ਬਿਜਲੀ ਦੇ ਲੰਬੇ-ਲੰਬੇ ਕੱਟਾਂ ਕਾਰਨ ਕਿਸਾਨ ਹੋ ਰਹੇ ਪਰੇਸ਼ਾਨ : ਢਿੱਲੋਂ
30 ਅਪ੍ਰੈਲ ਨੂੰ ਲਗਭਗ ਸਵੇਰੇ 10 ਵਜੇ ਭਰਵੇਂ ਇਕੱਠ ਨਾਲ ਲੰਬੇ ਤੇ ਰੋਜ਼ਾਨਾ ਬਿਜਲੀ ਕੱਟਾਂ ਵਿਰੁੱਧ ਰੋਸ ਮੁਜ਼ਾਹਰੇ ਕਰੇਗਾ।
Publish Date: Wed, 29 Apr 2026 06:15 PM (IST)
Updated Date: Thu, 30 Apr 2026 04:11 AM (IST)
ਸਰਬਜੀਤ ਸਿੰਘ ਛੀਨਾ•,ਪੰਜਾਬੀ ਜਾਗਰਣ, ਖਾਲੜਾ : ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਦੇਣ ਤੋਂ ਅਸਮਰੱਥ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਉਸ ਦੀ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਹਲਕਾ ਖੇਮਕਰਨ ਅਧੀਨ ਆਉਂਦੇ ਬਿਜਲੀ ਘਰ ਅਲਗੋਂ ਵਿਖੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ 30 ਅਪ੍ਰੈਲ ਨੂੰ ਲਗਭਗ ਸਵੇਰੇ 10 ਵਜੇ ਭਰਵੇਂ ਇਕੱਠ ਨਾਲ ਲੰਬੇ ਤੇ ਰੋਜ਼ਾਨਾ ਬਿਜਲੀ ਕੱਟਾਂ ਵਿਰੁੱਧ ਰੋਸ ਮੁਜ਼ਾਹਰੇ ਕਰੇਗਾ। ਇਹ ਜਾਣਕਾਰੀ ਸ਼੍ਰੋਮਣੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਨਗਰ ਪੰਚਾਇਤ ਪ੍ਰਧਾਨ ਅਮਰਜੀਤ ਸਿੰਘ ਢਿੱਲੋ ਵੱਲੋਂ ਦਿੱਤੀ ਗਈ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਇਹ ਫ਼ੈਸਲਾ ਪਾਰਟੀ ਸੁਪਰੀਮ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਨੁਸਾਰ ਪੰਜਾਬ ’ਚ ਵਿਗੜਦੀ ਬਿਜਲੀ ਸਥਿਤੀ ਦੇ ਮੱਦੇਨਜ਼ਰ ਲਿਆ ਹੈ। ਉਨ੍ਹਾਂ ਦੱਸਿਆ ਕਿ ਹਰ ਵਿਧਾਨ ਸਭਾ ਹਲਕੇ ਦੇ ਸੀਨੀਅਰ ਅਕਾਲੀ ਆਗੂ ਤੇ ਵਰਕਰ ਸਥਾਨਕ ਐੱਸਡੀਐੱਮ/ਡੀਸੀ ਜਾਂ ਪਾਵਰਕਾਮ ਦਫ਼ਤਰਾਂ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰਨਗੇ ਅਤੇ ਨਿਰਵਿਘਨ ਬਿਜਲੀ ਸਪਲਾਈ ਦੀ ਮੰਗ ਕਰਨਗੇ। ਇਹ ਭਿਆਨਕ ਬਿਜਲੀ ਕੱਟ ਅਚਾਨਕ ਨਹੀਂ ਹਨ। ਇਹ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੀ ਮਾੜੀ ਯੋਜਨਾਬੰਦੀ, ਸਮੇਂ ਸਿਰ ਬਿਜਲੀ ਸਮਝੌਤੇ ਕਰਨ ਵਿਚ ਅਸਫ਼ਲਤਾ ਤੇ ਪ੍ਰਸ਼ਾਸਕੀ ਅਯੋਗਤਾ ਦਾ ਨਤੀਜਾ ਹਨ।
ਇਸ ਸੰਕਟ ਨੂੰ ਹੱਲ ਕਰਨ ਦੀ ਬਜਾਏ, ਸਰਕਾਰ ਆਪਣੇ ਸੰਸਦ ਮੈਂਬਰਾਂ ਤੇ ਨੇਤਾਵਾਂ ਦੇ ਵੱਡੇ ਪੱਧਰ 'ਤੇ ਦਲ ਬਦਲੀ ਕਰਨ ਕਰ ਕੇ ਅੰਦਰੂਨੀ ਅਸਥਿਰਤਾ ਤੇ ਆਪਣੇ ਵਜੂਦ ਨੂੰ ਬਚਾਉਣ ਤੇ ਖ਼ਤਰਿਆਂ ਨੂੰ ਸੰਭਾਲਣ ’ਚ ਰੁੱਝੀ ਹੋਈ ਹੈ। ਪਰ ਪੰਜਾਬ ਦੀ ਜਨਤਾ ਭਾਰੀ ਗਰਮੀ ਦੀ ਮਾਰ ਝੱਲਦੀ ਹੋਈ ਤ੍ਰਾਹ-ਤ੍ਰਾਹ ਕਰ ਰਹੀ ਹੈ।