਚੱਲ ਰਹੇ ਸੀ ਪਰ ਸਿਰੇ ਨਾ ਚੜ੍ਹਨ ਕਰਕੇ ਉਸਨੇ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ।
ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਚੌਕੀ ਨੌਸ਼ਹਿਰਾ ਪੰਨੂੰਆਂ ਦੇ ਏ.ਐੱਸ.ਆਈ. ਸਲਵਿੰਦਰ ਸਿੰਘ ਨੇ ਦੱਸਿਆ ਕਿ ਗੁਰਜਿੰਦਰਪਾਲ ਸਿੰਘ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ’ਤੇ ਉਕਤ ਸਾਰੇ ਲੋਕਾਂ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ।